ਸੁਖਜਿੰਦਰ ਰੰਧਾਵਾ ਵੱਲੋਂ ਜੱਗੂ ਭਗਵਾਨਪੁਰੀਆ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਦੀ ਵੀ ਜਾਂਚ ਮੰਗੀ
ਅੰਮ੍ਰਿਤਸਰ, 12 ਅਗਸਤ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਰੰਧਾਵਾ ਦੇ ਨੇੜਲੇ ਕਾਂਗਰਸੀ ਆਗੂਆਂ ਵੱਲੋਂ ਇਕ ਗੈਂਗਸਟਰ ਦਾ ਜੌਹਲ ਹਸਪਤਾਲ ਬਟਾਲਾ ਵਿਚ ਇਲਾਜ ਕਰਵਾਉਣ ਦੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੀਤੀ ਜਾ ਰਹੀ ਪੁਸ਼ਤ ਪਨਾਹੀ ਦੀ ਵੀ ਜਾਂਚ ਮੰਗੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਸਾਹਮਣੇ ਸੀ ਸੀ ਟੀ ਵੀ ਵੀਡੀਓ ਫੁਟੇਜ ਵਿਖਾਈ ਜਿਸ ਵਿਚ ਸਪਸ਼ਟ ਸੀ ਕਿ ਕਿਵੇਂ ਕਾਂਗਰਸੀ ਆਗੂਆਂ ਨੇ ਗੈਂਗਸਟਰ ਹੈਪੀ ਸ਼ਾਹ ਜੋ ਕਿ ਕੇ ਡੀ ਹਸਪਤਾਲ ਅੰਮ੍ਰਿਤਸਰ ਵਿਚ ਰਾਣਾ ਕੰਧੋਲੀਆ ਦੀ ਹੱਤਿਆ ਕਰਨ ਵੇਲੇ ਜ਼ਖ਼ਮੀ ਹੋ ਗਿਆ ਸੀ, ਦਾ ਬਟਾਲਾ ਵਿਚ ਜੌਹਲ ਹਸਪਤਾਲ ਵਿਚ ਇਲਾਜ ਹੋਇਆ। ਉਹਨਾਂ ਨੇ ਵੀਡੀਓ ਕਲਿੱਪ ਵਿਖਾਈਆਂ ਜਿਸ ਵਿਚ ਤਿੰਨ ਕਾਂਗਰਸੀ ਆਗੂ ਕੌਂਸਲਰ ਤੇ ਸਥਾਨਕ ਯੂਥ ਇੰਚਾਰਜ ਪ੍ਰਭਜੋਤ ਚੱਠਾ, ਜਗਤਾਰ ਸਿੰਘ ਤੇ ਲਾਡੀ ਡੇਅਰੀਵਾਲਾ ਉਸ ਹਸਪਤਾਲ ਦੇ ਬਾਹਰ ਖੜ੍ਹੇ ਹਨ ਜਿਥੇ ਕੰਧੋਲੀਆ ਦਾ ਕਤਲ ਹੋਇਆ ਤੇ ਗੱਲਾਂ ਕਰ ਰਹੇ ਹਨ। ਦੋ ਘੰਟੇ ਬਾਅਦ ਇਹ ਆਗੂ ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਵਿਅਕਤੀ ਦੇ ਨਾਲ ਜੌਹਲ ਹਸਪਤਾਲ ਪੁੱਜ ਗਏ।
ਤਿੰਨੇ ਕਾਂਗਰਸੀ ਆਗੂ ਜੋ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਜਿੰਦਰ ਰੰਧਾਵਾ ਨਾਲ ਨੇੜਤਾ ਦੀ ਬਦੌਲਤ ਖੁੱਲ੍ਹੇ ਘੁੰਮ ਰਹੇ ਹਨ, ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੌਹਲ ਹਸਪਤਾਲ ਦੇ ਡਾ. ਸੁਖਦੇਵ ਸਿੰਘ ਜੌਹਲ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀਹੈ ਕਿਉਂਕਿ ਉਹਨਾਂ ਨੇ ਪੁਲਿਸ ਨੂੰ ਦੱਸੇ ਬਿਨਾਂ ਗੈਂਗਸਟਰ ਦਾ ਇਲਾਜ ਕੀਤਾ। ਸਰਦਾਰ ਮਜੀਠੀਆ ਨੇ ਉਹ ਵੀਡੀਓ ਵੀ ਵਿਖਾਈ ਜਿਸ ਵਿਚ ਹੈਪੀ ਸ਼ਾਹ ਨੂੰ ਇਲਾਜ ਤੋਂ ਬਾਅਦ ਪਿਛਲੇ ਗੇਟ ਰਾਹੀਂ ਜੌਹਲ ਹਸਪਤਾਲ ਤੋਂ ਬਾਹਰ ਲਿਆਂਦਾ ਗਿਆ। ਵੀਡੀਓ ਵਿਚ ਹੈਪੀ ਸ਼ਾਹ ਡਾ. ਜੌਹਲ ਦਾ ਧੰਨਵਾਦ ਕਰਦਾ ਵੀ ਦਿਸ ਰਿਹਾ ਹੈ। ਸਰਦਾਰ ਮਜੀਠੀਆ ਨੇ ਦੱਸਿਆ ਕਿ ਡਾ. ਜੌਹਲ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰਕ ਡਾਕਟਰ ਦੱਸਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਇਹ ਗੈਂਗਸਟਰ ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਵਿਚਾਲੇ ਗੰਢਤੁੱਪ ਉਜਾਗਰ ਕਰਦਾ ਰਿਹਾ ਹੈ। ਉਹਨਾਂ ਕਿਹਾ ਕਿ ਕੇ ਡੀ ਹਸਪਤਾਲ ਫਾਇਰਿੰਗ ਕੇਸ ਵਿਚ ਕਾਂਗਰਸੀ ਆਗੂਆਂ ਤੇ ਜੌਹਲ ਹ ਸਪਤਾਲ ਸਟਾਫ ਦੀ ਮੰਤਰੀ ਤ੍ਰਿਪਤ ਬਾਜਵਾ ਪੁਸ਼ਤ ਪਨਾਹੀ ਕਰ ਰਹੇ ਹਨ ਜਦਕਿ ਕਾਂਗਰਸ ਸਰਕਾਰ ਨੇ ਜੱਗੂ ਭਗਵਾਨਪੁਰੀਆ ਨੁੰ ਪੰਜਾਬ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਭਾਵੇਂ ਭਗਵਾਨਪੁਰੀਆ ਦੇ ਖਿਲਾਫ ਪੰਜਾਬ ਵਿਚ 59 ਫੌਜਦਾਰੀ ਕੇਸ ਦਰਜ ਹਨ ਤੇ ਗੈਂਗਸਟਰ ਨੁੰ ਸਿਰਫ 10 ਦਿਨ ਦੇ ਪੁਲਿਸ ਰਿਮਾਂਡ ’ਤੇ ਦਿੱਲੀ ਭੇਜਿਆ ਗਿਆ ਸੀ ਪਰ 3 ਮਹੀਨਿਆਂ ਤੋਂ ਉਹ ਉਥੇ ਹੀ ਬੰਦ ਹੈ। ਉਹਨਾਂ ਕਿਹਾ ਕਿ ਜਿਸ ਜੱਜ ਨੇ ਭਗਵਾਨਪੁਰੀਆ ਨੂੰ ਤਬਦੀਲ ਕਰਨ ਦੇ ਮਾਮਲੇ ਦੀ ਸੁਣਵਾਈ ਕੀਤੀ, ਉਹਨਾਂ ਖੁਦ ਆਪਣੇ ਫੈਸਲੇ ਵਿਚ ਕਿਹਾਹੈ ਕਿ ਜੱਗੂ ਭਗਵਾਨਪੁਰੀਆ ਬਠਿੰਡਾ ਜੇਲ੍ਹ ਤੋਂ ਅਪਰਾਧ ਦੀ ਸਿੰਡੀਕੇਟ ਚਲਾ ਰਿਹਾ ਹੈ ਤੇ ਅੰਤਰ ਰਾਜੀ ਅਪਰਾਧੀਆਂ ਨਾਲ ਰਲ ਕੇ ਘਿਨੌਣੇ ਅਪਰਾਧ ਕਰਨ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਹੁਣ ਭਗਵਾਨਪੁਰੀਆ ਤਿਹਾੜ ਜੇਲ੍ਹ ਵਿਚ ਬੈਠ ਕੇ ਸਿੰਡੀਕੇਟ ਚਲਾ ਰਿਹਾ ਹੈ ਤੇ ਅਸੀਂ ਪੰਜਾਬ ਵਿਚ ਇਸਦੇ ਨਤੀਜੇ ਵੇਖੇ ਹਨ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਭਗਵਾਨਪੁਰੀਆ ਨੂੰ ਸ਼ਿਫਟ ਕਰਨ ਦੇ ਮਾਮਲੇ ਵਿਚ 50 ਲੱਖ ਰੁਪਏ ਦਿੱਤੇ ਜਾਣ ਦੇ ਮਾਮਲੇ ਦੀ ਜਾਂਚ ਕਰਵਾਉਣ ਤੇ ਨਾਲਹੀ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਨੁੰ ਮਿਲਦੀਆਂ ਮੋਬਾਈਲ ਫੋਨ ਤੇ ਹੋਰ ਸਹੂਲਤਾਂ ਦੀ ਵੀ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਜੇਲ੍ਹਾਂ ਵਿਚ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।