ਸੁਲਤਾਨਪੁਰ ਲੋਧੀ/ ਆਦਮਪੁਰ/ਸ਼ਾਹਕੋਟ/07 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਅੰਦਰ ਅਮਰਿੰਦਰ ਸਰਕਾਰ ਵਿਰੁੱਧ ਜਬਰਦਸਤ ਸਥਾਪਤੀ-ਵਿਰੋਧੀ ਲਹਿਰ ਹੈ ਅਤੇ ਮੁੱਖ ਮੰਤਰੀ ਨੂੰ ਆਪਣੇ ਹਲਕੇ ਪਟਿਆਲਾ ਅੰਦਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਜਲੰਧਰ ਅਤੇ ਖਡੂਰ ਸਾਹਿਬ ਹਲਕਿਆਂ ਅੰਦਰ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪੰਜਾਬ ਅੰਦਰ ਬਾਰਦਾਨਾ ਨਾ ਹੋਣ ਕਰਕੇ ਕਣਕ ਦੀ ਖਰੀਦ ਵਿਚ ਆ ਰਹੀ ਰੁਕਾਵਟ ਦਾ ਦੋਸ਼ ਦੂਜਿਆਂ ਉੱਤੇ ਸੁੱਟਣ ਲਈ ਸਖ਼ਤ ਨਿਖੇਧੀ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕੈਪਟਨ ਅਮਰਿੰਦਰ ਦੀ ਕਣਕ ਦੇ ਖਰੀਦ ਪ੍ਰਬੰਧਾਂ ਪ੍ਰਤੀ ਲਾਪਰਵਾਹੀ ਦੀ ਕੀਮਤ ਅਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕਣਕ ਦੀ ਖਰੀਦ ਕਿਸਾਨਾਂ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੁੰਦੀ ਹੈ। ਅਮਰਿੰਦਰ ਸੁੱਤਾ ਰਿਹਾ ਅਤੇ ਐਸ਼ਪ੍ਰਸਤੀ ਵਿਚ ਰੁੱਝਿਆ ਰਿਹਾ ਅਤੇ ਉਸ ਦੀ ਸਰਕਾਰ ਨੇ ਜਨਵਰੀ ਤਕ ਬਾਰਦਾਨੇ ਦਾ ਆਰਡਰ ਹੀਂ ਨਹੀਂ ਭੇਜਿਆ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਅਸੀਂ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ 5-6 ਮਹੀਨੇ ਪਹਿਲਾਂ ਨਵੰਬਰ ਤਕ ਬਾਰਦਾਨੇ ਦਾ ਆਰਡਰ ਭੇਜ ਦਿੰਦੇ ਸੀ। ਉਹਨਾਂ ਕਿਹਾ ਕਿ ਅਮਰਿੰਦਰ ਜਾਣਦਾ ਹੈ ਕਿ ਬਾਰਦਾਨੇ ਦਾ ਪ੍ਰਬੰਧ ਕਰਨ ਅਤੇ ਭੇਜਣ ਵਿਚ ਸਮਾਂ ਲੱਗਦਾ ਹੈ। ਫਿਰ ਉਸ ਦੀ ਸਰਕਾਰ ਨੇ ਇਹ ਆਰਡਰ ਦੇਰੀ ਨਾਲ ਕਿਉਂ ਭੇਜਿਆ?
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ ਹੈ, ਕਿਉਂਕਿ ਅਮਰਿੰਦਰ ਪਿਛਲੇ ਦੋ ਸਾਲ ਤੋਂ ਕਿਸੇ ਨੂੰ ਨਜ਼ਰ ਨਹੀਂ ਆਇਆ ਹੈ। ਉਹਨਾਂ ਕਿਹਾ ਕਿ ਉਹ ਬਿਲਕੁੱਲ ਹੀ ਅਣਸੁਖਾਂਵੀਆਂ ਗੱਲਾਂ ਕਰਕੇ ਖ਼ਬਰਾਂ ਵਿਚ ਰਿਹਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਧਾਏ ਬਿਜਲੀ ਦੇ ਬਿਲਾਂ ਨੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੀਆਂ ਚੀਕਾਂ ਕਢਾ ਰੱਖੀਆਂ ਹਨ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਉਹ ਟਿਊਬਵੈਲ ਬਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਸਰਦਾਰ ਬਾਦਲ ਨੇ ਕਿਹਾ ਕਿ ਅਸੰਬਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ। ਅਮਰਿੰਦਰ ਨੇ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ ਦੀ ਝੂਠੀ ਸਹੁੰ ਖਾ ਕੇ ਵਾਅਦੇ ਕੀਤੇ ਸਨ। ਉਹਨਾਂ ਕਿਹਾ ਕਿ ਅਮਰਿੰਦਰ ਨਾ ਸਿਰਫ ਆਪਣੇ ਕੀਤੇ ਵਾਅਦਿਆਂ ਤੋਂ ਮੁਕਰ ਗਿਆ, ਸਗੋਂ ਉਸ ਨੇ ਕਿਸਾਨਾਂ, ਵਪਾਰੀਆਂ ਅਤੇ ਸੂਬੇ ਦੇ ਗਰੀਬ ਲੋਕਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱੱਤੀਆਂ ਸਾਰੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਕੋਈ ਸ਼ਗਨ, ਪੈਨਸ਼ਨ, ਆਟਾ ਦਾਲ ਨਹੀਂ ਹੈ ਅਤੇ 50ਹਜ਼ਾਰ ਰੁਪਏ ਤਕ ਦਾ ਮੁਫਤ ਇਲਾਜ ਵੀ ਨਹੀਂ ਮਿਲਦਾ ਹੈ। ਨਾ ਸੁਵਿਧਾ ਕੇਂਦਰ ਰਹੇ ਹਨ, ਨਾ ਲੜਕੀਆਂ ਨੂੰ ਮੁਫਤ ਸਾਇਕਲ, ਮੁਫਤ ਵਰਦੀਆਂ ਅਤੇ ਸਪੋਰਟਸ ਦੀਆਂ ਮੁਫਤ ਕਿਟਾਂ ਮਿਲਦੀਆਂ ਹਨ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਦਿਨ ਦਿਹਾੜੇ ਕੀਤੀ ਇਸ ਬੇਅਦਬੀ ਨੂੰ ਪੰਜਾਬੀ ਕਦੇ ਨਹੀਂ ਭੁਲਾਉਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਵਿਰਸੇ ਦੀ ਸੰਭਾਲ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ ਜਦਕਿ ਕੈਪਟਨ ਕੋਲ ਅਜਿਹੇ ਕੰਮਾਂ ਵਾਸਤੇ ਵਕਤ ਹੀ ਨਹੀਂ ਹੈ।