ਪੰਜਾਬ 'ਚ ਮਾਲ ਗੱਡੀਆਂ ਦੀਆਂ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਮੰਗ
ਟਕਰਾਅ ਦਾ ਰਾਹ ਛੱਡਣ ਦੀ ਕੀਤੀ ਅਪੀਲ
ਚੰਡੀਗੜ•, 26 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਰੋਕ ਲਾਉਣ ਨਾਲ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਦੇ ਅਰਥਚਾਰੇ ਵਿਚ ਖੜੋਤ ਆਉਣ ਅਤੇ ਅਰਥਚਾਰਾ ਤਬਾਹ ਹੋਣ ਦਾ ਖਦਸ਼ਾ ਹੈ ਜਦਕਿ ਇਸ ਨਾਲ ਆਮ ਲੋਕਾਂ ਨੂੰ ਬੇਅੰਤ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਰਵੱਈਆ ਵਿਚੋਂ ਬੇਲੋੜੇ ਤੇ ਬਦਸ਼ਗਨੇ ਟਕਰਾਅ ਦੀ ਬਦਬੂ ਆ ਰਹੀ ਹੈ ਜੋ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੈ।
ਸ੍ਰੀ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਆਮ ਵਾਂਗ ਬਹਾਲ ਕੀਤੀਆਂ ਜਾਣ। ਉਹਨਾਂ ਕਿਹਾ ਕਿ ਪੰਜਾਬ ਵਿਚ ਮਾਲ ਗੱਡੀਆਂ ਦੀ ਆਮਦ 'ਤੇ ਪਾਬੰਦੀ ਵਿਚ ਵਾਧਾ ਕਰਨ ਦੇ ਫੈਸਲੇ ਨਾਲ ਸੂਬੇ ਵਿਚ ਸਾਰਾ ਉਦਯੋਗ ਤੇ ਵਪਾਰ ਤਬਾਹ ਹੋ ਜਾਵੇਗਾ ਤੇ ਖੇਤੀਬਾੜੀ ਨੂੰ ਵੀ ਨੁਕਸਾਨ ਪੁੱਜੇਗਾ। ਉਹਨਾਂ ਕਿਹਾ ਕਿ ਇਹ ਫੈਸਲਾ ਤੁਰੰਤ ਖਾਰਜ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਲੋਕਤੰਤਰੀ ਹੱਕ ਮੰਗੇ ਜਾਣ ਦੀ ਸਜ਼ਾ ਨਾ ਦਿੱਤੀ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੀਆਂ ਰੇਲ ਪਟੜੀਆਂ 'ਤੇ ਰੇਲਾਂ ਚਲੱਣੀਆਂ ਹਨ, ਉਹ ਖੁੱਲ•ੀਆਂ ਹਨ ਅਤੇ ਵਰਤੋਂ ਯੋਗ ਹਨ। ਉਹਨਾਂ ਕਿਹਾ ਕਿ ਮਾਲ ਗੱਡੀਆਂ ਦੀਆਂ ਸੇਵਾਵਾਂ 'ਤੇ ਇਸ ਤਰੀਕੇ ਪਾਬੰਦੀ ਲਾਉਣ ਦਾ ਕੋਈ ਆਧਾਰ ਨਹੀਂ ਹੈ ਤੇ ਇਹ ਸੇਵਾਵਾਂ ਤੁਰੰਤ ਬਹਾਲ ਹੋਣੀਆਂ ਚਾਹੀਦੀਆਂ ਹਨ।
ਸ੍ਰੀ ਬਾਦਲ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਟਕਰਾਅ ਦੇ ਰਾਹ ਚਲ ਕੇ ਨਿਪਟਣ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਸ ਨਾਲ ਇਥੇ ਸ਼ਾਂਤੀ ਤੇ ਆਰਥਿਕ ਤੇ ਸਮਾਜਿਕ ਸਥਿਰਤਾ 'ਤੇ ਚਿਰ ਕਾਲੀ ਮਾਰੂ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਟਕਰਾਅ ਸਾਡੇ ਸਾਰਿਆਂ ਲਈ ਨੁਕਸਾਨਦਾਇਕ ਹੈ ਤੇ ਇਹ ਦੇਸ਼ ਲਈ ਹਾਨੀਕਾਰਕ ਹੈ।
ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਮਸਲੇ ਦੇ ਹੱਲ ਲਈ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ ਹੈ ਤੇ ਇਸ ਸਬੰਧ ਵਿਚ ਕਿਸਾਨਾਂ ਦੇ ਤੌਖਲੇ ਦੂਰ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਲੋਕ ਮੰਗਾਂ ਤੇ ਸੰਘਰਸ਼ਾਂ ਨਾਲ ਸਿਰਫ ਗੱਲਬਾਤ ਰਾਹੀਂ ਹੀ ਨਿਪਟਿਆ ਜਾ ਸਕਦਾ ਹੈ। ਉਹਨਾਂ ਚੌਕਸ ਕੀਤਾ ਕਿ ਲੋਕਾਂ ਦੀਆਂ ਮੰਗਾਂ ਤੇ ਰੋਹ ਦਾ ਜਵਾਬ ਬਦਲਾਖੋਰੀ ਨਾਲ ਦੇਣ ਨਾਲ ਮਸਲਾ ਹੱਲ ਹੋਣ ਦੀ ਥਾਂ ਉਲਟਾ ਹੋਰ ਉਲਝ ਜਾਂਦਾ ਹੈ।
ਸ੍ਰੀ ਬਾਦਲ ਨੇ ਆਸ ਪ੍ਰਗਟ ਕੀਤੀ ਕਿ ਕਿਸਾਨ ਜਥੇਬੰਦੀਆਂ ਵੀ ਸੂਬੇ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣੀਆਂ ਅਤੇ ਸੂਬੇ ਦੀਆਂ ਜ਼ਰੂਰੀ ਸੇਵਾਵਾਂ ਵਿਚ ਵਿਘਨ ਨਹੀਂ ਪਾਉਣਗੀਆਂ ਤੇ ਇਸ ਤਰੀਕੇ ਆਮ ਪੰਜਾਬੀਆਂ ਖਾਸ ਤੌਰ 'ਤੇ ਗਰੀਬਾਂ ਨੂੰ ਮੁਸ਼ਕਿਲਾਂ ਨਹੀਂ ਆਉਣ ਦੇਣਗੀਆਂ। ਉਹਨਾਂ ਕਿਹਾ ਕਿ ਪੰਜਾਬ ਸਾਡਾ ਸਭ ਦਾ ਹੈ, ਇਸਦੀ ਭਲਾਈ ਤੇ ਤਰੱਕੀ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।