ਕਿਹਾ ਕਿ ਮੁੱਖ ਮੰਤਰੀ ਦੇ ਭਤੀਜੇ ਭੁਪਿੰਦਰ ਹਨੀ ਦੇ ਠਿਕਾਣਿਆਂ ’ਤੇ ਛਾਪਿਆ ਨੇ ਅਕਾਲੀ ਦਲ ਦਾ ਦਾਅਵਾ ਸੱਚ ਸਾਬਤ ਕੀਤਾ ਕਿ ਚੰਨੀ ਹੀ ਸੂਬੇ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਹੇ ਹਨ
ਜਲੰਧਰ, 18 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਉਮੀਦਵਾਰ ਅਸਲ ਵਿਚ ਡੰਮੀ ਚੇਹਰਾ ਹੈ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਇਸ ਅਹੁਦੇ ਲਈ ਅਸਲ ਦਾਅਵੇਦਾਰ ਹਨ।
ਅਕਾਲੀ ਦਲ ਦੇ ਪ੍ਰਧਾਨ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਠਿਕਾਣਿਆਂ ’ਤੇ ਈ ਡੀ ਦੇ ਛਾਪਿਆਂ ਨੇ ਅਕਾਲੀ ਦਲ ਦਾ ਦਾਅਵਾ ਸਹੀ ਸਾਬਤ ਕੀਤਾ ਹੈ ਕਿ ਮੁੱਖ ਮੰਤਰੀ ਆਪ ਸੂਬੇ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਮਾਫੀਆ ਨੇ ਸੈਂਕੜੇ ਕਰੋੜ ਰਪੁਏ ਇਕੱਤਰ ਕੀਤੇ ਹਨ ਤੇ ਹਨੀ ਉਹਨਾਂ ਦਾ ਮੁੱਖ ਕਲੈਕਸ਼ਨ ਏਜੰਟ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਦਾਰ ਚੰਨੀ ਉਹਨਾਂ ਦੇ ਜੱਦੀ ਹਲਕੇ ਵਿਚ ਰੇਤ ਮਾਫੀਆ ਬੇਨਕਾਬ ਹੋਣ ਮਗਰੋਂ ਉਸਦੇ ਬਚਾਅ ਵਿਚ ਨਿੱਤਰੇ ਸਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ‘ਇਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਹੇਠ ਪੰਜਾਬ ਚੋਣਾਂ ਲਈ ਚੋਣ ਮੁਹਿੰਮ ਚਲਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਉਸਨੇ ਆਪਣਾ ਨਾਅਰਾ ‘ਇਕ ਮੌਕਾ ਭਗਵੰਤ ਮਾਨ ਨੁੰ’ ਕਰ ਦਿੱਤਾ ਹੈ ਤਾਂ ਕੀ ਉਹ ਸੂਬੇ ਭਰ ਵਿਚ ਲੱਗੇ ਆਪਣੇ ਬੋਰਡ ਲਾਹ ਦੇਵੇਗੀ ? ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣ ਵਾਲਾ ਕਿਉਂਕਿ ਸ੍ਰੀ ਕੇਜਰੀਵਾਲ ਹੀ ਪੰਜਾਬ ਵਿਚ ਪਾਰਟੀ ਦਾ ਅਸਲ ਚੇਹਰਾ ਹਨ।
ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਆਪ ਅਨੇਕਾਂ ਮੌਕਿਆਂ ’ਤੇ ਸ੍ਰੀ ਭਗਵੰਤ ਮਾਨ ਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਪਾਰਟੀ ਦਾ ਚੇਹਰਾ ਮੰਨਣ ਤੋਂ ਇਨਕਾਰ ਕੀਤਾ ਹੈ। ਜਦੋਂ ਭਗਵੰਤ ਮਾਨ ਉਹਨਾਂ ਦੇ ਨਾਲ ਬੈਠੇ ਹੁੰਦੇ ਸਨ ਤਾਂ ਉਦੋਂ ਵੀ ਸ੍ਰੀ ਕੇਜਰੀਵਾਲ ਇਹ ਆਖਦੇ ਸਨ ਕਿ ਪਾਰਟੀ ਚੰਗੇ ਉਮੀਦਵਾਰ ਦੀ ਤਲਾਸ਼ ਵਿਚ ਹੈ। ਉਹਨਾਂ ਕਿਹਾ ਕਿ ਪਾਰਟੀ ਨੁੰ ਭਗਵੰਤ ਮਾਨ ਨੁੰ ਚੁਣਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਸ ਵੱਲੋਂ ਜਿਸ ਕਿਸੇ ਵੀ ਉਮੀਦਵਾਰ ਕੋਲ ਪਹੁੰਚ ਕੀਤੀ ਗਈ, ਉਸਨੇ ਮੁੱਖ ਮੰਤਰੀ ਦਾ ਚੇਹਰਾ ਬਣਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਆਪ ਕੋਲ ਜਦੋਂ ਕੋਈ ਹੋਰ ਰਾਹ ਨਹੀਂ ਰਹਿ ਗਿਆ ਤਾਂ ਉਹਨਾਂ ਉਸਨੇ ਭਗਵੰਤ ਮਾਨ ਨੁੰ ਚੁਣ ਲਿਆ ਤੇ ਜਾਅਲੀ ਸਰਵੇਖਣ ਦੀ ਆਪਣੀ ਕਾਰਵਾਈ ਸਹੀ ਕਰਾਰ ਦਿੱਤੀ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ। ਉਹਨਾਂ ਕਿਹਾ ਕਿ ਉਹ ਤਾਂ ਸੂਬੇ ਦੀ ਅਗਵਾਈ ਕਰਨ ਦੇ ਯੋਗ ਹੀ ਨਹੀਂ ਹੈ। ਉਹਨਾਂ ਦੱਸਿਆ ਕਿ ਕਿਵੇਂ ਭਗਵੰਤ ਮਾਨ ਨੇ ਆਪਣੀ ਮਾਂ ਦੀ ਝੁਠੀ ਸਹੁੰ ਚੁੱਕੀ ਸੀ ਕਿ ਉਹ ਕਦੇ ਸ਼ਰਾਬ ਨਹੀਂ ਪੀਣਗੇ ਪਰ ਤੁਰੰਤ ਬਾਅਦ ਹੀ ਸ਼ਰਾਬ ਪੀਣ ਲੱਗ ਪਏ ਸਨ। ਉਹਨਾਂ ਕਿਹਾ ਕਿ ਪੰਜਾਬੀ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਗਵੰਤ ਮਾਨ ਨੇ ਸ਼ਰਾਬੀ ਹੋ ਕੇ ਕੀ ਕੀ ਕਾਰੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਉਸਦੀ ਲੀਡਰਸ਼ਿਪ ਵਿਚ ਭਰੋਸਾ ਨਹੀਂ ਪ੍ਰਗਟਾ ਸਕਦੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇੰਨੇ ਲੋਲੜ ਨਹੀਂ ਤੇ ਆਪ ਦੇ ਮਨਸੂਬਿਆਂ ਨੂੰ ਵੇਖ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬੀ ਅਜਿਹੀ ਲੀਡਰਸ਼ਿਪ ਚਾਹੁੰਦੇ ਹਨ ਜੋ ਸੂਬੇ ਦੇ ਭਵਿੱਖ ਲਈ ਮਜ਼ਬੂਤ ਫੈਸਲੇ ਲੈ ਸਕੇ। ਉਹਨਾਂ ਕਿਹਾ ਕਿ ਪੰਜਾਬੀ ਉਸ ਪਾਰਟੀ ’ਤੇ ਵਿਸ਼ਵਾਸ ਕਰਨਗੇ ਜਿਸਦਾ ਰਿਕਾਰਡ ਵਿਕਾਸ ਕਰਨ ਦੇ ਨਾਲ ਨਾਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਦਾ ਚੰਗਾ ਰਿਕਾਰਡ ਹੋਵੇ।
ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਦੱਸਿਆ ਕਿ ਪਿਛਲੀ ਵਾਰ ਵਾਂਗੂ ਆਪ ਇਸ ਵਾਰ ਵੀ ਸਭ ਤੋਂ ਵੱਧ ਬੋਲੀ ਲਾਉਣ ਵਾਲੇ ਲਈ ਟਿਕਟਾਂ ਵੇਚ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਜਿਹਨਾਂ ਭ੍ਰਿਸ਼ਟ ਆਗੂਆਂ ਨੁੰ ਲੋਕਾਂ ਨੇ ਠੁਕਰਾਇਆ ਹੋਇਆ ਹੈ, ਪਾਰਟੀ ਉਹਨਾਂ ਨੂੰ ਹੀ ਪੈਸੇ ਲੈ ਕੇ ਆਪਣਾ ਉਮੀਦਵਾਰ ਬਣਾ ਰਹੀ ਹੈ।
ਦਿਨ ਭਰ ਸਰਦਾਰ ਬਾਦਲ ਨੇ ਜਲੰਧਰ ਜ਼ਿਲ੍ਹੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਵਧੇਰੇ ਚੰਗੇ ਤਾਲਮੇਲ ਲਈ ਦੋਹਾਂ ਪਾਰਟੀਆਂ ਦੇ ਆਗੂਆਂ ਦੀਆਂ ਮੀਟਿੰਗਾਂ ਲਈਆਂ। ਇਸ ਮੌਕੇ ਸੀਨੀਅਰ ਭਾਜਪਾ ਆਗੂ ਤੇ ਮੌਜੂਦਾ ਕੌਂਸਲਰ ਮਨਜਿੰਦਰ ਸਿੰਘ ਚੱਠਾ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸਰਦਾਰ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵੀ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਮੰਨਣ, ਡਾ. ਨਛੱਤਰ ਪਾਲ, ਅਨਿਲ ਕੁਮਾਰ, ਬਲਵਿੰਦਰ ਕੁਮਾਰ, ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਸ੍ਰੀ ਚੰਦਨ ਗਰੇਵਾਲ ਵੀ ਮੌਜੂਦ ਸਨ।