ਕਿਹਾ ਕਿ ਅਮਰਿੰਦਰ ਸ਼ਾਹੀ ਠਾਠ ਵਾਲੀ ਸੇਵਾ ਮੁਕਤੀ ਦਾ ਆਨੰਦ ਲੈ ਰਿਹਾ ਹੈ। ਜਨਤਕ ਮੀਟਿੰਗਾਂ ਤਾਂ ਸਿਰਫ ਮੁੱਖ ਮੰਤਰੀਪੁਣਾ ਵਿਖਾਉਣ ਲਈ ਹਨ
ਪਥਰਾਲਾ, ਬਹਿਮਣ ਦੀਵਾਨਾ (ਬਠਿੰਡਾ)/05 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਅੰਦਰ ਲੋਕ ਸਭਾ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹਨਾਂ ਵਿਚ ਹਿੰਮਤ ਹੈ ਤਾਂ ਆਪਣੀ ਪਿਛਲੇ ਦੋ ਸਾਲ ਦੀ ਕਾਰਗੁਜ਼ਾਰੀ ਦੇ ਨਾਂ ਉੱਤੇ ਲੋਕਾਂ ਕੋਲੋਂ ਵੋਟਾਂ ਮੰਗਣ।
ਉਹਨਾਂ ਕਿਹਾ ਕਿ ਅਮਰਿੰਦਰ ਦੀ ਪੰਜਾਬ ਵਿਚ ਜਾਂ ਜਨਤਕ ਜੀਵਨ ਵਿਚ ਕੋਈ ਦਿਲਚਸਪੀ ਨਹੀਂ ਬਚੀ ਹੈ, ਕਿਉਂਕਿ ਉਹ ਪਹਿਲਾਂ ਹੀ ਆਪਣੀ ਸੇਵਾ ਮੁਕਤੀ ਦਾ ਐਲਾਨ ਕਰ ਚੁੱਕਿਆ ਹੈ ਅਤੇ ਮੌਜੂਦਾ ਸਮੇਂ ਇੱਕ ਸ਼ਾਹੀ ਠਾਠ ਵਾਲੀ ਸੇਵਾਮੁਕਤੀ ਅਤੇ ਸਿਆਸਤ ਅੰਦਰ ਐਸ਼ਪ੍ਰਸਤੀ ਅਤੇ ਅਰਾਮਪ੍ਰਸਤੀ ਲਈ ਮਿਲੇ ਬੋਨਸ ਦੇ ਸਾਲਾਂ ਦਾ ਆਨੰਦ ਲੈ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਅਜਿਹੇ ਆਗੂ ਕੋਲੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ, ਜਿਸ ਦੀ ਜਨਤਕ ਜੀਵਨ ਅਤੇ ਲੋਕਾਂ ਦੀ ਭਲਾਈ ਵਿਚ ਕੋਈ ਦਿਲਚਸਪੀ ਹੀ ਨਾ ਬਚੀ ਹੋਵੇ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਨੁੰਮਾਇਦਾ ਜਥੇਬੰਦੀ ਹੈ। ਆਧੁਨਿਕ ਸਮਿਆਂ ਵਿਚ ਪੰਥ ਨੇ ਉਸ ਸਮੇਂ ਤਕ ਹਮੇਸ਼ਾਂ ਮਜ਼ਬੂਤ ਰਹਿਣਾ ਹੈ, ਜਦ ਤਕ ਇਸ ਦੀ ਫੌਜ ਅਕਾਲੀ ਦਲ ਮਜ਼ਬੂਤ ਹੈ। ਇਹੀ ਵਜ੍ਹਾ ਹੈ ਕਿ ਸਾਰੀਆਂ ਪੰਥ-ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਦਾ ਮੁੱਖ ਨਿਸ਼ਾਨਾ ਅਕਾਲੀ ਦਲ ਹੈ। ਇਹ ਸਾਰੀਆਂ ਤਾਕਤਾਂ ਕਾਂਗਰਸ ਦੇ ਝੰਡੇ ਥੱਲੇ ਕੰਮ ਕਰਦੀਆਂ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਹਮੇਸ਼ਾਂ ਇਸ ਤਰ੍ਹਾਂ ਸਾਂਭਿਆ ਹੈ, ਜਿਸ ਤਰ੍ਹਾਂ ਇੱਕ ਔਰਤ ਆਪਣਾ ਘਰ ਸੰਭਾਲਦੀ ਹੈ। 1966 ਤੋਂ ਬਾਅਦ ਵਾਲੇ ਪੰਜਾਬ ਅੰਦਰ ਸਾਰੇ ਹਵਾਈ ਅੱਡੇ, ਸਾਰੇ ਥਰਮਲ ਪਲਾਂਟ, ਡੈਮ, ਫੋਕਲ ਪੁਆਇੰਟ, ਚਾਰ ਅਤੇ ਛੇ ਮਾਰਗੀ ਐਕਸਪ੍ਰੈਸਵੇਅਜ਼, ਬਠਿੰਡਾ ਰਿਫਾਈਨਰੀ ਸਮੇਤ ਸਾਰੀਆਂ ਉਦਯੋਗਿਕ ਇਕਾਈਆਂ, ਕਿਸਾਨਾਂ ਨੂੰ ਮੁਫਤ ਬਿਜਲੀ, ਦਲਿਤਾਂ ਨੂੰ 200 ਯੂਨਿਟ ਮੁਫਤ ਬਿਜਲੀ, ਬਜ਼ੁਰਗਾਂ ਨੂੰ ਪੈਨਸ਼ਨਾਂ, ਸ਼ਗਨ, ਵਿਦਿਆਰਥਣਾਂ ਨੂੰ ਮੁਫਤ ਸਾਇਕਲ ਆਦਿ ਇਹ ਸਭ ਕੰਮ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਅਧੀਨ ਅਕਾਲੀ-ਭਾਜਪਾ ਸਰਕਾਰਾਂ ਵੱਲੋਂ ਕੀਤੇ ਗਏ ਹਨ।
ਅਕਾਲੀ ਦਲ ਪ੍ਰਧਾਨ ਨੇ ਉਪਰੋਕਤ ਟਿੱਪਣੀਆਂ ਬਠਿੰਡਾ ਲੋਕ ਸਭਾ ਹਲਕੇ ਅੰਦਰ ਪੈਂਦੇ ਪਥਰਾਲਾ ਅਤੇ ਬਹਿਮਣ ਦੀਵਾਨਾ ਵਿਖੇ ਵੱਡੀਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤੀਆਂ। ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਤੋਂ ਹਰਸਿਮਰਤ ਬਾਦਲ ਨੇ ਲੋਕਾਂ ਦੀ ਸੇਵਾ ਲਈ ਸਿਆਸਤ ਅੰਦਰ ਪੈਰ ਰੱਖਿਆ ਹੈ, ਬਠਿੰਡਾ ਹਲਕਾ ਅਤੇ ਇੱਥੋਂ ਦੇ ਲੋਕ ਉਸ ਦੀ ਜ਼ਿੰਦਗੀ ਅਤੇ ਪਰਿਵਾਰ ਬਣ ਚੁੱਕੇ ਹਨ। ਉਹਨਾਂ ਕਿਹਾ ਕਿ ਉਸ ਸਮੇਂ ਤੋਂ ਲੈ ਕੇ ਇੱਕ ਪਲ ਵੀ ਅਜਿਹਾ ਨਹੀਂ ਗੁਜ਼ਰਿਆ ਜਦੋਂ ਹਰਸਿਮਰਤ ਨੂੰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਂਵਾਂ ਨੇ ਚਿੰਤਤ ਨਾ ਕੀਤਾ ਹੋਵੇ ਅਤੇ ਉਸ ਨੇ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਲਈ ਹੱਲ ਨਾ ਲੱਭੇ ਹੋਣ। ਉਹਨਾਂ ਕਿਹਾ ਕਿ ਬਠਿੰਡਾ ਹਰਸਿਮਰਤ ਦੀ ਜ਼ਿੰਦਗੀ ਹੈ ਅਤੇ ਬਠਿੰਡਾ ਦੇ ਲੋਕਾਂ ਦੀ ਸੇਵਾ ਕਰਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਕਸਦ ਹੈ। ਉਹਨਾਂ ਕਿਹਾ ਕਿ ਹਰਸਿਮਰਤ ਵੱਲੋਂ ਕੀਤੇ ਕੰਮ ਇਸ ਦੀ ਗਵਾਹੀ ਭਰਦੇ ਹਨ।
ਪੰਜਾਬ ਵਿਚ ਕੇਜਰੀਵਾਲ ਦੀ ਪਾਰਟੀ ਅਤੇ ਬਾਕੀ ਟੋਟੇ-ਟੋਟੇ ਜਥੇਬੰਦੀਆਂ ਦੀਆਂ ਤਰਸਯੋਗ ਹਾਲਤ ਉੱਤੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਇੱਕ ਮਹਾਂਮਾਰੀ ਸੀ, ਜਿਹੜੀ ਜਿੰਨੀ ਜਲਦੀ ਫੈਲੀ ਸੀ, ਉੰਨੀ ਜਲਦੀ ਇਸ ਦਾ ਖਾਤਮਾ ਹੋ ਗਿਆ। ਪੰਜਾਬ ਹੁਣ ਇਸ ਆਪ ਨਾਂ ਦੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੈ। 23 ਮਈ ਨੂੰ ਇੱਥੋਂ ਕਾਂਗਰਸ ਦਾ ਵੀ ਸਫਾਇਆ ਹੋ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜੇ ਲੋਕ ਆਪ ਵੱਲ ਗਏ ਸਨ, ਉਹਨਾਂ ਨੂੰ ਦੋਸ਼ੀ ਨਹੀ ਠਹਿਰਾਇਆ ਜਾ ਸਕਦਾ। ਉਹ ਨੇਕ ਨੀਅਤਾਂ ਨਾਲ ਆਪ ਵਿਚ ਸ਼ਾਮਿਲ ਹੋਏ ਸਨ, ਕਿਉਂਕਿ ਉਹਨਾਂ ਨੇ ਆਪ ਆਗੂਆਂ ਦੇ ਵਾਅਦਿਆਂ ਉੱਤੇ ਭਰੋਸਾ ਕੀਤਾ ਸੀ, ਜਿਹੜੇ ਸਮਾਜ ਅੰਦਰ ਕ੍ਰ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਗੱਲਾਂ ਕਰਦੇ ਸਨ। ਮੈਂ ਉਹਨਾਂ ਦੀਆਂ ਭਾਵਨਾਵਾਂ ਅਤੇ ਆਦਰਸ਼ਾਂ ਦੀ ਕਦਰ ਕਰਦਾ ਹਾਂ। ਪਰੰਤੂ ਆਪ ਆਗੂਆਂ ਨੇ ਆਪਣੇ ਸਮਰਥਕਾਂ ਦੀ ਮਾਸੂਮੀਅਤ ਅਤੇ ਭਰੋਸੇ ਨੂੰ ਆਪਣੇ ਸੌੜੇ ਹਿੱਤਾਂ ਵਾਸਤੇ ਸੱਤਾ ਹਾਸਿਲ ਕਰਨ ਲਈ ਇਸਤੇਮਾਲ ਕੀਤਾ।
ਸਰਦਾਰ ਬਾਦਲ ਨੇ ਕਾਂਗਰਸ ਪਾਰਟੀ ਦੇ ਬਠਿੰਡਾ ਉਮੀਦਵਾਰ ਉੁੱਤੇ ਤਨਜ਼ ਕਸਦਿਆਂ ਕਿਹਾ ਕਿ ਲੱਗਦਾ ਹੈ ਕਿ ਵੜਿੰਗ ਨੂੰ ਇੱਕ ਥੀਏਟਰ ਕਲਾਕਾਰ ਜਾਂ ਸਟੈਂਡ ਅਪ ਕਾਮੇਡੀਅਨ ਹੋਣ ਅਤੇ ਲੋਕਾਂ ਦੀ ਸੇਵਾ ਸੰਜੀਦਗੀ ਨਾਲ ਕਰਨ ਵਾਲੇ ਆਗੂ ਵਿਚਲੇ ਫਰਕ ਦਾ ਪਤਾ ਨਹੀਂ ਹੈ। ਉਹਨਾਂ ਕਿਹਾ ਕਿ ਉਹ ਬੜੇ ਹੀ ਹਾਸੋਹੀਣੇ ਵਿਚਾਰ ਲੈ ਕੇ ਆਉਂਦਾ ਹੈ, ਜਿਵੇਂ ਅਜਿਹੇ ਸ਼ਮਸ਼ਾਨ ਘਾਟ ਬਣਾਉਣਾ ਕਿ ਬਜ਼ੁਰਗਾਂ ਦਾ ਤੁਰੰਤ ਮਰਨ ਦਾ ਜੀਅ ਕਰੇਗਾ। ਉਹ ਚਾਹੁੰਦਾ ਹੈ ਕਿ ਕਿਸਾਨ ਕਣਕ ਅਤੇ ਝੋਨਾ ਬੀਜਣਾ ਛੱਡ ਕੇ ਬੱਕਰੀਆਂ ਪਾਲਣਾ ਸ਼ੁਰੂ ਕਰ ਦੇਣ।ਉਹ ਦਾਅਵਾ ਕਰਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਬੱਕਰੀਆਂ ਦੀਆਂ ਮੀਗਣਾਂ ਤੋਂ ਕੈਂਸਰ ਦੀ ਦਵਾਈ ਬਣਾਏਗਾ। ਉਸ ਨੇ ਹਰ ਨਵੀ ਵਿਆਹੁਤਾ ਲਈ ਗਹਿਣੇ ਅਤੇ ਬਾਰਾਤ ਵਾਸਤੇ ਇਨੋਵਾ ਗੱਡੀ ਭੇਜਣ ਦਾ ਵਾਅਦਾ ਕੀਤਾ ਸੀ। ਕਿੱਥੇ ਹਨ ਉਹ ਗਹਿਣੇ ਅਤੇ ਕਿੱਥੇ ਹਨ ਬਰਾਤ ਵਾਲੀ ਕਾਰਾਂ?