ਕਿਹਾ ਕਿ ਸਿਹਤ ਮੰਤਰੀ ਆਪ ਅਤੇ ਪੰਜਾਬ ਏਕਤਾ ਪਾਰਟੀ ਨਾਲ ਮਿਲ ਕੇ ਏਮਜ਼ ਬਠਿੰਡਾ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਕਿਉਂ ਰਚ ਰਹੇ ਹਨ
ਬਠਿੰਡਾ/23 ਮਾਰਚ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਕਿ ਉਹ ਜੁਆਬ ਦੇਣ ਕਿ ਉਹਨਾਂ ਆਪਣੀ ਬਣਦੀ ਡਿਊਟੀ ਕਿਉਂ ਨਹੀਂ ਕੀਤੀ ਅਤੇ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਸਥਾਪਤ ਕਰਨ ਵਾਸਤੇ ਕੇਂਦਰ ਤਕ ਪਹੁੰਚ ਕਿਉਂ ਨਹੀਂ ਕੀਤੀ। ਉਹਨਾਂ ਇਹ ਵੀ ਪੁੱਛਿਆ ਕਿ ਸਿਹਤ ਮੰਤਰੀ ਆਪ ਅਤੇ ਪੰਜਾਬ ਏਕਤਾ ਪਾਰਟੀ ਨਾਲ ਮਿਲ ਕੇ ਏਮਜ਼ ਬਠਿੰਡਾ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਦੀ ਸਾਜ਼ਿਸ਼ ਕਿਉਂ ਰਚ ਰਹੇ ਹਨ?
ਕਾਂਗਰਸੀ ਮੰਤਰੀ ਨੂੰ ਤੁਰੰਤ ਆਪਣੇ ਕੰਮ ਵਿਚ ਫੁਰਤੀ ਲਿਆਉਣ ਲਈ ਆਖਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿਖੇ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਸਥਾਪਤ ਕਰਨ ਲਈ ਹਰੀ ਝੰਡੀ ਦੇ ਕੇ ਨੌਜਵਾਨਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰਨ। ਉਹਨਾਂ ਕਿਹਾ ਕਿ ਤੁਹਾਨੂੰ ਇਸੇ ਲਈ ਚੁਣਿਆ ਗਿਆ ਹੈ।ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਵਾਉਣ ਲਈ ਤੁਹਾਨੂੰ ਦਿੱਲੀ ਜਾਣਾ ਚਾਹੀਦਾ ਸੀ। ਇਸ ਦੀ ਬਜਾਇ ਤੁਸੀਂ ਏਮਜ਼ ਬਠਿੰਡਾ ਨੂੰ ਲੀਹੋਂ ਲਾਹੁਣ ਲਈ ਰਚੀ ਸਾਜ਼ਿਸ਼ ਵਿਚ ਭਾਗੀਦਾਰ ਬਣ ਰਹੇ ਹੋ, ਤਾਂਕਿ ਇਸ ਵੱਕਾਰੀ ਮੈਡੀਕਲ ਕਾਲਜ ਨੂੰ ਇਸ ਹਲਕੇ ਵਿਚ ਲਿਆਉਣ ਦਾ ਸਿਹਰਾ ਮੈਨੂੰ ਨਾ ਮਿਲੇ।
ਬੀਬੀ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੀਜੀਆਈ ਦੀ ਮਾਹਿਰ ਕਮੇਟੀ ਇਹ ਸਿਫਾਰਿਸ਼ ਕਰ ਚੁੱਕੀ ਹੈ ਕਿ ਏਮਜ਼ ਬਠਿੰਡਾ ਦਾ ਆਰਜ਼ੀ ਕੈਂਪਸ ਫਰੀਦਕੋਟ ਵਿਖੇ ਸਥਾਪਤ ਕੀਤਾ ਜਾਵੇ ਤਾਂ ਕਿ 2019-20 ਅਕਾਦਮਿਕ ਵਰ•ੇ ਲਈ ਐਮਬੀਬੀਐਸ ਦੇ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ ਹੋ ਸਕਣ। ਉਹਨਾਂ ਕਿਹਾ ਕਿ ਬਤੌਰ ਸਿਹਤ ਮੰਤਰੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ।ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕੇ ਵਿਚ ਪੈਣ ਵਾਲੇ ਇਸ ਵੱਕਾਰੀ ਪ੍ਰਾਜੈਕਟ ਵਾਸਤੇ ਆਰਜ਼ੀ ਕੈਂਪਸ ਸ਼ੁਰੂ ਕਰਨ ਤੋਂ ਕਾਂਗਰਸ ਸਰਕਾਰ ਦੇ ਪੈਰ ਪਿਛਾਂਹ ਖਿੱਚਣ ਦੀ ਕੋਈ ਵਜ•ਾ ਨਹੀਂ ਬਣਦੀ। ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਵਿੱਤ ਮੰਤਰੀ, ਆਪ ਦੇ ਸਟੇਟ ਕਨਵੀਨਰ ਭਗਵੰਤ ਮਾਨ ਅਤੇ ਪੀਈਪੀ ਦੇ ਆਗੂ ਸੁਖਪਾਲ ਖਹਿਰਾ ਨੇ ਏਮਜ਼ ਬਠਿੰਡਾ ਪ੍ਰਾਜੈਕਟ ਨੂੰ ਲੀਹੋਂ ਲਾਹੁਣ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝੇ ਕਰਨ ਵਾਸਤੇ ਆਪਸ ਵਿਚ ਹੱਥ ਮਿਲਾ ਲਏ ਹਨ।
ਬਠਿੰਡਾ ਸਾਂਸਦ ਨੇ ਕਿਹਾ ਕਿ ਇਹ ਮੂਰਖ ਬਣਾਉਣ ਵਾਲੀ ਗੱਲ ਹੈ ਕਿ ਬ੍ਰਹਮ ਮਹਿੰਦਰਾ ਅਤੇ ਉਹਨਾਂ ਦੇ ਦਫ਼ਤਰ ਨੂੰ ਪੀਜੀਆਈ ਦੀ ਮਾਹਿਰ ਕਮੇਟੀ ਦੀ ਸਿਫਾਰਿਸ਼ ਸਮਝ ਨਹੀਂ ਆਈ, ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸੰਸਥਾਗਤ ਪ੍ਰਬੰਧ (ਆਰਜ਼ੀ ਕੈਪਸ ਲਈ) ਬਾਬਾ ਫਰੀਦ ਯੂਨੀਵਰਸਿਟੀ ਅਤੇ ਏਮਜ਼ ਬਠਿੰਡਾ ਵਿਚਕਾਰ ਕੀਤੇ ਜਾਣਗੇ। ਬੀਬੀ ਬਾਦਲ ਨੇ ਕਿਹਾ ਕਿ ਕੇਂਦਰੀ ਮੰਤਰਾਲਾ ਅਤੇ ਏਮਜ਼ ਬਠਿੰਡਾ ਦੀ ਨਿਗਰਾਨ ਸੰਸਥਾ ਪੀਜੀਆਈ ਚੰਡੀਗੜ• ਆਰਜ਼ੀ ਕੈਪਸ ਲਈ ਮਨਜ਼ੂਰੀ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਪਰੰਤੂ ਪੰਜਾਬ ਸਰਕਾਰ, ਜਿਸ ਨੂੰ ਇਸ ਸਿਫਾਰਿਸ਼ ਉਤੇ ਸਭ ਤੋਂ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ, ਇਸ ਮੁੱਦੇ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਾਣ ਬੁੱਝ ਕੇ ਪ੍ਰਾਜੈਕਟ ਨੂੰ ਲੀਹੋਂ ਲਾਹ ਰਹੀ ਹੈ।
ਬੀਬੀ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਆਪਣੀ ਡਿਊਟੀ ਕਰਨ ਦੀ ਬਜਾਇ ਸਿਹਤ ਮੰਤਰੀ ਉਹਨਾਂ ਵੱਲੋਂ ਕਾਂਗਰਸ ਸਰਕਾਰ ਦੀ ਨਲਾਇਕੀ ਕਰਕੇ ਨੌਜਵਾਨਾਂ ਦਾ ਇਕ ਸਾਲ ਖਰਾਬ ਹੋਣ ਤੋਂ ਬਚਾਉਣ ਲਈ ਇਸ ਪ੍ਰਾਜੈਕਟ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਦਿਖਾਈ ਜਾ ਰਹੀ ਸਰਗਰਮੀ ਵਾਸਤੇ ਵੀ ਕੇਂਦਰੀ ਮੰਤਰੀ ਨੂੰ
ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈ ਆਪਣੇ ਵੱਲੋਂ ਵਧੀਆ ਕੰਮ ਕੀਤਾ ਹੈ। ਮੈਂ ਫਰੀਦਕੋਟ ਵਿਖੇ ਏਮਜ਼ ਬਠਿੰਡਾ ਦੀਆਂ ਕਲਾਸਾਂ ਸ਼ੁਰੂ ਕਰਵਾਉਣ ਲਈ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਗੱਲਬਾਤ ਕੀਤੀ ਅਤੇ ਇੱਥੋਂ ਤਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖੀ। ਉਹਨਾਂ ਕਿਹਾ ਕਿ ਸਿਰਫ ਪੰਜਾਬ ਸਰਕਾਰ ਨੂੰ ਛੱਡ ਕੇ ਸਾਰਿਆਂ ਦਾ ਹਾਂ-ਪੱਖੀ ਹੁੰਗਾਰਾ ਮਿਲਿਆ, ਜਿਹੜੀ ਕਿ ਅਜੇ ਵੀ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਬੜੇ ਅਫੋਸਸ ਦੀ ਗੱਲ ਹੈ ਕਿ ਇਸ ਮੁੱਦੇ ਦਾ ਇਸ ਹੱਦ ਤਕ ਸਿਆਸੀਕਰਨ ਕਰ ਦਿੱਤਾ ਗਿਆ ਹੈ ਕਿ ਸਿਹਤ ਮੰਤਰੀ ਨੂੰ ਆਪਣੇ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਵੀ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਸਿਰਫ ਇਹੀ ਕਹਿ ਸਕਦੀ ਹਾਂ ਕਿ 19 ਮਈ ਨੂੰ ਨੌਜਵਾਨ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਇੱਕ ਕਰਾਰ ਸਬਕ ਸਿਖਾਉਣਗੇ।