ਕਿਹਾ ਕਿ ਮੁੱਖ ਮੰਤਰੀ ਨੂੰ ਉਹਨਾਂ ਤਾਰੀਖਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਜਦੋਂ ਬਾਰਦਾਨੇ ਦਾ ਆਰਡਰ ਦਿੱਤਾ ਗਿਆ ਸੀ
ਮੁੱਖ ਮੰਤਰੀ ਨੂੰ ਦੇਰੀ ਨਾਲ ਦਿੱਤੇ ਬਾਰਦਾਨੇ ਦੇ ਆਰਡਰ ਦੀ ਜਾਂਚ ਕਰਵਾਉਣ ਲਈ ਕਿਹਾ
ਬਠਿੰਡਾ/07 ਮਈ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਇਹ ਦੋਸ਼ ਸਾਬਿਤ ਕਰਨ ਲਈ ਕਿਹਾ ਹੈ ਕਿ ਪੰਜਾਬ ਨੂੰ ਭੇਜਿਆ ਜਾਣਾ ਵਾਲਾ ਬਾਰਦਾਨਾ ਹਰਿਆਣਾ ਨੂੰ ਭੇਜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਮੁੱਦੇ ਉੱਤੇ ਕੇਂਦਰ ਨੂੰ ਲਿਖੀਆਂ ਚਿੱਠੀਆਂ ਜਨਤਕ ਕਰਨ।
ਬਠਿੰਡਾ ਸਾਂਸਦ ਨੇ ਕਿਹਾ ਕਿ ਆਪਣੀਆਂ ਨਾਕਾਮੀਆਂ ਤੋਂ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਇ ਕਾਂਗਰਸ ਸਰਕਾਰ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਹੜੀਆਂ ਤਾਰੀਖਾਂ ਨੂੰ ਇਸ ਨੇ ਬਾਰਦਾਨੇ ਦਾ ਆਰਡਰ ਦਿੱਤਾ ਸੀ। ਉਹਨਾਂ ਕਿਹਾ ਕਿ ਮੇਰੀ ਜਾਣਕਾਰੀ ਅਨੁਸਾਰ ਕਾਂਗਰਸ ਸਰਕਾਰ ਜਨਵਰੀ ਵਿਚ ਬਾਰਦਾਨੇ ਦਾ ਆਰਡਰ ਭੇਜ ਰਹੀ ਸੀ, ਜਦਕਿ ਅਕਾਲੀ-ਭਾਜਪਾ ਸਰਕਾਰ ਵੇਲੇ ਇਹ ਕਾਰਵਾਈ ਨਵੰਬਰ ਵਿਚ ਕੀਤੀ ਜਾਂਦੀ ਸੀ। ਉਹਨਾਂ ਕਿਹਾ ਕਿ ਜੇਕਰ ਰਾਜਾ ਸਾਹਿਬ ਦੀ ਸਰਕਾਰ ਨੇ ਸਮੇਂ ਸਿਰ ਬਾਰਦਾਨੇ ਦਾ ਆਰਡਰ ਨਹੀਂ ਭੇਜਿਆ, ਤਾਂ ਉਹ ਬਾਰਦਾਨੇ ਦੀ ਸਪਲਾਈ ਵਿਚ ਦੇਰੀ ਵਾਸਤੇ ਕੇਂਦਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ।
ਮੁੱਖ ਮੰਤਰੀ ਨੂੰ ਝੂਠੀ ਦੂਸ਼ਣਬਾਜ਼ੀ ਕਰਨ ਤੋਂ ਵਰਜਦਿਆਂ ਬੀਬੀ ਬਾਦਲ ਨੇ ਕਿਹਾ ਕਿ ਕਿਰਪਾ ਕਰਕੇ ਹੁਣ ਤਾਂ ਆਪਣੀ ਕਾਰਗੁਜ਼ਾਰੀ ਸੁਧਾਰ ਲਓ। ਕੇਂਦਰ ਨਾਲ ਸਹੀ ਤਰੀਕੇ ਨਾਲ ਰਾਬਤਾ ਬਣਾਓ ਅਤੇ ਪੰਜਾਬ ਦੀਆਂ ਮੰਡੀਆਂ ਵਿਚ ਬਾਰਦਾਨੇ ਦੀ ਸਪਲਾਈ ਕਰਵਾਓ। ਤੁਹਾਡਾ ਢਿੱਲਾ ਰਵੱਈਆ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਚੁੱਕਿਆ ਹੈ। ਹੁਣ ਦੂਸ਼ਣਬਾਜੀ ਦੀ ਖੇਡ ਖੇਡ ਕੇ ਉਹਨਾਂ ਦੀਆਂ ਸਮੱਿਸਆਵਾਂ ਨੂੰ ਹੋਰ ਨਾ ਵਧਾਓ। ਕਿਸਾਨਾਂ ਦੀ ਭਲਾਈ ਬਾਰੇ ਸੋਚੋ ਅਤੇ ਇਸ ਮੁੱਦੇ ਦਾ ਸਿਆਸੀਕਰਨ ਨਾ ਕਰੋ।
ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੇਂਦਰ ਸਿਰ ਦੋਸ਼ ਲਾਉਣ ਦੀ ਥਾਂ ਦੇਰੀ ਨਾਲ ਬਾਰਦਾਨੇ ਦੇ ਦਿੱਤੇ ਆਰਡਰ ਦੀ ਜਾਂਚ ਕਰਵਾਉਣ। ਇਸੇ ਤਰ੍ਹਾਂ ਉਹਨਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਜਿਹਨਾਂ ਨੇ ਸੂਬੇ ਅੰਦਰ ਲੋੜੀਂਦੇ ਬਾਰਦਾਨੇ ਦਾ ਸਹੀ ਅੰਦਾਜ਼ਾ ਲਗਾਉਣ ਵਿਚ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਵੱਲੋਂ ਆਪਣਾ ਬਾਰਦਾਨੇ ਦਾ ਕੋਟਾ ਵਧਾਉਣ ਲਈ ਵੀ ਕੇਂਦਰ ਸਰਕਾਰ ਨੂੰ ਨਹੀਂ ਕਿਹਾ ਗਿਆ।
ਬੀਬੀ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸਾਨਾਂ ਦੀ ਮੰਡੀਆਂ ਵਿਚ ਇੰਨੀ ਬੇਕਦਰੀ ਨਹੀਂ ਹੋਈ, ਜਿੰਨੀ ਹੁਣ ਹੋਈ ਹੈ। ਉਹਨਾਂ ਕਿਹਾ ਕਿ ਪਹਿਲਾ ਵੱਧ ਨਮੀ ਦਾ ਬਹਾਨਾ ਬਣਾ ਕੇ ਇੱਕ ਹਫਤੇ ਤਕ ਕਣਕ ਦੀ ਖਰੀਦ ਹੀ ਨਹੀਂ ਕੀਤੀ ਗਈ। ਉਸ ਤੋਂ ਬਾਅਦ ਮੰਡੀਆਂ ਨੱਕੋ ਨੱਕ ਭਰ ਜਾਣ ਕਰਕੇ ਖਰੀਦ ਬੰਦ ਕਰ ਦਿੱਤੀ ਗਈ। ਹੁਣ ਬਾਰਦਾਨੇ ਦੀ ਕਮੀ ਕਰਕੇ ਕਣਕ ਦੀ ਚੁਕਾਈ ਨਹੀ ਹੋ ਰਹੀ ਅਤੇ ਮੰਡੀਆਂ ਵਿਚ ਫਸਲ ਰੱਖਣ ਲਈ ਥਾਂ ਨਹੀਂ ਬਚੀ ਹੈ।