ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਹਮਾਇਤ ਕਰਨ ਦਾ ਭਰੋਸਾ ਦਿੱਤਾ
ਅਕਾਲੀ ਦਲ ਪ੍ਰਧਾਨ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਲਈ ਕੈਪਟਨ ਸਰਕਾਰ ਨੂੰ ਘੇਰਨ ਦੀ ਅਪੀਲ ਕੀਤੀ
ਚੰਡੀਗੜ੍ਹ/06 ਮਈ: ਪੰਜਾਬ ਦੇ ਪੈਨਸ਼ਨਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਨਾਲ ਮੁਲਕਾਤ ਕੀਤੀ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਹਮਾਇਤ ਕਰਨ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਉਂਦਿਆਂ ਸਰਦਾਰ ਬਾਦਲ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਘੇਰਾ ਪਾ ਕੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ।
ਇੱਥੇ ਪੰਜਾਬ ਗਰਵਰਨਮੈਂਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦੇਵ ਰਾਜ ਨਰੂਲਾ ਅਤੇ ਜਨਰਲ ਸਕੱਤਰ ਅਜੀਤ ਸਿੰਘ ਸੋਢੀ ਦੀ ਅਗਵਾਈ ਵਿਚ ਇਸ ਜਥੇਬੰਦੀ ਦਾ ਵਫ਼ਦ ਅੱਜ ਅਕਾਲੀ ਦਲ ਪ੍ਰਧਾਨ ਨੂੰ ਮਿਲਿਆ ਅਤੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਾਂ ਦੀ ਕੀਤੀ ਜਾ ਰਹੀ ਅਣਦੇਖੀ ਬਾਰੇ ਦੱਸਿਆ। ਵਫ਼ਦ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਡੀਏ ਦੀਆਂ ਤਿੰਨ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ 3æ5 ਲੱਖ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪਿਛਲੇ ਦੋ ਸਾਲ ਤੋਂ ਟਾਲ ਮਟੋਲ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਪੈਨਸ਼ਨਰਾਂ ਵੱਲੋਂ ਲੋਕ ਸਭਾ ਵਿਚ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਵਿਚ ਡਟ ਕੇ ਹਮਾਇਤ ਕਰਨ ਦਾ ਭਰੋਸਾ ਦਿੰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਪੈਨਸ਼ਨਰ ਮੌਜੂਦਾ ਸਰਕਾਰ ਦੇ ਕਰਮਚਾਰੀ-ਵਿਰੋਧੀ ਰਵੱਈਏ ਤੋਂ ਬਹੁਤ ਦੁਖੀ ਹਨ। ਉਹਨਾਂ ਦੱਸਿਆ ਕਿ ਵਾਰ ਵਾਰ ਕੈਪਟਨ ਸਰਕਾਰ ਕੋਲ ਮੰਗ-ਪੱਤਰ ਲੈ ਕੇ ਜਾਣ ਦੇ ਬਾਵਜੂਦ ਉਹਨਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਡੀਏ ਦੀਆਂ ਕਿਸ਼ਤਾਂ ਤੋਂ ਇਲਾਵਾ, ਛੇਂਵੇ ਤਨਖਾਹ ਕਮਿਸ਼ਨ ਨੂੰ ਰਿਪੋਰਟ ਦੇਣ ਦੇ ਆਦੇਸ਼ ਦੇਣਾ,ਅਸਾਧ ਰੋਗਾਂ ਦੇ ਮੈਡੀਕਲ ਟੈਸਟ ਕਰਾਉਣ ਦੀ ਪ੍ਰਵਾਨਗੀ, ਬੱਝਵਾਂ ਮੈਡੀਕਲ ਭੱਤਾ (2000 ਰੁਪਏ ਪ੍ਰਤੀ ਮਹੀਨਾ), ਅਸਾਧ ਰੋਗਾਂ ਤੇ ਆਏ ਖਰਚਿਆਂ ਦੀ ਇੱਕ ਮਹੀਨੇ ਅੰਦਰ ਪੂਰਤੀ ਅਤੇ ਅਸਾਧ ਰੋਗਾਂ ਲਈ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਜ਼ਿਲ੍ਹਾ ਸਿਵਲ ਸਰਜਨ ਦੀ ਅਗਵਾਈ ਵਾਲੀ ਕਮੇਟੀ ਨੂੰ ਦੇਣਾ ਆਦਿ ਮੰਗਾਂ ਨੂੰ ਕੈਪਟਨ ਸਰਕਾਰ ਨੇ ਲੰਬੇ ਸਮੇਂ ਤੋਂ ਲਟਕਾ ਰੱਖਿਆ ਹੈ।
ਅਕਾਲੀ ਦਲ ਪ੍ਰਧਾਨ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਵਾਸਤੇ ਕਾਂਗਰਸ ਸਰਕਾਰ ਉੱਤੇ ਦਬਾਅ ਪਾਉਣ ਦੀ ਅਪੀਲ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ, ਨੌਜਵਾਨਾਂ, ਦਲਿਤਾਂ ਸਮੇਤ ਸਮਾਜ ਦੇ ਹਰ ਵਰਗ ਦੀ ਅਣਦੇਖੀ ਕਰਨ ਵਾਲੀ ਕਾਂਗਰਸ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਇਹ ਸੂਬੇ ਦੇ ਸੀਨੀਅਰ ਨਾਗਰਿਕਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹੋਵੇਗੀ। ਉਹਨਾਂ ਕਿਹਾ ਕਿ ਕਿਰਪਾ ਕਰਕੇ ਬਾਕੀ ਲੋਕ-ਮੁੱਦਿਆਂ ਵਾਗ ਸਾਡੀਆਂ ਮੰਗਾਂ ਬਾਰੇ ਵੀ ਤੁਸੀਂ ਆਵਾਜ਼ ਬੁਲੰਦ ਕਰੋ ਤਾਂ ਕਿ ਇਹ ਗੂੰਗੀ-ਬੋਲੀ ਕੈਪਟਨ ਸਰਕਾਰ ਉਹਨਾਂ ਨੂੰ ਪੂਰੀਆਂ ਕਰਨ ਲਈ ਮਜ਼ਬੂਰ ਹੋ ਜਾਵੇ।