ਮਜੀਠਾ, 20 ਅਪ੍ਰੈਲ : ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਣਕ ਦੀ ਖਰੀਦ 19 ਦਿਨਾਂ ਦੇਰੀ ਨਾਲ ਸ਼ੁਰੂ ਕਰਨ ’ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਕਣਕ ਦੀ ਨੁਕਸਾਨੀ ਗਈ ਫਸਲ ਦਾ ਕਿਸਾਨਾਂ ਨੁੰ ਮੁਆਵਜ਼ਾ ਦਿੱਤਾ ਜਾਵੇ ਅਤੇ ਨਮੀ ਦੀ ਮਾਤਰਾ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਕਿਸਾਨ ਮੰਡੀਆਂ ਵਿਚ ਖੱਜਲ ਖੁਆਰ ਨਾ ਹੋਣ।
ਅਕਾਲੀ ਆਗੂ, ਜਿਹਨਾਂ ਨੇ ਕਣਕ ਦੀ ਖਰੀਦ ਦੀ ਸਮੀਖਿਆ ਲਈ ਸਥਾਨਕ ਮੰਡੀ ਦਾ ਦੌਰਾ ਕੀਤਾ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰ ਸਰਕਾਰ ਵੱਲੋਂ ਬਾਰਦਾਨੇ ਦੀ ਕਮੀ ਪੂਰੀ ਕਰਨ ਵਿਚ ਨਾਕਾਮ ਰਹਿਣ ਅਤੇ ਕਣਕ ਦੀ ਖਰੀਦ 1 ਦੀ ਥਾਂ 10 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਮੰਡੀਆਂ ਵਿਚੋਂ ਲਿਫਟਿੰਗ ਬਿਲਕੁਲ ਨਹੀਂ ਹੋ ਰਹੀ ਜਿਸ ਕਾਰਨ ਕਣਕਾਂ ਦੇ ਅੰਬਾਰ ਲੱਗ ਗਏ ਹਨ ਅਤੇ ਇਸ ਮੁਸ਼ਕਿਲ ਨੂੰ ਹੱਲ ਨਾ ਕੀਤਾ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।
ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਹਾਲਾਤਾਂ ਲਈ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਖਰੀਦ ਵਿਚ ਦੇਰੀ ਕਾਰਨ ਕਣਕ ਵਿਚ ਨਮੀ ਦੀ ਮਾਤਰਾ ਵੱਧ ਗਈ ਹੈ ਤੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕ ਦਾ ਨੁਕਸਾਨ ਵੀ ਹੋਇਆ ਹੈ।
ਸ੍ਰੀ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਬਾਰਦਾਨੇ ਦੀ ਕਮੀ ਕਾਰਨ ਹੁਣ ਤੱਕ ਸੂਬੇ ਵਿਚ ਕੁੱਲ ਖਰੀਦ ਦੇ ਅਨੁਮਾਨ ਦੇ ਮੁਕਾਬਲੇ ਸਿਰਫ 5 ਫੀਸਦੀ ਹੀ ਖਰੀਦ ਹੋਈ ਹੈ। ਉਹਨਾਂ ਕਿਹਾ ਕਿ ਬਾਰਦਾਨੇ ਦੀ ਗੰਭੀਰ ਕਮੀ ਹੈ ਤੇ ਵਰਤਿਆ ਹੋਇਆ ਬਾਰਦਾਨਾ ਵੀ ਨਹੀਂ ਮਿਲ ਰਿਹਾ।
ਉਹਨਾਂ ਕਿਹਾ ਕਿ ਜੇਕਰ ਇਹ ਸਮੱਸਿਆ ਆਉਂਦੇ ਕੁਝ ਦਿਨਾਂ ਵਿਚ ਹੱਲ ਨਾ ਹੋਈ ਤਾਂ ਫਿਰ ਮੰਡੀਆਂ ਵਿਚ ਕਣਕਾਂ ਦੇ ਅੰਬਾਰ ਲੱਗੇ ਜਾਣਗੇ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਲਿਫਟਿੰਗ ਵੀ ਬਿਲਕੁਲ ਨਹੀਂ ਹੋ ਰਹੀ ਤੇ ਜੇਕਰ ਮੀਂਹ ਪੈ ਗਿਆ ਤਾਂ ਇਸ ਨਾਲ ਮੰਡੀਆਂ ਵਿਚ ਪਈ ਕਣਕ ਦਾ ਵੱਡਾ ਨੁਕਸਾਨ ਹੋਵੇਗਾ। ਉਹਨਾਂ ਨੇ ਸਰਕਾਰ ਵੱਲੋਂ ਡੀ ਬੀ ਟੀ ਸਕੀਮ ਦੇ ਮਾਮਲੇ ਵਿਚ ਕਿਸਾਨਾਂ ਨੂੰ ਮੂਰਖ ਬਣਾਉਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਨੂੰ ਇਸਦਾ 2018 ਤੋਂ ਪਤਾ ਸੀ ਪਰ ਇਸਨੇ ਇਸਨੁੰ ਟਾਲਣ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਕਿਸਾਨ ਦੇਰੀ ਨਾਲ ਅਦਾਇਗੀ ਹੋਣ ਕਾਰਨ ਮੁਸ਼ਕਿਲਾਂ ਝੱਲ ਰਹੇ ਹਨ।
ਸ੍ਰੀ ਮਜੀਠੀਆ ਨੇ ਮੰਡੀ ਦਾ ਦੌਰਾ ਕਰਦਿਆਂ ਇਹ ਵੀ ਵੇਖਿਆ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਐਲਾਨਾਂ ਦੇ ਉਲਟ ਸਰਕਾਰ ਨੇ ਮੰਡੀਆਂ ਵਿਚ ਕਿਸਾਨਾਂ ਦੀ ਸੁਰੱਖਿਆ ਲਈ ਕੋਈ ਇੰਤਜ਼ਾਮ ਨਹੀਂ ਕੀਤਾ। ਉਹਨਾਂ ਕਿਹਾ ਕਿ ਮੰਡੀਆਂ ਵਿਚ ਪੈਰ ਨਾਲ ਚਲਾਈਆਂ ਜਾ ਸਕਣੀਆਂ ਟੂਟੀਆਂ ਲਾਉਣ ਤੇ ਹਰ ਥਾਂ ਮਾਸਕ ਤੇ ਸੈਨੀਟਾਈਜ਼ਰ ਉਪਲਬਧ ਕਰਵਾਉਣ ਦੇ ਐਲਾਨ ਕੀਤੇ ਗਏ ਸਨ। ਉਹਨਾਂ ਕਿਹਾ ਕਿ ਸੁਬੇ ਭਰ ਤੋਂ ਮਿਲ ਰਹੀਆਂ ਰਿਪੋਰਟਾਂ ਦੇ ਮੁਤਾਬਕ ਜ਼ਮੀਨੀ ਪੱਧਰ ’ਤੇ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਹ ਵੀ ਆਪਣੇ ਆਪ ਵਿਚ ਇਕ ਘੁਟਾਲਾ ਹੈ।
ਇਸ ਦੌਰਾਨ ਸ੍ਰੀ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਲਾਕ ਡਾਊਨ ਕਾਰਨ ਪ੍ਰਭਾਵਤ ਹੋਏ ਵਿਅਕਤੀਆ ਨੂੰ ਵਿੱਤੀ ਰਾਹਤ ਦੇਣ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੀ ਹਦਾਇਤ ਦੇਣ ਕਿ ਉਹ ਪਹਿਲਾਂ ਹੀ ਵਿੱਤੀ ਔਕੜਾਂ ਵਿਚ ਫਸੇ ਲੋਕਾਂ ਨੂ ੰ ਭਾਰੀ ਜੁਰਮਾਨੇ ਨਾ ਲਗਾਉਣ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਤਾਂ ਦੇ ਨਹੀਂ ਰਹੀ ਬਲਕਿ ਉਲਟਾ ਲੋਕਾਂ ਤੋਂ ਚਲਾਨ ਤੇ ਜ਼ੁਰਮਾਨਿਆਂ ਦੇ ਨਾਂ ’ਤੇ ਪੈਸੇ ਲੁੱਟ ਰਹੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਲੋਕਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਮੰਗ ਕੀਤੀ ਕਿ ਲਾਕ ਡਾਊਨ ਕਾਰਨ ਜਿਹਨਾਂ ਦੀ ਰੋਜ਼ੀ ਰੋਟੀ ਪ੍ਰਭਾਵਤ ਹੋਈ ਹੈ, ਉਹਨਾਂ ਲਈ ਸਰਕਾਰ ਮੁਆਵਜ਼ਾ ਪੈਕੇਜ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਸਰਕਾਰ ਘਬਰਾਹਟ ਵਿਚ ਆ ਕੇ ਵਾਰ ਵਾਰ ਫੈਸਲੇ ਬਦਲ ਰਹੀ ਹੈ ਜਿਸ ਕਾਰਨ ਸੂਬੇ ਦਾ ਅਰਥਚਾਰਾ ਤਬਾਹ ਹੋ ਗਿਆ ਹੈ ਤੇ ਇਸ ਨਾਲ ਲੱਖਾਂ ਲੋਕ ਬੇਰੋਜ਼ਗਾਰ ਹੋ ਗਏ ਹਨ।
ਉਹਨਾਂ ਨੇ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਨਾ ਘਟਾਉਣ ਤੇ ਬਿਜਲੀ ਦਰਾਂ ਵਿਚ ਕਟੌਤੀ ਨਾ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਸਰਕਾਰ ਲੋਕਾਂ ਦੀਆਂ ਤਕਲੀਫਾਂ ਤੋਂ ਪੈਸੇ ਕਮਾ ਰਹੀ ਹੈ।