ਕਿਹਾ ਕਿ ਮੰਤਰਾਲੇ ਵੱਲੋਂ ਦਿੱਤੀ 400 ਕਰੋੜ ਰੁਪਏ ਦੀ ਸਿੱਧੀ ਗਰਾਂਟ ਨਾਲ 1000 ਕਰੋੜ ਰੁਪਏ ਦੇ ਨਿਵੇਸ਼ ਨੂੰ ਬਲ ਮਿਲਿਆ
ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਸਹਿਯੋਗ ਦਿੱਤਾ ਹੁੰਦਾ ਅਤੇ ਫੂਡ ਮੰਤਰਾਲੇ ਦੀਆਂ ਸਕੀਮਾਂ ਦਾ ਲਾਭ ਉਠਾਇਆ ਹੁੰਦਾ ਤਾਂ ਹੋਰ ਫਾਇਦਾ ਹੋ ਸਕਦਾ ਸੀ
ਚੰਡੀਗੜ•/05 ਮਾਰਚ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਪੰਜਾਬ ਵਿਚ 41 ਪ੍ਰਾਜੈਕਟ ਲਿਆਂਦੇ ਗਏ ਹਨ, ਜਿਸ ਨਾਲ 400 ਕਰੋੜ ਰੁਪਏ ਦੀ ਸਿੱਧੀ ਗਰਾਂਟ ਆਈ ਹੈ ਅਤੇ 1000 ਕਰੋੜ ਰੁਪਏ ਦੇ ਨਿਵੇਸ਼ ਲਈ ਰਸਤਾ ਖੁੱਲਿ•ਆ ਹੈ। ਇਸ ਨਾਲ ਸੂਬੇ ਅੰਦਰ 55 ਹਜ਼ਾਰ ਨੌਕਰੀਆਂ ਪੈਦਾ ਹੋਣਗੀਆਂ ਅਤੇ ਸਵਾ ਲੱਖ ਕਿਸਾਨਾਂ ਨੂੰ ਲਾਭ ਹੋਵੇਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜ ਸਾਲਾਂ ਦੇ ਛੋਟੇ ਵਕਫ਼ੇ ਦੌਰਾਨ ਕਦੇ ਵੀ ਪੰਜਾਬ ਵਿਚ ਫੂਡ ਸੈਕਟਰ ਲਈ ਇੰਨਾ ਕੁੱਝ ਨਹੀਂ ਕੀਤਾ ਗਿਆ।ਮੈਨੂੰ ਇਸ ਪ੍ਰਾਪਤੀ ਉੱਤੇ ਮਾਣ ਹੈ। ਇਸ ਤੋਂ ਇਲਾਵਾ ਮੈ ਕਪੂਰਥਲਾ ਵਿਖੇ ਮੱਕੀ ਦੀ ਪ੍ਰੋਸੈਸਿੰਗ ਕਰਨ ਵਾਲਾ ਫੂਡ ਪਾਰਕ (ਮੈਸਰਜ ਸੁਖਜੀਤ ਸਟਾਰਚ ਐਂਡ ਕੈਮੀਕਲ ਲਿਮਟਿਡ) ਬਣਾ ਕੇ ਸੂਬੇ ਅੰਦਰ ਫਸਲੀ ਵਿਭਿੰਨਤਾ ਨੂੰ ਹੁਲਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਮੰਤਰਾਲੇ ਨਾਲ ਸਹਿਯੋਗ ਕਰਕੇ ਸੰਪਦਾ ਸਕੀਮ ਤਹਿਤ ਮਿਲਣ ਵਾਲੀਆਂ ਗਰਾਂਟਾਂ ਹਾਸਿਲ ਕੀਤੀਆਂ ਹੁੰਦੀਆਂ ਤਾਂ ਸੂਬੇ ਨੂੰ ਹੋਰ ਜ਼ਿਆਦਾ ਲਾਭ ਹੋ ਸਕਦਾ ਸੀ। ਉਹਨਾਂ ਕਿਹਾ ਕਿ ਹੁਣ ਵੀ ਸੂਬਾ ਸਰਕਾਰ ਵੱਲੋਂ ਲਾਧੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਤੋਂ ਕੀਤੇ ਇਨਕਾਰ ਕਰਕੇ ਕਿਸਾਨਾਂ ਅਤੇ ਨਿਵੇਸ਼ਕਾਂ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹ ਫੂਡ ਪਾਰਕ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਗਰਾਂਟ ਨਾਲ ਤਿਆਰ ਹੋਇਆ ਹੈ, ਕਾਂਗਰਸ ਸਰਕਾਰ ਇਸ ਦੇ ਉਦਘਾਟਨ ਵਿਚ ਇਸ ਲਈ ਅੜਿੱਕੇ ਪਾ ਰਹੀ ਹੈ, ਕਿਉਕਿ ਇਸ ਨੂੰ ਡਰ ਹੈ ਕਿ ਲੋਕ ਸਭਾ ਚੋਣਾਂ ਵਿਚ ਇਸ ਪ੍ਰਾਜੈਕਟ ਦਾ ਸਿਹਰਾ ਮੈਨੂੰ ਮਿਲ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ 371 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ, ਕਪੂਰਥਲਾ ਅਤੇ ਲਾਧੋਵਾਲ ਵਿਖੇ ਤਿੰਨ ਫੂਡ ਪਾਰਕ ਸਥਾਪਤ ਕੀਤੇ ਗਏ ਹਨ। ਇਹਨਾਂ ਵਿਚੋਂ ਫਾਜ਼ਿਲਕਾ ਵਾਲਾ ਪ੍ਰਾਜੈਕਟ ਚਾਲੂ ਹੋ ਚੁੱਕਿਆ ਹੈ ਜਦਕਿ ਬਾਕੀ ਦੋਵੇਂ ਪ੍ਰਾਜੈਕਟ ਜਲਦੀ ਹੀ ਮੁਕੰਮਲ ਹੋਣ ਵਾਲੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਫੂਡ ਮੰਤਰਾਲੇ ਵੱਲੋਂ 443 ਕਰੋੜ ਰੁਪਏ ਦੀ ਲਾਗਤ ਨਾਲ 19 ਇੰਟੀਗਰੇਟਿਡ ਕੋਲਡ ਚੇਨਾਂ ਅਤੇ ਫਸਲਾਂ ਦੀ ਗੁਣਵੱਤਾ ਵਧਾਉਣ ਵਾਲਾ ਬੁਨਿਆਦੀ ਢਾਂਚਾ ਅਤੇ ਸੱਤ ਫੂਡ ਟੈਸਟਿੰਗ ਲੈਬਾਰਟਰੀਆਂ ਤਿਆਰ ਕੀਤੀਆਂ ਗਈਆਂ ਹਨ।
ਬੀਬੀ ਬਾਦਲ ਨੇ ਕਿਹਾ ਕਿ ਵੱਖ ਵੱਖ ਫੂਡ ਪ੍ਰੋਸੈਸਿੰਗ ਕੰਪਨੀਆਂ ਅਤੇ ਕਿਸਾਨ ਉਤਪਾਦਕਾਂ ਨੂੰ ਸ਼ਹਿਦ ਉਤਪਾਦਨ, ਪੋਲਟਰੀ, ਆਲੂ ਪ੍ਰੋਸੈਸਿੰਗ ਅਤੇ ਮੀਟ ਪੈਕੇਜਿੰਗ ਲਈ ਗਰਾਂਟਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇੰਟੀਗਰੇਟਿਡ ਕੋਲਡ ਚੇਨਾਂ ਵਾਸਤੇ ਵੱਖ ਵੱਖ ਡੇਅਰੀਆਂ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਆਪਣੇ ਯੂਨਿਟਾਂ ਨੂੰ ਆਧੁਨਿਕ ਬਣਾਉਣ ਲਈ 10 ਕਰੋੜ ਰੁਪਏ ਤਕ ਦੀ ਗਰਾਂਟਾਂ ਦਾ ਲਾਭ ਲੈਣ ਵਾਸਤੇ ਬਹੁਤ ਸਾਰੇ ਕਿਸਾਨਾਂ ਨੇ ਪਹੁੰਚ ਕੀਤੀ ਹੈ।
ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਕਿਸਾਨਾਂ ਗਰੁੱਪਾਂ ਨੂੰ ਵੱਖ ਵੱਖ ਸਕੀਮਾਂ ਦਾ ਲਾਭ ਦਿਵਾਉਣ ਵਿਚ ਮੱਦਦ ਕਰਨ ਲਈ ਸਲਾਹਕਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ, ਕਿਉਂਕਿ ਕਾਂਗਰਸ ਸਰਕਾਰ ਨੇ ਇਹਨਾਂ ਸਕੀਮਾਂ ਦਾ ਪ੍ਰਚਾਰ ਕਰਨ ਜਾਂ ਕਿਸਾਨਾਂ ਨੂੰ ਸਕੀਮਾਂ ਦਾ ਲਾਭ ਦਿਵਾਉਣ ਵਿਚ ਮੱਦਦ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਸੀ।
ਬਠਿੰਡਾ ਸਾਂਸਦ ਨੇ ਕਿਹਾ ਕਿ ਬਠਿੰਡਾ ਵਿਖੇ ਸਥਾਪਤ ਕੀਤਾ ਫੂਡ ਪ੍ਰੋਸੈਸਿੰਗ ਕਮ ਬਿਜ਼ਨਸ ਇਨਕਿਊਬੇਸ਼ਨ ਸੈਂਟਰ (ਆਈਆਈਐਫਪੀਟੀ) ਫੂਡ ਸੈਕਟਰ ਅੰਦਰ ਤੁਰੰਤ ਕਾਰੋਬਾਰ ਸ਼ੁਰੂ ਕਰਨ ਵਾਸਤੇ ਬਹੁਤ ਹੀ ਮਦਦਗਾਰ ਸਾਬਿਤ ਹੋਇਆ ਹੈ। ਉਹਨਾ ਕਿਹਾ ਕਿ 200 ਤੋਂ ਵੱਧ ਵਿਅਕਤੀ, ਖਾਸ ਕਰਕੇ ਔਰਤਾਂ ਇੱਥੇ ਸਿਖਲਾਈ ਲੈ ਚੁੱਕੀਆਂ ਹਨ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਜਾ ਰਹੀਆਂ ਹਨ।