ਮੁਕੇਰੀਆਂ, 28 ਜੁਲਾਈ : ਮੁਕੇਰੀਆਂ ਹਲਕੇ ਵਿਚ ਅੰਨ੍ਹੇਵਾਹ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਰੋਕਣ ਲਈ ਅੱਜ ਯੂਥ ਅਕਾਲੀ ਦਲ ਦਾ ਇਕ ਵਫਦ ਸਕੱਤਰ ਜਨਰਲ ਸ੍ਰੀ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਮੌਕੇ ’ਤੇ ਪੁੱਜਾ।
ਅੱਜ ਇਥੇ ਨਜਾਇਜ਼ ਮਾਇਨਿੰਗ ਵਾਲੀ ਥਾਂ ਪੁੱਜੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰੀ ਸਰਬਜੋਤ ਸਿੰਘ ਸਾਬੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਜਾਇਜ਼ ਮਾਇਨਿੰਗ ਨੇ ਇਸ ਇਲਾਕੇ ਦੇ ਕਿਸਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਹਨਾਂ ਮਾਇਨਿੰਗ ਨਾਲ ਜ਼ਮੀਨ ਡੇਢ ਡੇਢ ਸੌ ਫੁੱਟ ਪੁੱਟ ਦਿੱਤੀ ਗਈ ਹੈ ਤੇ ਹੇਠੋਂ ਪਾਣੀ ਨਿਕਲ ਆਇਆ ਹੈ। ਉਹਨਾਂ ਕਿਹਾ ਕਿ ਇਸ ਨਜਾਇਜ਼ ਮਾਇਨਿੰਗ ਨੇ ਇਲਾਕੇ ਦੀ ਬਰਬਾਦੀ ਦਾ ਸਬੱਬ ਬਣਨਾ ਹੈ ਤੇ ਆਉਂਦੇ ਸਮੇਂ ਵਿਚ ਥੋੜ੍ਹਾ ਜਿਹਾ ਪਾਣੀ ਆਉਣ ’ਤੇ ਵੀ ਇਥੇ ਸਭ ਕੁਝ ਵਹਿ ਜਾਵੇਗਾ। ਉਹਨਾਂ ਕਿਹਾ ਕਿ ਇਸ ਅੰਨ੍ਹੇਵਾਹ ਕੀਤੀ ਜਾ ਰਹੀ ਮਾਇਨਿੰਗ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਇਸ ਕਰ ਕੇ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟਣ ਲੱਗੇ ਹਨ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਡੇਢ ਸਾਲ ਬਾਅਦ ਕਾਂਗਰਸ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ।
ਸ੍ਰੀ ਸਾਬੀ ਨੇ ਕਿਹਾ ਕਿ ਜੋ ਵੀ ਮਾਇਨਿੰਗ ਦਾ ਨਜਾਇਜ਼ ਕੰਮ ਚਲ ਰਿਹਾ ਹੈ, ਇਸ ਵਿਚੋਂ ਮੁੱਖ ਮੰਤਰੀ, ਮੰਤਰੀਆਂ, ਵਿਧਾਇਕਾਂ ਤੇ ਹੋਰ ਅਧਿਕਾਰੀਆਂ ਨੂੰ ਹਿੱਸਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਿਨਾਂ ਮੁੱਖ ਮੰਤਰੀ ਦੀ ਸਹਿਮਤੀ ਦੇ ਇਸ ਤਰੀਕੇ ਮਾਇਨਿੰਗ ਕਰਨਾ ਅਸੰਭਵ ਹੈ। ਉਹਨਾਂ ਕਿਹਾ ਕਿ ਸਥਾਨਕ ਵਿਧਾਇਕ ਤੇ ਅਫਸਰਸ਼ਾਹੀ ਇਸ ਨਜਾਇਜ਼ ਮਾਇਨਿੰਗ ਵਿਚ ਬਰਾਬਰ ਦੀ ਭਾਈਵਾਲ ਹੈ।
ਉਹਨਾਂ ਐਲਾਨ ਕੀਤਾ ਕਿ ਉਹ ਆਉਂਦੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਲੀਡਰਸ਼ਿਪ ਹਜ਼ਾਰਾਂ ਸਾਥੀਆਂ ਸਮੇਤ ਮੌਕੇ ’ਤੇ ਧਰਨਾ ਦੇਣਗੇ ਅਤੇ ਨਜਾਇਜ਼ ਮਾਇਨਿੰਗ ਕਰਨ ਵਾਲਿਆਂ ਦਾ ਕੰਮ ਬੰਦ ਕਰਵਾ ਕੇ ਹੀ ਸਾਹ ਲੈਣਗੇ। ਉਹਨਾਂ ਕਿਹਾ ਕਿ ਜੇਕਰ ਇਹਨਾਂ ਕੋਲ ਕੋਈ ਪਰਮੀਸ਼ਨ ਹੈ ਤਾਂ ਉਹ ਮੌਕੇ ’ਤੇ ਵਿਖਾਉਣ ਨਹੀਂ ਤਾਂ ਮਾਇਨਿੰਗ ਨਹੀਂ ਕਰਨ ਦਿੱਤੀ ਜਾਵੇਗੀ।
ਮੌਕੇ ’ਤੇ ਪੁੱਜੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਨਜਾਇਜ਼ ਮਾਇਨਿੰਗ ਬੰਦ ਕਰਵਾਉਣ ਲਈ ਲੀਗਲ ਨੋਟਿਸ ਭੇਜੇ ਹਨ ਤੇ ਜੇਕਰ ਫਿਰ ਵੀ ਮਾਇਨਿੰਗ ਨਾ ਰੁਕੀ ਤਾਂ ਹਾਈ ਕੋਰਟ ਦਾ ਰੁੱਖ ਵੀ ਕੀਤਾ ਜਾਵੇਗਾ ਅਤੇ ਧਰਨਾ ਵੀ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਥੇ ਕਦੇ ਮਾਇਨਿੰਗ ਨਹੀਂ ਹੋਈ ਸੀ ਪਰ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਹੈ, ਇਥੇ ਨਜਾਇਜ਼ ਮਾਇਨਿੰਗ ਦਾ ਕੰਮ ਸ਼ੁਰੂ ਹੋਇਆ ਹੈ ਜਿਸਨੇ ਇਲਾਕਾ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਨਜਾਇਜ਼ ਮਾਇਨਿੰਗ ਵਾਲਿਆਂ ਨੇ ਸਾਡੀਆਂ ਜ਼ਮੀਨਾਂ ਨੂੰ ਖੂਹ ਬਣਾ ਕੇ ਰੱਖ ਦਿੱਤਾ ਹੈ।
ਇਸ ਮੌਕੇ ਕ੍ਰਿਪਾਲ ਸਿੰਘ ਗੇਰਾ, ਲਖਵਿੰਦਰ ਸਿੰਘ ਟਿੰਮੀ, ਲਖਵੀਰ ਸਿੰਘ ਮਾਨਾ, ਮੇਜਰ ਸਿੰਘ ਮਹਿਤਪੁਰ, ਰਵਿੰਦਰ ਸਿੰਘ ਪਾਹੜਾ, ਮਨਜੀਤ ਸਿੰਘ ਪੋਲਪੁਰ, ਬਲਦੇਵ ਸਿੰਘ ਪੋਲਪੁਰ, ਰਣਜੀਤ ਸਿੰਘ ਡਾਲੋਵਾਲ ਅਤੇ ਰਾਜ ਬਲਜਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।