ਚੰਡੀਗੜ•/14 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਧਾਇਕ ਐਚ ਐਸ ਫੂਲਕਾ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਕੀ ਉਹਨਾਂ ਨੇ ਆਪ ਤੋਂ ਅਸਤੀਫਾ ਦੇ ਦਿੱਤਾ ਹੈ ਜਾਂ ਨਹੀਂ ਅਤੇ ਇਹ ਵੀ ਦੱਸਣ ਕਿ ਉਹ ਵਿਧਾਨ ਸਭਾ ਅੰਦਰ ਕਾਂਗਰਸੀ ਮੰਤਰੀਆਂ ਨਾਲ ਗੁਪਤ ਤੌਰ ਤੇ ਮੀਟਿੰਗ ਕਿਉਂ ਕਰ ਰਹੇ ਸਨ ਅਤੇ ਕਿਉਂ ਉਹਨਾਂ ਤੋਂ ਨਿਰਦੇਸ਼ ਲੈ ਰਹੇ ਸਨ?
ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੀ ਮੀਡੀਆ ਗੈਲਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੂਲਕਾ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਆਪ ਅਤੇ ਵਿਧਾਨ ਸਭਾ ਦੇ ਮੈਂਬਰ ਵਜੋਂ ਅਸਤੀਫਾ ਦੇਣ ਮਗਰੋਂ ਵਿਧਾਨ ਸਭਾ ਸੈਸ਼ਨ ਵਿਚ ਭਾਗ ਲੈਣਾ ਉਹਨਾਂ ਨੂੰ ਨੈਤਿਕ ਤੌਰ ਤੇ ਠੀਕ ਲੱਗਦਾ ਹੈ?
ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਫੂਲਕਾ ਨੂੰ ਇੱਕ ਗੁਪਤ ਮੀਟਿੰਗ ਵਾਸਤੇ ਸੱਦਿਆ ਗਿਆ ਸੀ। ਉਹਨਾਂ ਕਿਹਾ ਕਿ ਫੂਲਕਾ ਨੇ ਕੇਂਦਰੀ ਹਾਲ ਵਿਚ ਸਿਰਫ ਕਾਂਗਰਸੀ ਮੰਤਰੀਆਂ ਨਾਲ ਮੀਟਿੰਗ ਹੀਂ ਨਹੀਂ ਕੀਤੀ, ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦੀ ਚੋਣਾਂ ਕਰਵਾਉਣ ਦੀ ਮੰਗ ਕਰਨ ਵਾਲਾ ਮਤਾ ਵੀ ਪੇਸ਼ ਕਰ ਦਿੱਤਾ। ਇਹ ਗੱਲ ਇਸ ਤੱਥ ਨੇ ਸਾਬਿਤ ਕਰ ਦਿੱਤੀ ਕਿ ਮੁੱਖ ਮੰਤਰੀ ਨੇ ਇਸ ਮਤੇ ਨੂੰ ਤੁਰੰਤ ਪ੍ਰਵਾਨਗੀ ਦੇ ਦਿੱਤੀ।
ਸਰਦਾਰ ਫੂਲਕਾ ਨੂੰ ਇਹ ਆਖਦਿਆਂ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਕੈਪਟਨ ਅਮਰਿੰਦਰ ਤੋਂ ਨਿਰਦੇਸ਼ ਕਿਉਂ ਲੈ ਰਹੇ ਹਨ, ਅਕਾਲੀ ਆਗੂ ਨੇ ਕਿਹਾ ਕਿ ਕੱਲ• ਸਰਦਾਰ ਫੂਲਕਾ ਨੇ 1984 ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਸਤੇ ਕੰਮ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਸੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਕੈਪਟਨ ਅਮਰਿੰਦਰ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ 1984 ਕਤਲੇਆਮ ਦੇ ਦੋਸ਼ੀਆਂ ਦਾ ਉਲਟਾ ਬਚਾਅ ਕੀਤਾ ਸੀ। ਲੋਕ ਜਾਣਨਾ ਚਾਹੁੰਦੇ ਹਨ ਕਿ ਇਹ ਮਿਲੀ-ਭੁਗਤ ਨਾਲ ਕਿਹੜਾ ਮੈਚ ਖੇਡਿਆ ਜਾ ਰਿਹਾ ਹੈ? ਉਹਨਾਂ ਕਿਹਾ ਕਿ ਕੀ ਸਰਦਾਰ ਫੂਲਕਾ ਸੰਵਿਧਾਨ ਤੋਂ ਉੱਪਰ ਹਨ ਕਿ ਉਹ ਆਪ ਦੀ ਮੈਂਬਰਸ਼ਿਪ ਮਰਜ਼ੀ ਨਾਲ ਛੱਡਣ ਮਗਰੋਂ ਵੀ ਵਿਧਾਨ ਸਭਾ ਦਾ ਅੰਗ ਬਣੇ ਰਹਿ ਸਕਦੇ ਹਨ? ਸੰਵਿਧਾਨ ਦੀ 10ਵੀਂ ਸੂਚੀ ਸਪੱਸ਼ਟ ਕਰਦੀ ਹੈ ਕਿ ਉਹਨਾਂ ਨੂੰ ਅਯੋਗ ਕਰਾਰ ਦੇਣਾ ਚਾਹੀਦਾ ਹੈ,ਪਰ ਇਸ ਤਰ•ਾਂ ਲੱਗਦਾ ਹੈ ਕਿ ਕਾਂਗਰਸ ਸਰਦਾਰ ਫੂਲਕਾ ਨਾਲ ਕੀਤੇ ਕਿਸੇ ਸੌਦੇ ਤਹਿਤ ਜਾਣਬੁੱਝ ਕੇ ਅਜਿਹਾ ਨਹੀਂ ਕਰ ਰਹੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਪੀਕਰ ਜ਼ਰੀਏ ਕਿਸਾਨ ਖੁਦਕੁਸ਼ੀਆਂ ਉੱਤੇ ਧਿਆਨ-ਦਿਵਾਊ ਮਤੇ ਦੀ ਆਗਿਆ ਨਾ ਦੇ ਕੇ ਕਾਂਗਰਸ ਪਾਰਟੀ ਕਿਸਾਨਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਸਪੀਕਰ ਨੇ ਕਿਹਾ ਹੈ ਕਿ ਧਿਆਨ-ਦਿਵਾਊ ਮਤਾ ਇਸ ਲਈ ਰੱਦ ਕੀਤਾ ਗਿਆ ਸੀ, ਕਿਉਂਕਿ ਇਹ ਸਦਨ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਦਿੱਤਾ ਗਿਆ ਸੀ। ਸਪੀਕਰ ਦੇ ਦਫ਼ਤਰ ਵੱਲੋਂ ਧਿਆਨ ਦਿਵਾਊ ਮਤਾ ਪ੍ਰਾਪਤ ਕਰਨ ਬਾਰੇ ਦਿੱਤੀ ਰਸੀਦ ਵਿਖਾਉਂਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਤੱਥ ਬਿਲਕੁੱਲ ਉਲਟ ਕਹਾਣੀ ਬਿਆਨ ਕਰਦੇ ਹਨ। ਉਹਨਾਂ ਕਿਹਾ ਕਿ ਸਪੀਕਰ ਨੇ ਇਹ ਵੀ ਕਿਹਾ ਸੀ ਕਿ ਇਹ ਮੁੱਦਾ ਹੰਗਾਮੀ ਅਤੇ ਅਹਿਮ ਨਹੀਂ ਸੀ, ਜਦਕਿ ਪਿਛਲੇ 22 ਮਹੀਨਿਆਂ ਅੰਦਰ 919 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਇਸ ਮੌਕੇ ਉੱਪਰ ਬੋਲਦਿਆਂ ਸਾਬਕਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਆਪ ਲਗਾਤਾਰ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਹਰਪਾਲ ਚੀਮਾ ਕਾਂਗਰਸ ਅੱਗੇ ਗੋਡੇ ਟੇਕ ਚੁੱਕਿਆ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜੇਕਰ ਸਪੀਕਰ ਨੇ ਆਪ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਉੱਤੇ ਫੈਸਲਾ ਲੈ ਲਿਆ ਤਾਂ ਉਸ ਦੀ ਕੁਰਸੀ ਨਹੀਂ ਬਚੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਸਿੰਘ ਢਿੱਲੋਂ, ਰੋਜ਼ੀ ਬਰਕੰਦੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਵਨ ਕੁਮਾਰ ਟੀਨੂੰ, ਐਨਕੇ ਸ਼ਰਮਾ, ਦਿਲਰਾਜ ਭੂੰਦੜ,ਬਲਦੇਵ ਖਹਿਰਾ, ਡਾਕਟਰ ਸੁਖਵਿੰਦਰ ਸੁੱਖੀ, ਅਰੁਣ ਨਾਰੰਗ ਅਤੇ ਦਿਨੇਸ਼ ਕੁਮਾਰ ਬੱਬੂ ਹਾਜ਼ਿਰ ਸਨ।