ਕਿਹਾ ਕਿ ਪਾਰਟੀ ਬਿਕਰਮ ਸਿੰਘ ਮਜੀਠੀਆ ਖਿਲਾਫ ਦਾਇਰ ਕੀਤੇ ਬਦਲਾਖੋਰੀ ਕੇ ਕੇਸ ਖਿਲਾਫ ਕਾਨੂੰਨੀ ਕਚਹਿਰੀ ਤੇ ਲੋਕ ਕਚਹਿਰੀ ਵਿਚ ਲੜੇਗੀ
ਸੁਲਤਾਨਪੁਰ ਲੋਧੀ, 22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਨਾਲ ਜਿੰਨਾ ਕਾਂਗਰਸ ਸਰਕਾਰ ਅਕਾਲੀ ਦਲ ਨੁੰ ਦਬਾਉਣ ਦੀ ਕੋਸ਼ਿਸ਼ ਕਰੇਗੀ, ਉਨਾ ਹੀ ਇਹ ਹੋਰ ਲੋਕਪ੍ਰਿਅਤ ਹੁੰਦਾ ਜਾਵੇਗਾ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਕਾਂਗਰਸ ਦੀ ਖੇਡ ਸਮਝ ਲਈ ਹੈ ਤੇ ਉਹ ਇਸਨੂੰ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ’ਤੇ ਪੰਜ ਰਾਜ ਰਾਜਨੀਤੀ ਕਰਨ ’ਤੇ ਬਰਬਾਦ ਕਰਨ ਲਈ ਕਦੇ ਵੀ ਮੁਆਫ ਨਹੀਂ ਕਰਨਗੇ।
ਇਥੇ ਪਾਰਟੀ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਸਿਰਫ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਹੀ ਨਹੀਂ ਬਲਕਿ ਕੇਂਦਰ ਸਰਕਾਰ ਤੇ ਦਿੱਲੀ ਦੀ ਆਪ ਸਰਕਾਰ ਦੇ ਖਿਲਾਫ ਵੀ ਲੜ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਨਾਲ ਨਾਲ ਸਿੱਖ ਸੰਸਥਾਵਾਂ ਨੁੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਾਜ਼ਿਸ਼ ਸਫਲ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਕਾਂਗਰਸ ਪਾਰਟੀ ਬੇਅਦਬੀ ਦੇ ਨਾਲ ਨਾਲ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੂਠਾ ਕੇਸ ਦਰਜ ਕਰ ਕੇ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕ ਇਹ ਵੀ ਜਾਣਦੇ ਹਨ ਕਿ ਕਿਵੇਂ ਕਿਸਾਨਾਂ ਨੁੰ ਤਿੰਨ ਕਾਲੇ ਕਾਨੁੰਨਾਂ ਦੇ ਮਾਮਲੇ ਵਿਚ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਲੜਨੀ ਪਈ। ਉਹਨਾਂ ਕਿਹਾ ਕਿ ਲੋਕ ਆਪ ਦੀ ਪੰਜਾਬ ਵਿਰੋਧੀ ਤੇ ਪੰਜਾਬੀ ਸੋਚ ਤੋਂ ਵੀ ਜਾਣੂ ਹਨ ਅਤੇ ਇਸਦੀਆਂ ਦੋਗਲੀਆਂ ਚਾਲਾਂ ਨੁੰ ਵੀ ਸਮਝਦੇ ਹਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਝੂਠੇ ਮੁਕੱਦਮੇ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਰਾਜਨੀਤੀ ਪ੍ਰਵਾਨ ਚੜ੍ਹਾਉਣ ਲਈ ਦੋ ਡੀ ਜੀ ਪੀ ਬਦਲੇ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀ ਓ ਆਈ) ਦੇ ਤਿੰਨ ਮੁਖੀ ਬਦਲੇ। ਉਹਨਾਂ ਕਿਹਾ ਕਿ ਜਿਹੜਾ ਡੀ ਜੀ ਪੀ ਤਿੰਨ ਮੈਂਬਰੀ ਪੈਨਲ ਦੀ ਚੋਣ ਵਾਸਤੇ ਯੋਗ ਨਹੀਂ ਰਿਹਾ, ਉਸਨੁੰ ਡੀ ਜੀ ਪੀ ਇਸ ਸ਼ਰਤ ’ਤੇ ਬਣਾਇਆ ਗਿਆ ਕਿ ਉਹ ਝੁਠਾ ਮੁਕੱਦਮਾ ਦਰਜ ਕਰੇਗਾ। ਉਹਨਾਂ ਸਪਸ਼ਟ ਕੀਤਾ ਕਿ ਪਾਰਟੀ ਕਾਨੂੰਨੀ ਕਚਹਿਰੀਆਂ ਦੇ ਨਾਲ ਨਾਲ ਲੋਕ ਕਚਹਿਰੀਆਂ ਵਿਚ ਇਹ ਝੂਠਾ ਕੇਸ ਬੇਨਕਾਬ ਕਰੇਗੀ। ਉਹਨਾਂ ਕਿਹਾ ਕਿ ਅਸੀਂ ਇਸ ਭ੍ਰਿਸ਼ਟ ਤੇ ਬਦਲਾਲਊ ਸਰਕਾਰ ਨੂੰ ਸਿੱਧੇ ਹੋਰ ਕੇ ਟਕਰਾਂਗੇ। ਉਹਨਾਂ ਕਿਹਾ ਕਿ ਜਿਹੜੇ ਵੀ ਸੰਵਿਧਾਨ ਦੇ ਦਾਇਰੇ ਵਿਚੋਂ ਬਾਹਰ ਹੋ ਕੇ ਕੰਮ ਕਰ ਰਹੇ ਹਨ, ਉਹਨਾਂ ਨੁੰ ਕਾਨੂੰਨ ਮੁਤਾਬਕ ਆਪਣੇ ਮਾੜੇ ਚੰਗੇ ਦਾ ਹਿਸਾਬ ਦੇਣਾ ਪਵੇਗਾ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ ਭਾਵੇਂ ਕਿ ਸੂਬੇ ਵਿਚ ਸਦਭਾਵਨਾ ਤੇ ਭਾਈਚਾਰਕ ਸਾਂਝੇ ਤਬਾਹ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਫਿਰ ਵੀ ਅਕਾਲੀ ਦਲ ਅਜਿਹਾ ਹੋਣ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਕੰਧ ’ਤੇ ਲਿਖਿਆ ਪੜ੍ਹ ਲਿਆ ਗਿਆ ਹੈ ਤੇ ਇਸ ਲਈ ਘਬਰਾਹਟ ਵਿਚ ਹਨ। ਇਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਇਹਨਾਂ ਦਾ ਹਸ਼ਰ ਇਹ ਹੋਵੇਗਾ ਕਿ ਇਹਨਾਂ ਨੁੰ ਪੰਜ ਤੋਂ 10 ਸੀਟਾਂ ਹੀ ਮਸਾਂ ਹੀ ਮਿਲਣਗੀਆਂ। ਉਹਨਾਂ ਕਿਹਾ ਕਿ ਇਸੇ ਲਈ ਇਹ ਆਪਣਾ ਸਿਆਸੀ ਭਵਿੱਖ ਬਚਾਉਣ ਦੇ ਚੱਕਰ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਰਾਹ ਪੈ ਗਈਆਂ ਹਨ।
ਹਲਕੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪਿਛਲੇ ਪੰਜ ਸਾਲਾਂ ਦੇ ਕਾਂਗਰਸ ਦੇ ਰਾਜਕਾਲ ਦੌਰਾਨ ਕੋਈ ਵਿਕਾਸ ਕੰਮ ਨਹੀਂ ਹੋਇਆ। ਅਸੀਂ ਫਸਲਾਂ ਨੁੰ ਕੋਈ ਨੁਕਸਾਨ ਨਾ ਹੋਵੇ ਇਹ ਯਕੀਨੀ ਬਣਾਉਣ ਵਾਸਤੇ ਬੰਨ ਦੀ ਉਸਾਰੀ ਕਰਨ ਸਮੇਤ ਹੋਰ ਵਿਕਾਸ ਕਾਰਜ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਇਲਾਕੇ ਵਿਚ ਮਿਆਰੀ ਸਿੱਖਿਆ ਤੇ ਸਿਹਤ ਸੰਭਾਲ ਢਾਂਚਾ ਮਜ਼ਬੂਤ ਕਰਾਂਗੇ ਤੇ ਇਕ ਮੈਗਾ ਸਕੂਲ ਬਣਾ ਕੇ ਏਕੀਕ੍ਰਿਤ ਸਿੱਖਿਆ ਮਾਡਲ ਸਥਾਪਿਤ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਭ੍ਰਿਸ਼ਟ ਕਾਂਗਰਸੀ ਵਿਧਾਇਕ ਨੂੰ ਵੀ ਆਪਣੇ ਕਾਰਿਆਂ ਦਾ ਹਿਸਾਬ ਦੇਣਾ ਪਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 33 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹੇ ਵਿਦਿਆਰਥੀਆਂ ਨੁੰ ਮੁਫਤ ਸਿੱਖਿਆ ਮਿਲਣੀ ਯਕੀਨੀ ਬਣਾਵਾਂਗੇ। ਉਹਨਾਂ ਕਿਹਾ ਕ ਵਿਦਿਆਰਥੀਆਂ ਨੁੰ ਵਿਆਜ਼ ਮੁਕਤ 5 ਲੱਖ ਰੁਪਏ ਦਾ ਕਰਜ਼ਾ ਉਚੇਰੀ ਸਿੱਖਿਆ ਵਾਸਤੇ ਮਿਲੇਗਾ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਕਿਹਾ ਕਿਵੇਂ ਪਾਰਟੀ ਕਿਸਾਨਾਂ ਦੀਆਂ ਮੁਸ਼ਕਿਲਾਂ ਸਮਝਦੀ ਹੈ ਅਤੇ ਅਗਲੀ ਗਠਜੋੜ ਸਰਕਾਰ ਕਿਸਾਨਾਂ ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਫਸਲੀ ਬੀਮਾ ਦੇਵੇਗੀ। ਉਹਨਾਂ ਕਿਹਾ ਕਿ ਇਸੇ ਤਰੀਕੇ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹੈ, ਉਹਨਾਂ ਨੁੰ ਕੁਨੈਕਸ਼ਨ ਦਿੱਤੇ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਵੱਲੋਂ ਸਿੱਖੀ ਵਾਸਤੇ ਦਿੱਤੀ ਸਰਵ ਉਚ ਸ਼ਹਾਦਤ ਦਾ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਵਰਕਰਾਂ ਨੇ ਤਲਵੰਡੀ ਚੌਧਰੀਆਂ ਤੋਂ ਸੁਲਤਾਨਪੁਰ ਲੋਧੀ ਰੈਲੀ ਵਾਲੀ ਥਾਂ ਤੱਕ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ। ਬਾਅਦ ਵਿਚ ਸਰਦਾਰ ਬਾਦਲ ਨੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਅ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ।