ਜਲੰਧਰ/03 ਅਪ੍ਰੈਲ: ਸਾਬਕਾ ਵਿਧਾਨ ਸਭਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਕਿਹਾ ਕਿ ਵੇਰਕਾ ਵਿਖੇ ਉੱਘੇ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਕੇ ਪੂਰੇ ਮਜ਼ਬ੍ਹੀ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਸਨ ਕਿ ਇੱਕ ਮਹਾਨ ਰਾਗੀ ਦੇ ਮ੍ਰਿਤਕ ਸਰੀਰ ਦਾ ਇਸ ਢੰਗ ਨਾਲ ਨਿਰਾਦਰ ਕੀਤੇ ਜਾਣ ਦੀ ਨੌਬਤ ਨਾ ਆਉਂਦੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਰਕਾਰੀ ਮਸ਼ੀਨਰੀ ਨੇ ਮੰਨੂਵਾਦੀ ਸੋਚ ਨੂੰ ਹਾਵੀ ਹੋਣ ਦਿੱਤਾ ਅਤੇ ਦੇਸ਼ ਅੰਦਰ ਪ੍ਰਦਮ ਸ੍ਰੀ ਐਵਾਰਡ ਹਾਸਿਲ ਕਰਨ ਵਾਲੇ ਪਹਿਲੇ ਸਿੱਖ ਕੀਰਤਨੀਏ ਦਾ ਇਸ ਤਰ੍ਹਾਂ ਅਪਮਾਨ ਹੋਣ ਦਿੱਤਾ। ਉਹਨਾਂ ਕਿਹਾ ਕਿ ਇਹ ਗੱਲ ਹੋਰ ਵੀ ਨਿੰਦਣਯੋਗ ਹੈ ਕਿ ਸੂਬਾ ਸਰਕਾਰ ਨੇ ਭਾਈ ਖਾਲਸਾ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਨਹੀਂ ਕੀਤਾ, ਜਦਕਿ ਉਹਨਾਂ ਵੱਲੋਂ ਸਿੱਖ ਭਾਈਚਾਰੇ ਅਤੇ ਪੰਜਾਬ ਵਾਸਤੇ ਨਿਭਾਈ ਸੇਵਾ ਸਦਕਾ ਉਹ ਇਸ ਦੇ ਹੱਕਦਾਰ ਸਨ।
ਸਾਬਕਾ ਸਪੀਕਰ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਭਾਈ ਖਾਲਸਾ ਦੀ ਮ੍ਰਿਤਕ ਦੇਹ ਨਾਲ ਕੀਤੀ ਬਦਸਲੂਕੀ ਲਈ ਉਹਨਾਂ ਦੇ ਪਰਿਵਾਰ ਕੋਲੋਂ ਮੁਆਫੀ ਮੰਗੇ ਅਤੇ ਇਸ ਸੰਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰੇ ਤਾਂ ਕਿ ਦੁਬਾਰਾ ਜਾਤੀ ਦੇ ਅਧਾਰ ਉੱਤੇ ਕਿਸੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਲਿਤ ਭਾਈਚਾਰੇ ਵੱਲੋਂ ਕੀਤੀ ਦਹਾਕਿਆਂ ਦੀ ਤਰੱਕੀ ਉੱਤੇ ਮਿੱਟੀ ਪਾ ਦਿੰਦੀਆਂ ਹਨ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਡਾਕਟਰ ਅਟਵਾਲ ਨੇ ਪੰਜਾਬੀਆਂ ਨੂੰ ਕੋਵਿਡ-19 ਵਾਇਰਸ ਦੇ ਲੱਛਣਾਂ ਨੂੰ ਸਮਝਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਅਜਿਹੀਆਂ ਝੂਠੀਆਂ ਅਫਵਾਹਾਂ ਨਾ ਫੈਲਾਉਣ, ਜਿਸ ਨਾਲ ਇਸ ਦੇ ਪੀੜਤਾਂ ਨੂੰ ਸਮਾਜ ਛੇਕਣਾ ਸ਼ੁਰੂ ਕਰ ਦੇਵੇ ਅਤੇ ਮੌਤ ਮਗਰੋਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨਾਲ ਬਦਸਲੂਕੀ ਹੋਵੇ। ਉਹਨਾਂ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬੀਆਂ ਨੂੰ ਲਾਈ ਗਈ ਮੌਜੂਦਾ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਵੀ ਅਪੀਲ ਕੀਤੀ।