ਚੰਡੀਗੜ੍ਹ, 11 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਕੋਰੋਨਾ ਸੰਕਟ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ ਜਿਸ ਕਾਰਨ ਦੇਸ਼ ਵਿਚ ਸਭ ਤੋਂ ਵੱਧ ਮੌਤ ਦਰ ਪੰਜਾਬ ਵਿਚ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਬਜਾਏ ਆਪਣੇ ਫਾਰਮ ਹਾਊਸ ਵਿਚ ਆਰਾਮ ਨਾਲ ਬੈਠ ਕੇ ਕਰੋਨਾ ਨੂੰ ਰਿਮੋਟ ਕੰਟਰੋਲ ਨਾਲ ਕਾਬੂ ਕਰਨ ਦਾ ਯਤਨ ਕਰਨ ਦੇ, ਮੁੱਖ ਮੰਤਰੀ ਨੂੰ ਜ਼ਮੀਨੀ ਹਕੀਕਤ ਜਾਨਣ ਲਈ ਮੌਕੇ ’ਤੇ ਹਾਲਾਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਪੰਜਾਬ ਵਿਚ ਕੋਰੋਨਾ ਨਾਲ 2150 ਮਰੀਜ਼ਾਂ ਦੀ ਮੌਤ ਹੋਣ ਨਾਲ ਮੌਤ ਦਰ ਮਹਾਰਾਸ਼ਟਰ ਤੇ ਗੁਜਰਾਤ ਤੋਂ ਵੀ ਵੱਧ ਗਈ ਹੈ। ਉਹਨਾਂ ਕਿਹਾ ਕਿ ਸੂਬੇ ਦੇ ਸੀਨੀਅਰ ਆਗੂ ਇਸ ਸੰਕਟ ਨਾਲ ਨਜਿੱਠਣ ਵਾਸਤੇ ਸਭ ਤੋਂ ਵੱਧ ਪ੍ਰਭਾਵਤ ਹੋਏ ਇਲਾਕਿਆਂ ਵਿਚ ਬੈਠੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮਝਦੇ ਹਨ ਕਿ ਸਿਰਫ ਹੀ ਇਸ ਮਸਲੇ ਦੇ ਹੱਲ ਬਾਰੇ ਬੋਲਣ ਦੀ ਥਾਂ ਰੋਜ਼ਾਨਾ ਮੌਤ ਦੇ ਅੰਕੜਿਆਂ ਦੀ ਜਾਣਕਾਰੀ ਦੇ ਕੇ ਹੀ ਖੇਡਾਂ ਖੇਡ ਲੈਣਗੇ। ਉੁਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਇਸੇ ਰਵੱਈਏ ਕਾਰਨ ਉਹਨਾਂ ਦੇ ਅਖੌਤੀ ਮਿਸ਼ਨ ਫਤਿਹ ਦੀ ਪ੍ਰਾਪੇਗੰਡਾ ਕਰਨ ਵਾਲੀ ਮੁਹਿੰਮ ’ਤੇ ਰੋਜ਼ਾਨਾ ਕਰੋੜਾਂ ਰੁਪਏ ਖਰਚ ਹੋ ਰਹੇ ਹਨ ਜਦਕਿ ਇਸ ਮੁਹਿੰਮ ਨਾਲ ਪੰਜਾਬ ਤੇ ਪੰਜਾਬੀਆਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਦਾ ਟਾਕਰਾ ਕਰਨ ਲਈ ਅਪਣਾਈ ਜਾ ਰਹੀ ਰਣਨੀਤੀ ਦੀ ਇਸਦੇ ਆਪਣੇ ਸਿਹਤ ਸਲਾਹਕਾਰ ਡਾ. ਕੇ ਕੇ ਤਲਵਾੜ ਨੇ ਨਿਖੇਧੀ ਕੀਤੀ ਹੈ ਜਿਹਨਾਂ ਨੇ ਸਰਕਾਰ ਨੂੰ ਜੁਲਾਈ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀ ਨਾ ਲੱਭਣ ਦਾ ਦੋਸ਼ੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਅਸਫਲਤਾ ਕਾਰਨ ਅਗਸਤ ਮਹੀਨੇ ਵਿਚ ਇਕ ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਹਨ ਤੇ ਹੁਣ ਸੂਬੇ ਦੇ 10 ਜ਼ਿਲਿ੍ਹਆਂ ਵਿਚ ਮੌਤਾਂ ਦੇ ਅੰਕੜੇ ਤਿੰਨ ਅੰਕਾਂ ਵਿਚ ਆ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ ਕਿਉਂਕਿ ਰੋਜ਼ਾਨਾ 80 ਤੋਂ 100 ਮੌਤਾਂ ਹੋ ਰਹੀਆਂ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਨੇ ਹਾਲੇ ਆਪਣੀਆਂ ਅਸਫਲਤਾਵਾਂ ਤੋਂ ਸਬਕ ਨਹੀਂ ਸਿੱਖਿਆ। ਉਹਨਾਂ ਕਿਹਾ ਕਿ ਸਰਕਾਰ ਹੁਣ ਆਕਸੀਮੀਟਰਾਂ ਦੀ ਸਪਲਾਈ ਬਾਰੇ ਪ੍ਰਾਪੇਗੰਡੇ ਵਿਚ ਰੁੱਝੀ ਹੈ ਬਜਾਏ ਕਿ ਉਹ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪਲਾਈ ਯਕੀਨੀ ਬਣਾਏ। ਉਹਨਾਂ ਕਿਹਾ ਕਿ ਹਸਪਤਾਲਾਂ ਨੂੰ ਤਰਲ ਆਕਸੀਜ਼ਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰੋਜ਼ਾਨਾ 100 ਮੀਟਰਿਕ ਟਨ ਆਕਸੀਜ਼ਨ ਦੀ ਜ਼ਰੂਰਤ ਪੈ ਰਹੀ ਹੈ ਜਦਕਿ ਸਪਲਾਈ ਸਿਰਫ 15 ਮੀਟਰਿਕ ਟਲ ਹੋ ਰਹੀ ਹੈ। ਉਹਨਾਂ ਕਿਹਾ ਕਿ ਬਜਾਏ ਇਸ ਸਪਲਾਈ ਨੂੰ ਵਧਾ ਕੇ ਤੇ ਹਸਪਤਾਲਾਂ ਨੂੰ ਆਕਸੀਜ਼ਨ ਸਪਲਾਈ ਯਕੀਨੀ ਬਣਾਉਣ ਦੇ, ਕੈਪਟਨ ਅਮਰਿੰਦਰ ਸਿੰਘ ਆਕਸੀਮੀਟਰਾਂ ਦੀ ਵੰਡ ਬਾਰੇ ਡਰਾਮੇਬਾਜ਼ੀ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਿਹਤ ਮੰਤਰੀ ਆਪਣੀ ਅਸਫਲਤਾ ਕਬੂਲਣ ਦੀ ਥਾਂ ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਵੱਧ ਹੋਣ ਲਈ ਪੰਜਾਬੀਆਂ ਦੀ ਜੀਵਨਸ਼ੈਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਸਿਹਤ ਮੰਤਰੀ ਜੋ ਪੰਜਾਬੀਆਂ ਬਾਰੇ ਭੰਡੀ ਪ੍ਰਚਾਰ ਕਰਨ ਦਾ ਆਦਿ ਹੈ, ਨੂੰ ਇਕ ਮਿੰਟ ਲਈ ਵੀ ਆਪਣੀ ਕੁਰਸੀ ’ਤੇ ਰਹਿਣ ਦਾ ਹੱਕ ਨਹੀਂ ਹੈ।
ਮੁੱਖ ਮੰਤਰੀ ਨੂੰ ਮਸਲੇ ਨੂੰ ਸਿੱਧਾ ਨਜਿੱਠਣ ਤੇ ਤੁਰੰਤ ਕੰਮ ਸ਼ੁਰੂ ਕਰਨ ਦੀ ਸਲਾਹ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਨਾਜ਼ੁਕ ਸੰਭਾਲ ਕੇਂਦਰਾਂ ਨੂੰ ਤੁਰੰਤ ਅਪਗਰੇਡ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਗਰੀਬ ਵਰਗਾਂ ਲਈ ਐਂਬੂਲੈਂਸ ਸੇਵਾ ਸਮੇਤ ਸਾਰਾ ਇਲਾਜ ਮੁਫਤ ਹੋਣਾ ਚਾਹੀਦਾ ਹੈ ਤਾਂ ਜੋ ਗਰੀਬ ਇਲਾਜ ਲਈ ਅੱਗੇ ਆਉਣ ਵਾਸਤੇ ਉਤਸ਼ਾਹਿਤ ਹੋ ਸਕਣ। ਉਹਨਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਟੈਸਟਿੰਗ ਤੇ ਪਲਾਜ਼ਮਾ ਇਲਾਜ ਸਹੂਲਤਾਂ ਵਿਚ ਵਾਧਾ ਕਰਨਾ ਪੈਣਾ ਹੈ ਕਿਉਂਕਿ ਲੋਕਾਂ ਦਾ ਸਰਕਾਰੀ ਮੈਡੀਕਲ ਸੰਸਥਾਵਾਂ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਉਠ ਗਿਆ ਹੈ। ਉਹਨਾਂ ਕਿਹਾ ਕਿ ਇਹ ਕਦਮ ਚੁੱਕਣ ਨਾਲ ਹੀ ਮੌਤ ਦਰ ’ਤੇ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਇਸ ਵਿਚ ਕਮੀ ਲਿਆਂਦੀ ਜਾ ਸਕਦੀ ਹੈ।