ਚੰਡੀਗੜ੍ਹ, 18 ਜੁਲਾਈ: ਸੂਬੇ ਭਰ ਤੋਂ ਹਿੰਦੂ ਭਾਈਚਾਰੇ ਦੇ ਪ੍ਰਤੀਧਿ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਪੁੱਜੇ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ ਤੇਉਹਨਾਂ ਦੇ ਭਾਈਚਾਰੇ ਵਿਚੋਂ ਡਿਪਟੀ ਸੀ ਐਮ ਬਣਾਉਣ ਦੇ ਕੀਤੇ ਫੈਸਲੇ ਲਈ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਈਚਾਰੇ ਦੇ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਨਮਾਨ ਕੀਤਾ ਤੇ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਉਹ ਸੂਬੇ ਵਿਚ ਕਿਸੇ ਨੂੰ ਵੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਹੋਣ ਦੇਣ ਨਾਲੋਂ ਆਪਣੀ ਕੁਰਬਾਨੀ ਦੇਣ ਨੁੰ ਤਰਜੀਹ ਦੇਣਗੇ। ਉਹਨਾਂ ਕਿਹਾ ਕਿ ਮੈਂ ਵੱਖ ਵੱਖ ਫਿਰਕਿਆਂ ਦੇ ਲੋਕਾਂ ਵਿਚ ਏਕਤਾ ਤੇ ਭਾਈਚਾਰਕ ਸਾਂਝ ਯਕੀਨੀ ਬਣਾਉਣ ਤੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਸਭ ਨੁੰ ਨਾਲ ਲੈ ਕੇ ਚੱਲਣ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੀਤੀ ਪ੍ਰਤੀ ਵਚਨਬੱਧ ਹਾਂ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੂਬੇ ਵਿਚ ਨਿਵੇਸ਼ ਪੱਖੀ ਨੀਤੀਆਂ ਘੜ ਕੇ ਵਪਾਰ ਤੇ ਉਦਯੋਗ ਨੂੰ ਸੁਰਜੀਤ ਕਰੇਗੀ ਅਤੇ ਵਪਾਰ ਤੇ ਉਦਯੋਗਿਕ ਖੇਤਰ ਲਈ ਬਿਜਲੀ ਦਰਾਂ ਵਿਚ ਕਟੌਤੀ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਸਬਿਆਂ ਤੇ ਸ਼ਹਿਰਾਂ ਦਾ ਵਿਕਾਸ ਮੁੜ ਸ਼ੁਰੂ ਕਰਾਂਗੇ ਜਿਵੇਂ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ 135 ਕਸਬਿਆਂ ਤੇ ਸ਼ਹਿਰਾਂ ਵਿਚ ਸੀਵਰੇਜ ਤੇ ਵਾਟਰ ਸਪਲਾਈ ਪ੍ਰਦਾਨ ਕਰਨ ਵਾਸਤੇ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕਸਬਿਆਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ’ਤੇ ਚਲ ਰਹੀ ਹੈ ਤੇ ਇਸਦੀ ਅਗਵਾਈ ਹੁਣ ਤੱਕ ਦਾ ਸਭ ਤੋਂ ਮਾੜਾ ਮੁੱਖ ਮੰਤਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਚ ਸਾਡੇ ਕੋਲ ਅਜਿਹਾ ਆਗੂ ਹੈ ਜੋ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਉਸਨੂੰ ਵਿਸਾਰ ਦਿੰਦਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹਾ ਆਗੂ ਹੈ ਜਿਸਨੁੰ ਲੋਕਾਂ ਦੀਆਂ ਤਕਲੀਫਾਂ ਦੀ ਭੋਰਾ ਵੀ ਪਰਵਾਹ ਨਹੀਂ ਤੇ ਜਦੋਂ ਲੋਕਾਂ ਨੁੰ ਝੋਨੇ ਵਾਸਤੇ ਤੇ ਆਪਣੀਆਂ ਫੈਕਟਰੀਆਂ ਤੇ ਦੁਕਾਨਾਂ ਚਲਾਉਣ ਵਾਸਤੇ ਬਿਜਲੀ ਦੀ ਡਾਡੀ ਲੋੜ ਸੀ ਤਾਂ ਉਸ ਵੇਲੇ ਉਸਨੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਸਾਡੇ ਕੋਲ ਅਜਿਹਾ ਅਸੰਵੇਦਨਸ਼ੀਲ ਆਗੂ ਹੈ ਜਿਸਨੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਸੁਣਨ ਤੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਥਾਂ ’ਤੇਉਹਨਾਂ ਖਿਲਾਫ ਜ਼ਬਰ ਦੀ ਵਰਤੋਂ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਇਸਦੇ ਫੇਲ੍ਹ ਹੋਏ ਮੁੱਖ ਮੰਤਰੀ ਨੂੰ ਸਾਬਕਾ ਮੰਤਰੀ ਨਵਜੋਤ ਸਿੱਧੂ ਜੋ ਕੰਮ ਕਰਨ ਦੀ ਥਾਂ ਡਰਾਮੇ ਜ਼ਿਆਦਾ ਕਰਨ ਵਾਸਤੇ ਜਾਣਿਆ ਜਾਂਦਾ ਹੈ, ਨੁੰ ਲਗਾਉਣ ਦਾ ਯਤਨ ਕਰ ਕੇ ਨਵਾਂ ਡਰਾਮਾ ਕਰ ਰਹੀ ਹੈ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਥਾਨਕ ਸਰਕਾਰ ਮੰਤਰੀ ਵਜੋਂ ਉਸਨੇ ਕਿਸੇ ਵੀ ਕਸਬੇ ਦਾ ਸ਼ਹਿਰ ਦੀ ਦਸ਼ਾ ਨਹੀਂ ਸੁਧਾਰੀ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਹਾਲਹੀ ਵਿਚ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਪਾ ਕੇ ਸੂਬੇ ਦੇ ਥਰਮਲ ਪਲਾਂਟ ਬੰਦ ਕਰਵਾਉਣ ਦਾ ਯਤਨ ਕੀਤਾ ਜਦਕਿ ਇਸਦਾ ਮੰਤਵ ਸੂਬੇ ਵਿਚ ਬਿਜਲੀ ਦੇ ਹਾਲਾਤ ਵਿਗੜਨ ’ ਤੇ ਰਾਜਨੀਤੀ ਕਰਨਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਕੇਜਰੀਵਾਲ ਪਰਾਲੀ ਸਾੜਨ ਵਾ ਲੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਅਦਾਲਤ ਵਿਚ ਕਰਨ ਦਾ ਵੀ ਦੋਸ਼ੀ ਹੈ।
ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਜਰੀਵਾਲ ਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਜਦਕਿ ਉਸਨੇ ਆਪ ਮੰਨਿਆ ਕਿ ਜੇਕਰ ਕਿਸੇ ਦਾ ਇਕ ਵੀ ਯੂਨਿਟ ਵੱਧ ਬਿੱਲ ਆਇਆ ਤਾਂ ਫਿਰ ਸਾਰਾ ਬਿੱਲ ਭਰਨਾ ਪਵੇਗਾ। ਉਹਨਾਂ ਕਿਹਾ ਕਿ ਬਜਾਏ ਇਸ ਤਰੀਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੇ ਕੇਜਰੀਵਾਲ ਨੂੰ ਇਹ ਵਾਅਦਾ ਪਹਿਲਾਂ ਦਿੱਲੀ ਵਿਚ ਲਾਗੂ ਕਰਨਾ ਚਾਹੀਦਾ ਹੈ ਜਿਥੇ ਬਿਜਲੀ ਦੇਸ਼ ਵਿਚ ਸਭ ਤੋਂ ਮਹਿੰਗੀ ਹੈ।
ਸਰਦਾਰ ਬਾਦਲ ਨੇ ਸੂਬੇ ਦੇ ਸਰਵ ਪੱਖੀ ਵਿਕਾਸ ਵਾਸਤੇ ਹਾਂ ਪੱਖੀ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਨਾ ਸਿਰਫ ਵਿਸ਼ਵ ਪੱਧਰੀ ਸੜਥਾਂ, ਵਪਾਰ ਨੁੰ ਉਤਸ਼ਾਹਿਤ ਕਰਨ ਵਾਸਤੇ ਦੋ ਕੌਮਾਂਤਰੀ ਹਵਾਈ ਅੱਡੇ, ਸੂਬੇ ਨੁੰ ਬਿਜਲੀ ਸਰਪਲੱਸ ਬਣਾਇਆ ਬਲਕਿ ਪੂਜਾ ਸਥਲਾਂ ਦਾ ਸੁੰਦਰੀਕਰਨ ਕਰ ਕੇ ਲੋਕਾਂ ਦੀਆਂ ਧਾਰਮਿਕ ਤੇ ਸਭਿਆਚਾਰਕ ਇੱਛਾਵਾਂ ਦੀ ਪੂਰਤੀ ਵੀ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਵਿਰਸੇ ਨੁੰ ਅੱਗੇ ਲਿਜਾਣ ਵਾਸਤੇ ਵਚਨਬੱਧ ਹੈ।
ਇਸ ਮੌਕੇ ਅਕਾਲੀ ਦਲ ਦੇ ਹਿੰਦੂ ਨੇਤਾ ਐਨ ਕੇ ਸ਼ਰਮਾ, ਪ੍ਰਕਾਸ਼ ਚੰਦ ਗਰਗ, ਸਰੂਪ ਚੰਦ ਸਿੰਗਲਾ, ਹਰੀਸ਼ ਰਾਏ ਢਾਂਡਾ, ਵਿਸ਼ਨੂੰ ਸ਼ਰਮਾ, ਪ੍ਰੇਮ ਵਲੇਚਾ, ਅਸ਼ੋਕ ਅਨੇਜਾ, ਹਰਪਾਲ ਜੁਨੇਜਾ, ਰਾਜਿੰਦਰ ਦੀਪਾ, ਕਬੀਰ ਦਾਸ, ਅਸ਼ੋਕ ਸ਼ਰਮਾ, ਅਸ਼ੋਕ ਮੰਨਣ ਅਤੇ ਕੀਮਤੀ ਭਗਤ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।