ਕਿਹਾ ਕਿ ਮੰਤਰੀ ਮੁੱਖ ਸਕੱਤਰ ਨਾਲ ਬੈਠਣ ਨੂੰ ਤਿਆਰ ਨਹੀਂ, ਪਰ ਉਸ ਸਰਕਾਰ ਅੰਦਰ ਬਣੇ ਰਹਿਣ ਨੂੰ ਤਿਆਰ ਹਨ, ਜਿਸ ਦੇ ਕੈਬਨਿਟ ਰਿਕਾਰਡ ਦਾ ਰਾਖਾ ਉਹੀ ਮੁੱਖ ਸਕੱਤਰ ਹੈ
ਅਕਾਲੀ ਦਲ ਨੇ ਐਫਆਈਆਰ ਦੀ ਮੰਗ ਦੁਹਰਾਈ ਪਰ ਕਿਹਾ ਕਿ ਇਨਸਾਫ ਲਈ ਪਹਿਲਾਂ ਮੰਤਰੀਆਂ ਦਾ ਅਸਤੀਫਾ ਜਾਂ ਬਰਖਾਸਤਗੀ ਲਾਜ਼ਮੀ ਹੈ
ਕਿਹਾ ਕਿ ਮੰਤਰੀ ਸਿਰਫ ਗੈਰਕਾਨੂੰਨੀ ਸ਼ਰਾਬ ਦੀਆਂ ਗੱਲਾਂ ਕਰ ਰਹੇ ਹਨ ਜਦਕਿ ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ
ਚੰਡੀਗੜ੍ਹ/13 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਹੈ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਅੰਦਰ ਉੱਚੇ ਅਹੁਦਿਆਂ ਉੱਤੇ ਬੈਠੇ ਸ਼ਰਾਬ ਮਾਫੀਆ ਦੇ ਆਗੂਆਂ ਵਿਚਕਾਰ ਇੱਕ ਖੁੱਲ੍ਹੀ ਜੰਗ ਸ਼ੁਰੂ ਹੋ ਚੁੱਕੀ ਹੈ।
ਪਾਰਟੀ ਨੇ ਕਿਹਾ ਕਿ ਇਹ ਇੱਕ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਦੀ ਸ਼ਰੇਆਮ ਲੁੱਟਣ ਦੀ ਲਾਲਸਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜਿਸ ਸਮੇਂ ਲੋਕ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਮੰਤਰੀ ਅਤੇ ਬਾਕੀ ਕਾਂਗਰਸੀ ਆਗੂ ਤਾਲਾਬੰਦੀ ਦੌਰਾਨ ਬਿਪਤਾ ਹੰਢਾ ਰਹੇ ਕਿਸਾਨਾਂ, ਖੇਤ ਮਜ਼ਦੂਰਾਂ, ਦੁਕਾਨਦਾਰਾਂ, ਛੋਟੇ-ਵੱਡੇ ਵਪਾਰੀਆਂ, ਕਰਮਚਾਰੀਆਂ ਅਤੇ ਹੋਰ ਪੰਜਾਬੀਆਂ ਬਾਰੇ ਨਹੀਂ ਸੋਚ ਰਹੇ ਹਨ, ਸਗੋਂ ਉਹਨਾਂ ਨੂੰ ਸਿਰਫ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਵਿਚ ਆਪਣੇ ਹਿੱਸੇ ਦੀ ਚਿੰਤਾ ਸਤਾ ਰਹੀ ਹੈ।
ਸੂਬੇ ਅੰਦਰ ਮੰਤਰੀਆਂ ਅਤੇ ਨੌਕਰਸ਼ਾਹ ਵਿਚਕਾਰ ਛਿੜੇ ਮੰਦਭਾਗੇ ਕਲੇਸ਼ ਬਾਰੇ ਟਿੱਪਣੀ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪਹਿਲਾਂ ਕਦੇ ਨਹੀਂ ਹੋਇਆ ਕਿ ਮੰਤਰੀਆਂ ਉੱਤੇ ਗੈਰਕਾਨੂੰਨੀ ਸ਼ਰਾਬ ਦਾ ਕਾਰੋਬਾਰ ਕਰਨ ਦੇ ਦੋਸ਼ ਲੱਗੇ ਹੋਣ ਅਤੇ ਇਹ ਦੋਸ਼ ਵੀ ਉਹਨਾਂ ਦੇ ਆਪਣੇ ਇੱਕ ਉੱਚ ਅਧਿਕਾਰੀ ਵੱਲੋਂ ਇੱਕ ਕੈਬਨਿਟ ਮੀਟਿੰਗ ਦੌਰਾਨ ਲਗਾਏ ਗਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮਾੜਾ ਹੋਇਆ ਹੈ ਅਤੇ ਇਹਨਾਂ ਹਾਲਾਤਾਂ ਵਿਚ ਮੰਤਰੀ ਆਪਣੇ ਅਹੁਦਿਆਂ ਉਤੇ ਰਹਿਣ ਦਾ ਨੈਤਿਕ ਅਧਿਕਾਰ ਖੋ ਚੁੱਕੇ ਹਨ। ਉਹਨਾਂ ਨੂੰ ਜਾਂ ਤਾਂ ਨੈਤਿਕ ਆਧਾਰ Aੁੱਤੇ ਅਸਤੀਫੇ ਦੇਣੇ ਚਾਹੀਦੇ ਹਨ ਜਾਂ ਫਿਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਉਹਨਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹਨਾਂ ਸਾਰਿਆਂ ਖ਼ਿਲਾਫ ਭ੍ਰਿਸ਼ਟਾਚਾਰ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੇ ਦੋਸ਼ਾਂ ਹੇਠ ਐਫਆਈਆਰਜ਼ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਹਨਾਂ ਦੇ ਨਾਂ ਇਸ ਘੁਟਾਲੇ ਵਿਚ ਸਾਹਮਣੇ ਆਏ ਹਨ।
ਅਕਾਲੀ ਆਗੂ ਨੇ ਕਿਹਾ ਕਿ ਮੰਤਰੀਆਂ ਦਾ ਅਸਤੀਫੇ ਜਾਂ ਬਰਖਾਸਤਗੀ ਇਹ ਯਕੀਨੀ ਬਣਾਉਣ ਲਈ ਪਹਿਲੀ ਸ਼ਰਤ ਹੈ ਕਿ ਦੋਸ਼ੀ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਖ਼ਿਲਾਫ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ।
ਸਰਦਾਰ ਮਜੀਠੀਆ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਕੈਬਨਿਟ ਮੀਟਿੰਗ ਵਿਚ ਮੁੱਖ ਸਕੱਤਰ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਸੰਬੰਧੀ ਲਾਏ ਦੋਸ਼ਾਂ ਤੋਂਂ ਲੋਕਾਂ ਦਾ ਧਿਆਨ ਹਟਾਉਣ ਲਈ ਮੰਤਰੀਆਂ ਨੇ ਅਧਿਕਾਰੀ ਉੱਤੇ ਜੁਆਬੀ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਮੰਤਰੀ ਅਧਿਕਾਰੀ ਨੂੰ ਸਿਰਫ ਬਦਨਾਮ ਕਰਕੇ ਅਤੇ ਸਿਆਸੀ ਬਲੈਕਮੇਲਿੰਗ ਰਾਹੀਂ ਚੁੱਪ ਕਰਾਉਣਾ ਚਾਹੁੰਦੇ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਸਕੱਤਰ ਜਾਂ ਮੰਤਰੀਆਂ ਵੱਲੋਂ ਲਾਏ ਦੋਸ਼ਾਂ ਵਿਚ ਰਤੀ ਭਰ ਵੀ ਸੱਚਾਈ ਹੈ ਤਾਂ ਸਰਕਾਰ ਨੂੰ ਉਹਨਾਂ ਖ਼ਿਲਾਫ ਕਾਰਵਾਈ ਕਰਨ ਦੀ ਦਲੇਰੀ ਵਿਖਾਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ ਐਫਆਈਆਰਜ਼ ਦਰਜ ਕਰਨੀਆਂ ਚਾਹੀਦੀਆਂ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਕੁੱਝ ਸੀਨੀਅਰ ਮੰਤਰੀ ਮੁੱਖ ਸਕੱਤਰ ਦੀ ਮੌਜੂਦਗੀ ਵਾਲੀ ਕੈਬਨਿਟ ਮੀਟਿੰਗ ਵਿਚ ਤਾਂ ਬੈਠਣ ਨੂੰ ਤਿਆਰ ਨਹੀਂ ਹਨ, ਪਰ ਉਹਨਾਂ ਨੂੰ ਉਸ ਸਰਕਾਰ ਦੇ ਮੰਤਰੀ ਮੰਡਲ ਵਿਚ ਬਣੇ ਰਹਿਣ ਉੱਤੇ ਕੋਈ ਉਜ਼ਰ ਨਹੀਂ ਹੈ, ਜਿਸ ਦੇ ਕੈਬਨਿਟ ਰਿਕਾਰਡ ਦਾ ਰਖਵਾਲਾ ਉਹੀ ਮੁੱਖ ਸਕੱਤਰ ਹੈ। ਉਹਨਾਂ ਕਿਹਾ ਕਿ ਜੇਕਰ ਉਹਨਾਂ ਦੇ ਸੱਚਮੁੱਚ ਕੋਈ ਅਸੂਲ ਹਨ ਤਾਂ ਅਧਿਕਾਰੀ ਨਾਲ ਕੈਬਨਿਟ ਮੀਟਿੰਗ ਵਿਚ ਬੈਠਣ ਤੋਂ ਇਨਕਾਰ ਕਰਨ ਦੀ ਬਜਾਇ ਜਦ ਤਕ ਮੁੱਖ ਸਕੱਤਰ ਨੂੰ ਹਟਾਇਆ ਨਹੀਂ ਜਾਂਦਾ ਹੈ, ਉਹਨਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਹੌਂਸਲਾ ਵਿਖਾਉਣਾ ਚਾਹੀਦਾ ਹੈ। ਪਰ ਉਹ ਅਜਿਹਾ ਅਸੂਲਾਂ ਵਾਲਾ ਸਟੈਂਡ ਨਹੀਂ ਲੈਣਗੇ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਖਾਨਾਜੰਗੀ ਵਰਗੇ ਹਾਲਾਤਾਂ ਕਰਕੇ ਪ੍ਰਸਾਸ਼ਨਿਕ ਢਾਂਚਾ ਤਹਿਸ ਨਹਿਸ ਹੋ ਚੁੱਕਿਆ ਹੈ ਅਤੇ ਇਸ ਭਿਆਨਕ ਬੀਮਾਰੀ ਦੇ ਸਮੇਂ ਵਿਚ ਸਰਕਾਰ ਨੇ ਲੋਕਾਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਹੈ।
ਉਹਨਾਂ ਕਿਹਾ ਕਿ ਮੰਤਰੀਆਂ ਵੱਲੋਂ ਸ਼ਰਾਬ ਮਾਫੀਆ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਸੰਬੰਧੀ ਮੁੱਖ ਸਕੱਤਰ ਵੱਲੋਂ ਲਾਏ ਗਏ ਕਥਿਤ ਦੋਸ਼ਾਂ ਦੀ ਡੂੰਘੀ ਜਾਂਚ ਕੀਤੀ ਜਾਣ ਦੀ ਲੋੜ ਹੈ, ਜਿਸ ਸਦਕਾ ਹਜ਼ਾਰਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਮੰਤਰੀਆਂ ਵੱਲੋਂ ਸ਼ਰਾਬ ਮਾਫੀਆ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਸੰਬੰਧੀ ਮੁੱਖ ਸਕੱਤਰ ਵੱਲੋਂ ਲਾਏ ਗਏ ਕਥਿਤ ਦੋਸ਼ਾਂ ਦੀ ਡੂੰਘੀ ਜਾਂਚ ਕੀਤੀ ਜਾਣ ਦੀ ਲੋੜ ਹੈ, ਜਿਸ ਸਦਕਾ ਹਜ਼ਾਰਾਂ ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ।