ਬਠਿੰਡਾ,17 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਸਮੇਤ ਕਾਂਗਰਸ ਦੀਆਂ ਵੱਡੀਆਂ ਮੱਛੀਆਂ ਸੌੜੇ ਹਿਤਾਂ ਲਈ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਥਾਂ ਵੇਚਣ ਲਈ ਜ਼ਿੰਮੇਵਾਰ ਹਨ।
ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਜਲ ਸਰੋਤ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ 8675 ਆਸਾਮੀਆ ਖਤਮ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲਵੇ । ਪਾਰਟੀ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਨੇ 'ਘਰ ਘਰ ਨੌਕਰੀ' ਦੇਣ ਦੀ ਯੋਜਨਾ ਦੀ ਥਾਂ ਨੌਕਰੀਆਂ ਦੇਣ ਦੀ ਥਾਂ ਜਲ ਸਰੋਤ ਮੰਤਰਾਲੇ ਦੀ ਮੌਜੂਦਾ 24263 ਮੁਲਾਜ਼ਮਾਂ ਦੀ ਗਿਣਤੀ ਘਟਾ ਕੇ 15606 ਕਰਨਾ ਇਸਦੇ ਮਨਸੂਬਿਆਂ ਦਾ ਸੂਚਕ ਹੈ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ ਮੁਲਾਜ਼ਮ ਵਿਰੋਧ ਕਦਮ ਚੁੱਕਣ ਦੀ ਇਜ਼ਾਜਤ ਨਹੀਂ ਦੇਵੇਗੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਬਠਿੰਡਾ ਥਰਮਲ ਪਲਾਂਟ ਦ 1764 ਏਕੜ ਜ਼ਮੀਨ ਇੰਡਸਟਰੀਅਲ ਪਾਰਕ ਦੇ ਨਾਂ 'ਤੇ ਜ਼ਮੀਨਾਂ ਹਥਿਆਉਣ ਵਾਲੀਆਂ ਵੱਡੀਆਂ ਮੱਛੀਆਂ ਹਵਾਲੇ ਕੀਤੀ ਜਾ ਰਹੀ ਹੈ।
ਇਸ ਫੈਸਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਬਠਿੰਡਾ ਤੇ ਗਿੱਦੜਬਾਹਾ ਵਿਚ ਪਹਿਲਾਂ ਹੀ ਜ਼ਮੀਨਾਂ ਹਥਿਆਉਣ ਦੀਆਂ ਕਈ ਸ਼ਿਕਾਇਤਾਂ ਆ ਚੁੱਕੀਆਂ ਹਨਉਂ ਉਹਨਾਂ ਕਿਹਾ ਕਿ ਲੋਕ ਪਹਿਲਾਂ ਹੀ ਜੋਜੋ ਕੇਸ ਦੇਕੇ ਥੱਕ ਗਏ ਹਨ। ਉਹਨਾਂ ਕਿਹਾ ਕਿ ਹੁਣ ਇਹੀ ਲੋਕ ਦਾਅਵਾ ਕਰ ਰਹੇ ਹਨ ਕਿ ਥਰਮਲ ਪਲਾਂਟ ਵਾਲੀ ਥਾਂ ਇੰਡਸਟਰੀਅਲ ਪਾਰਕ ਬਣੇਗਾ।
ਵਿੱਤ ਮੰਤਰੀ ਨੂੰ ਪੰਜਾਬ ਵਿਚ 60 ਪ੍ਰਮੁੱਖ ਉਦਯੋਗਾਂ ਨੂੰ 60 ਮਹੀਨਿਆਂ ਵਿਚ ਲੀਹ 'ਤੇ ਲਿਆਉਣ ਦਾ ਵਾਅਦਾ ਚੇਤੇ ਕਰਵਾਉਂਦਿਆਂ ਉਹਨਾਂ ਨੇ ਵਿੱਤ ਮੰਤਰੀ ਨੂੰ ਸਵਾਲ ਕੀਤਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਉਹਨਾਂ ਨੇ ਕਿੰਨੇ ਉਦਯੋਗਾਂ ਨੂੰ ਲੀਹ 'ਤੇ ਲਿਆਂਦਾ ਹੈ।
ਥਰਮਲ ਪਲਾਂਟ ਦੀ ਗੱਲ ਕਰਦਿਆਂ ਸ੍ਰੀ ਮਲੂਕਾ, ਸ੍ਰੀ ਸਿੰਗਲਾ ਤੇ ਸ੍ਰੀ ਰੋਮਾਣਾ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ 700 ਕਰੋੜ ਰੁਪਏ ਤੋਂ ਵਧੇਰੇ ਖਰਚ ਕੇ ਇਸਨੂੰ 2031 ਤੱਕ ਚਲਾਉਣਯੋਗ ਬਣਾਇਆ ਸੀ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਵੱਲੋਂ ਪਲਾਂਟ ਬੰਦ ਕਰਨ ਲਈ ਦਿੱਤੀਆਂ ਜਾ ਰਹੀਆਂ ਦਲੀਲਾਂ ਧੋਖਾਦੇਹੀ ਹਨ।