ਪਰਮਿੰਦਰ ਢੀਂਡਸਾ ਨੇ ਕਿਹਾ ਕਿ ਤੱਥਾਂ ਦੀ ਗਲਤਬਿਆਨੀ ਕੀਤੀ ਗਈ ਹੈ। ਸਰਕਾਰੀ ਕਰਮਚਾਰੀਆਂ ਜਾਂ ਸਮਾਜ ਭਲਾਈ ਸਕੀਮਾਂ ਵਾਸਤੇ ਕੋਈ ਫੰਡ ਰਾਖਵੇਂ ਨਹੀਂ ਰੱਖੇ
ਚੰਡੀਗੜ•/18 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਕਿ ਭਾਰੀ ਕਰਜ਼ਿਆਂ ਉੱਪਰ ਟੇਕ ਰੱਖ ਕੇ ਤਿਆਰ ਕੀਤਾ ਗਿਆ ਬਜਟ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਾਂਗ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੱਡਾ ਧੋਖਾ ਹੈ, ਜਿਸ ਵਿਚ ਆਮ ਆਦਮੀ ਲਈ ਕੁੱਝ ਵੀ ਨਹੀਂ ਹੈ।
ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਜਾਅਲੀ ਕਰਾਰ ਦਿੰਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਤੱਥਾਂ ਦੀ ਗਲਤਬਿਆਨੀ ਕਰਕੇ ਅਤੇ ਕਿਸਾਨਾਂ, ਨੌਜਵਾਨਾਂ ਜਾਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੋਈ ਫੰਡ ਰਾਖਵੇਂ ਨਾ ਰੱਖ ਕੇ ਪੰਜਾਬ ਦੇ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਇਸ ਬਜਟ ਵਿਚ ਸਮਾਜ ਭਲਾਈ ਸਕੀਮਾਂ ਲਈ ਢੁੱਕਵੇਂ ਫੰਡ ਨਾ ਰੱਖ ਕੇ ਗਰੀਬ ਤਬਕਿਆਂ ਨਾਲ ਵੀ ਵਿਤਕਰਾ ਕੀਤਾ ਗਿਆ ਹੈ।
ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਾਸਤੇ ਬਜਟ ਵਿਚ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਸਰਕਾਰੀ ਕਰਮਚਾਰੀਆਂ ਨੂੰ ਡੀਏ ਬਕਾਏ ਦੇਣ ਵਾਸਤੇ ਵੀ ਕੋਈ ਫੰਡ ਰਾਖਵੇਂ ਨਹੀਂ ਰੱਖੇ ਗਏ ਹਨ। ਉਹਨਾਂ ਕਿਹਾ ਕਿ ਪੈਨਸ਼ਨਾਂ ਅਤੇ ਸ਼ਗਨ ਸਕੀਮ ਵਾਸਤੇ ਵੀ ਢੁੱਕਵੇ ਫੰਡ ਨਹੀਂ ਰੱਖੇ ਗਏ, ਜਿਸ ਕਰਕੇ ਇਹਨਾਂ ਨੂੰ ਜਾਰੀ ਰੱਖਣ ਪਾਉਣਾ ਸੰਭਵ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕੇਂਦਰ ਸਰਕਾਰ ਕੋਲੋ ਮਿਲੇ ਦੋ ਸਾਲ ਦੇ ਫੰਡਾਂ ਨੂੰ ਗੈਰ-ਉਪਯੋਗੀ ਕੰਮਾਂ ਵਾਸਤੇ ਇਸਤੇਮਾਲ ਕਰ ਚੁੱਕੀ ਹੈ, ਇਸ ਲਈ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਵਿਚ ਦਿੱਕਤ ਆਵੇਗੀ।
ਇਹ ਟਿੱਪਣੀ ਕਰਦਿਆਂ ਕਿ ਵਿੱਤ ਮੰਤਰੀ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ ਕਿ ਉਸ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱੇਤੇ ਸੂਬਾਈ ਟੈਕਸ ਘਟਾ ਦਿੱਤਾ ਹੈ, ਅਕਾਲੀ ਆਗੂ ਨੇ ਕਿਹਾ ਕਿ ਤੱਥ ਇਹ ਹੈ ਕਿ ਪੰਜਾਬ ਨੇ ਸਭ ਤੋਂ ਬਾਅਦ ਵਿਚ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ, ਜਦੋਂ ਬਾਕੀ ਸਾਰੇ ਸੂਬੇ ਪੈਟਰੋਲੀਅਮ ਵਸਤਾਂ ਉੱਤੇ ਆਪਣੇ ਲੋਕਾਂ ਨੂੰ ਪਹਿਲਾਂ ਹੀ ਰਾਹਤ ਪ੍ਰਦਾਨ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਕੋਲੋਂ ਗੈਰਵਾਜਿਬ ਢੰਗ ਨਾਲ ਉਗਰਾਹਿਆ ਪੈਸਾ ਵਾਪਸ ਮੋੜਣਾ ਚਾਹੀਦਾ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਬਜਟ ਅੰਕੜੇ ਦੱਸਦੇ ਹਨ ਕਿ ਸਰਕਾਰ ਪਿਛਲੇ ਦੋ ਵਿੱਤੀ ਸਾਲਾਂ ਦੌਰਾਨ ਬਜਟ ਖਰਚਿਆਂ ਵਾਸਤੇ 30 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਰਜ਼ਾ ਲੈ ਚੁੱਕੀ ਹੈ ਅਤੇ ਆਪਣੇ ਤੀਜੇ ਵਿੱਤੀ ਵਰ•ੇ ਲਈ 20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਚੁੱਕੇਗੀ। ਉਹਨਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਇੰਨਾ ਕਰਜ਼ਾ ਕਦੇ ਨਹੀਂ ਚੁੱਕਿਆ ਗਿਆ। ਅਕਾਲੀ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬਜਟ ਖਰਚਿਆਂ ਲਈ ਸਿਰਫ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਸੀ।
ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਵੱਡੇ ਮਾਤਰਾ ਵਿਚ ਲਏ ਜਾ ਰਹੇ ਕਰਜ਼ਿਆ ਨੇ ਸਾਬਿਤ ਕਰ ਦਿੱਤਾ ਹੈ ਕਿ ਵਿੱਤੀ ਘਾਟੇ ਦੀ ਪੂਰਤੀ ਲਈ ਕੋਈ ਵੀ ਵਿੱਤੀ ਟੀਚਾ ਨਹੀਂ ਮਿਥਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਬਜਟ ਦੇ ਅੰਕੜੇ ਵੀ ਮੇਲ ਨਹੀਂ ਖਾਂਦੇ ਹਨ। ਆਮਦਨ ਤੇ ਖਰਚੇ ਦੇ ਅੰਕੜਿਆਂ ਵਿਚਕਾਰ ਮੇਲ ਬਿਠਾਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਬਜਟ ਅੰਕੜਿਆਂ ਸੰਬੰਧੀ ਆਪਣੀ ਗਲਤਬਿਆਨੀ ਨੂੰ ਲੁਕੋਣ ਵਾਸਤੇ ਕਾਂਗਰਸ ਸਰਕਾਰ ਨੇ “ਅਨਫੰਡਿਡ ਗੈਪ' ਨਾਂ ਸ਼ਬਦ ਘੜ ਲਿਆ ਹੈ ਅਤੇ ਇਸ ਦਾ ਅੰਕੜਾ 2,323 ਕਰੋੜ ਰੁਪਏ ਵਿਖਾ ਦਿੱਤਾ ਹੈ। ਉਹਨਾਂ ਕਿਹਾ ਕਿ ਅਰਥ ਸ਼ਾਸ਼ਤਰ ਅੰਦਰ ਅਜਿਹਾ ਕੋਈ ਸ਼ਬਦ ਨਹੀਂ ਮਿਲਦਾ। ਵਿੱਤ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਮਦਨ ਅਤੇ ਖਰਚੇ ਦੇ ਅੰਕੜਿਆਂ ਦਾ ਮੇਲ ਕਰਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ। ਉਹਨਾਂ ਵਿੱਤ ਮੰਤਰੀ ਨੂੰ ਇਹ ਵੀ ਸੁਆਲ ਕੀਤਾ ਕਿ ਜੇ ਉਸ ਕੋਲ ਆਮਦਨ ਹੀ ਨਹੀਂ ਹੈ ਤਾਂ ਉਹ ਖਰਚ ਕਿਵੇਂ ਕਰੇਗਾ, ਕਿਉਂਕਿ ਵਿੱਤ ਮੰਤਰੀ ਵੱਲੋਂ ਸਰੋਤ ਜੁਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ।
ਸਰਦਾਰ ਢੀਂਡਸਾ ਨੇ ਕਿਹਾ ਕਿ ਬਜਟ ਅੰਕੜਿਆਂ ਸੰਬੰਧੀ ਆਪਣੀ ਗਲਤਬਿਆਨੀ ਨੂੰ ਲੁਕੋਣ ਵਾਸਤੇ ਕਾਂਗਰਸ ਸਰਕਾਰ ਨੇ “ਅਨਫੰਡਿਡ ਗੈਪ' ਨਾਂ ਸ਼ਬਦ ਘੜ ਲਿਆ ਹੈ ਅਤੇ ਇਸ ਦਾ ਅੰਕੜਾ 2,323 ਕਰੋੜ ਰੁਪਏ ਵਿਖਾ ਦਿੱਤਾ ਹੈ। ਉਹਨਾਂ ਕਿਹਾ ਕਿ ਅਰਥ ਸ਼ਾਸ਼ਤਰ ਅੰਦਰ ਅਜਿਹਾ ਕੋਈ ਸ਼ਬਦ ਨਹੀਂ ਮਿਲਦਾ। ਵਿੱਤ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਮਦਨ ਅਤੇ ਖਰਚੇ ਦੇ ਅੰਕੜਿਆਂ ਦਾ ਮੇਲ ਕਰਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ। ਉਹਨਾਂ ਵਿੱਤ ਮੰਤਰੀ ਨੂੰ ਇਹ ਵੀ ਸੁਆਲ ਕੀਤਾ ਕਿ ਜੇ ਉਸ ਕੋਲ ਆਮਦਨ ਹੀ ਨਹੀਂ ਹੈ ਤਾਂ ਉਹ ਖਰਚ ਕਿਵੇਂ ਕਰੇਗਾ, ਕਿਉਂਕਿ ਵਿੱਤ ਮੰਤਰੀ ਵੱਲੋਂ ਸਰੋਤ ਜੁਟਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ।