ਜਲੰਧਰ/ਫਗਵਾੜਾ/16 ਮਾਰਚ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ ਅਖੌਤੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਚੋਣ ਲੜਦੇ ਹਨ ਤਾਂ ਉਹ ਸ਼ਰਤੀਆ ਆਪਣੇ ਹਲਕੇ ਵਿਚੋਂ ਵੀ ਆਪਣੀ ਜ਼ਮਾਨਤ ਜ਼ਬਤ ਕਰਵਾਉਣਗੇ। ਇਸ ਦੇ ਨਾਲ ਹੀ ਉਹਨਾਂ ਤਿੰਨੇ ਪਾਰਟੀ ਵਿਚੋਂ ਕੱਢੇ ਅਕਾਲੀ ਆਗੂਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਮੈਦਾਨ ਵਿਚ ਆ ਕੇ ਆਪਣੀ ਸਿਆਸੀ ਤਾਕਤ ਨੂੰ ਪਰਖਣ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਜਲੰਧਰ ਲੋਕ ਸਭਾ ਸੀਟ ਤੋਂ ਸਰਦਾਰ ਚਰਨਜੀਤ ਸਿੰਘ ਅਟਵਾਲ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਥਕ ਮੁੱਦਿਆਂ ਅਤੇ ਆਪਣੀ ਅਸਲੀਅਤ ਬਾਰੇ ਝੂਠ ਬੋਲ ਕੇ ਇਹ ਅਖੌਤੀ ਟਕਸਾਲੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਾਰੀਆਂ ਪਾਰਟੀਆਂ ਦਾ ਨਕਾਰਿਆ ਹੋਇਆ ਮਾਲ ਹੈ, ਜਿਹਨਾਂ ਨੇ ਇਕੱਠੇ ਹੋ ਕੇ ਖੁਦ ਨੂੰ ਟਕਸਾਲੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਇਹਨਾਂ ਵਿਚੋਂ ਕਿਸੇ ਦਾ ਵੀ ਪਿਛੋਕੜ ਟਕਸਾਲੀ ਨਹੀਂ ਹੈ। ਉਹਨਾਂ ਪੁੱਛਿਆ ਕਿ ਇਹਨਾਂ ਵਿਚੋਂ ਟਕਸਾਲੀ ਕੌਣ ਹੈ? ਬੀਰਦੇਵਿੰਦਰ ਸਿੰਘ ਜਾਂ ਜਨਰਲ ਜੇਜੇ ਸਿੰਘ? ਉਹਨਾਂ ਕਿਹਾ ਕਿ ਜੇਕਰ ਇਹਨਾਂ ਅਖੌਤੀ ਟਕਸਾਲੀਆਂ ਦੇ ਕਾਂਗਰਸ ਪਾਰਟੀ ਦੀ ਬੀ-ਟੀਮ ਵਜੋਂ ਕੰਮ ਕਰਨ ਤੋਂ ਇਲਾਵਾ ਵੀ ਕੋਈ ਹੋਰ ਏਜੰਡਾ ਹੈ ਤਾਂ ਇਹਨਾਂ ਨੂੰ ਮੈਦਾਨੇ-ਜੰਗ ਵਿਚ ਕੁੱਦਣਾ ਚਾਹੀਦਾ ਹੈ, ਆਪਣੇ ਆਪ ਸੱਚ ਦਾ ਨਿਤਾਰਾ ਹੋ ਜਾਵੇਗਾ।
ਮਨਪ੍ਰੀਤ ਬਾਦਲ ਬਾਰੇ ਟਿੱਪਣੀ ਸੰਬੰਧੀ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਮੈਂ ਉਹਦੇ ਬਾਰੇ ਹੁਣ ਕੀ ਆਖਾਂ? ਥਲੱਗਦਾ ਹੈ, ਉਸ ਦਾ ਅਖੌਤੀ ਟਕਸਾਲੀਆਂ ਵੱਲ ਜਾਣ ਦਾ ਸਮਾਂ ਹੋ ਗਿਆ ਹੈ, ਜਿਸ ਕਰਕੇ ਉਹ ਟਕਸਾਲੀਆਂ ਦਾ ਗੁਣਗਾਣ ਕਰ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਸਾਰੀਆਂ 13 ਸੀਟਾਂ ਉੱਤੇ ਜਿੱਤ ਹਾਸਿਲ ਕਰੇਗਾ ਜਦਕਿ ਕਾਂਗਰਸ ਦਾ ਪੂਰੀ ਤਰ•ਾਂ ਸਫਾਇਆ ਹੋ ਜਾਵੇਗਾ।
ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਬਹਾਲ ਕਰਨ ਵਿਚ ਕਰਤਾਰਪੁਰ ਸਾਹਿਬ ਲਾਂਘੇ ਦੀ ਭੂਮਿਕਾ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਫੈਸਲਾ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖਾਂ ਦੀ ਇੱਕ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਪਾਕਿਸਤਾਨ ਸਿੱਖਾਂ ਦੇ ਜਜ਼ਬਾਤਾਂ ਦਾ ਸਤਿਕਾਰ ਕਰੇਗਾ। ਉਹਨਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਕੋਲ ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦੇਣ ਦੀ ਮੰਗ ਰੱਖੀ ਸੀ, ਪਰੰਤੂ ਪਾਕਿਸਤਾਨ ਇਸ ਵਿਚ ਪ੍ਰਸਾਸ਼ਨਿਕ ਅੜਚਣਾਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਪੁੱਛੇ ਇੱਕ ਸੁਆਲ ਦਾ ਜੁਆਬ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਦੀ ਕਾਰਗੁਜ਼ਾਰੀ ਮਾੜੀ ਨਹੀਂ ਸੀ। ਉਹਨਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਅੰਦਰ 38 ਫੀਸਦੀ ਵੋਟ ਹਿੱਸੇਦਾਰੀ ਮਿਲੀ ਸੀ, ਅਕਾਲੀ-ਭਾਜਪਾ ਨੂੰ 31 ਫੀਸਦੀ ਮਿਲੀ ਸੀ ਜਦਕਿ ਆਪ ਨੂੰ ਸਿਰਫ 21 ਫੀਸਦੀ ਮਿਲੀ ਸੀ, ਜੋ ਕਿ ਸਾਡੇ ਨਾਲੋਂ ਵੋਟ ਹਿੱਸੇਦਾਰੀ ਵਿਚ 7 ਫੀਸਦੀ ਪਿੱਛੇ ਸੀ, ਜਿਸ ਦਾ ਅਰਥ ਹੈ ਕਿ ਅਕਾਲੀ-ਭਾਜਪਾ ਨੂੰ ਆਪ ਨਾਲੋਂ ਢਾਈ ਲੱਖ ਵੱਧ ਵੋਟਾਂ ਪਈਆਂ ਸਨ। ਉਹਨਾਂ ਇਹ ਵੀ ਕਿਹਾ ਕਿ ਅਸੀਂ 15-20 ਸੀਟਾਂ ਉੱਤੇ ਸਿਰਫ 1500 ਵੋਟਾਂ ਦੇ ਫਰਕ ਨਾਲ ਹਾਰੇ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਜਰਨੈਲ ਸਿੰਘ ਵਾਹਦ, ਸੋਮ ਪ੍ਰਕਾਸ਼ ਗਰਗ, ਸਰਬਜੀਤ ਸਿੰਘ ਮੱਕੜ ਅਤ ਕੁਲਵੰਤ ਸਿੰਘ ਮਾਨਾਂ ਵੀ ਹਾਜ਼ਿਰ ਸਨ।