ਕਿਹਾ ਕਿ 18 ਸਾਲ ਦੇ ਸਿੱਖ ਲੜਕੇ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਕੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਾਇਆ
ਚੰਡੀਗੜ੍ਹ/04 ਮਾਰਚ: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਇੱਕ 18 ਸਾਲ ਦੇ ਲੜਕੇ ਨੂੰ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਦਸਤਾਰ ਲਾਹੁਣ ਲਈ ਮਜ਼ਬੂਰ ਕਰਕੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਾਉਣ ਲਈ ਮੱਧ ਪ੍ਰਦੇਸ਼ ਦੀ ਕਮਲ ਨਾਥ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਵਿਧਾਨ ਸਭਾ ਵਿਚ ਇੱਕ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ।
ਵਿਧਾਨ ਸਭਾ ਵਿਚ ਸਿਫਰ ਕਾਲ ਦੌਰਾਨ ਇਸ ਸੰਵੇਦਨਸ਼ੀਲ ਮੁੱਦੇ ਨੂੰ ਉਠਾਉਂਦਿਆਂ ਸਰਦਾਰ ਮਜੀਠੀਆ ਨੇ ਇਸ ਘਟਨਾ ਦੀ ਨਿਖੇਧੀ ਲਈ ਸਦਨ ਵਿਚ ਮਤਾ ਪਾਸ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਕਾਰਵਾਈ ਲਈ ਕਮਲ ਨਾਥ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਧਰ ਜ਼ਿਲ੍ਹੇ ਦੇ ਇੱਕ ਸਿੱਖ ਲੜਕੇ ਨੇ ਬਿਆਨ ਦਿੱਤਾ ਹੈ ਕਿ ਉਸ ਨੂੰ ਮੱਧ ਪ੍ਰਦੇਸ਼ ਸਿੱਖਿਆ ਬੋਰਡ ਦੀ ਇੱਕ ਨੀਤੀ ਤਹਿਤ ਇਸ ਢੰਗ ਨਾਲ ਅਪਮਾਨਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਮਲ ਨਾਥ ਜੋ ਕਿ 1984 ਕਤਲੇਆਮ ਲਈ ਦੋਸ਼ੀ ਹੈ, ਅਤੇ ਹਜ਼ਾਰਾਂ ਸਿੱਖਾਂ ਨੂੰ ਬੇਘਰ ਕਰਨ ਲਈ ਜ਼ਿੰਮੇਵਾਰ ਹੈ, ਇਸ ਘਿਨੌਣੀ ਕਾਰਵਾਈ ਪਿੱਛੇ ਵੀ ਉਸ ਦਾ ਹੀ ਹੱਥ ਹੈ।