ਅਕਾਲੀ ਦਲ ਪ੍ਰਧਾਨ ਨੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਤੋਂ ਹਾਰਨ ਦੀ ਸੂਰਤ ਵਿਚ ਅਸਤੀਫਾ ਦੇਣ ਦਾ ਵਾਅਦਾ ਕਰਨ ਲਈ ਕਿਹਾ
ਬਸੀ ਪਠਾਣਾਂ/ ਫਤਿਹਗੜ੍ਹ ਸਾਹਿਬ/ ਅਮਲੋਹ/06 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਆਪਣੀ ਇਸ ਧਮਕੀ ਨੂੰ ਖੁਦ ਉਤੇ ਵੀ ਲਾਗੂ ਕਰਨ ਦੀ ਹਿੰਮਤ ਵਿਖਾਏ ਕਿ ਲੋਕ ਸਭਾ ਚੋਣਾਂ ਵਿਚ ਜੇਕਰ ਕੋਈ ਕਾਂਗਰਸੀ ਉਮੀਦਵਾਰ ਕਿਸੇ ਆਗੂ ਦੇ ਹਲਕੇ ਵਿਚ ਹਾਰਦਾ ਹੈ ਤਾਂ ਚੋਣਾਂ ਦੇ ਨਤੀਜੇ ਆਉਂਦੇ ਹੀ ਉਸ ਆਗੂ ਦੀ ਛੁੱਟੀ ਹੋ ਜਾਵੇਗੀ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਪਾਈ ਗਈ ਹਰ ਵੋਟ ਇੱਕ ਬੇਅਦਬੀ ਦੇ ਤੁੱਲ ਹੋਵੇਗੀ, ਕਿਉਂਕਿ ਅਜਿਹਾ ਕਰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਮੰਦਭਾਗੇ ਫੌਜੀ ਹਮਲੇ ਦਾ ਸਮਰਥਨ ਕਰਨ ਦੇ ਸਮਾਨ ਹੋਵੇਗਾ, ਜਿਸ ਵਿਚ ਸਿੱਖਾਂ ਦੇ ਸਭ ਤੋਂ ਉੱਚੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਲੀਆਮੇਟ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣਾ 1984 ਦੇ ਸਿੱਖ ਕਤਲੇਆਮ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ ਕਾਤਿਲਾਂ ਨੂੰ ਵੋਟ ਪਾਉਣਾ ਹੋਵੇਗਾ। ਉਹਨਾਂ ਕਿਹਾ ਕਿ ਕੋਈ ਵੀ ਪੰਜਾਬੀ ਅਤੇ ਸਿੱਖ 1984 ਦੇ ਕਾਤਿਲਾਂ ਦੇ ਪੱਖ ਵਿਚ ਵੋਟ ਪਾ ਕੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਦਾ ਸਮਰਥਨ ਕਰਕੇ ਇੰਨੀ ਵੱਡੀ ਬੇਅਦਬੀ ਨਹੀਂ ਕਰੇਗਾ।
ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅਕਾਲੀ-ਭਾਜਪਾ ਉਮੀਦਵਾਰ ਦੇ ਹੱਕ ਵਿਚ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਮਰਿੰਦਰ ਪਟਿਆਲਾ ਸੀਟ ਤੋਂ ਹਾਰ ਰਿਹਾ ਹੈ, ਕਿਉਂਕਿ ਰਾਣੀ ਪਰੀਨੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੁਰਜੀਤ ਸਿੰਘ ਰੱਖੜਾ ਅਤੇ ਧਰਮਵੀਰ ਗਾਂਧੀ ਤੋਂ ਮਗਰੋਂ ਤੀਜੇ ਸਥਾਨ ਉੱਤੇ ਆਵੇਗੀ। ਉਹਨਾਂ ਕਿਹਾ ਕਿ ਜੇਕਰ ਕਾਂਗਰਸੀ ਉਮੀਦਵਾਰ ਦੀ ਪਟਿਆਲਾ ਤੋਂ ਜ਼ਮਾਨਤ ਜ਼ਬਤ ਹੋ ਜਾਵੇ ਤਾਂ ਲੋਕਾਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦਾ ਕਰਨ ਲਈ ਕਿਹਾ ਕਿ ਪਰੀਨੀਤ ਕੌਰ ਦੇ ਹਾਰਨ ਦੀ ਸੂਰਤ ਵਿਚ ਉਹ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦੇਵੇਗਾ।
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੱਕ ਜਤਾਇਆ ਕਿ ਕੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਮੁਕਰਨ ਵਾਲੇ ਮੁੱਖ ਮੰਤਰੀ ਵੱਲੋਂ ਕੀਤੇ ਕਿਸੇ ਵੀ ਵਾਅਦੇ ਦਾ ਹੁਣ ਪੰਜਾਬ ਦੇ ਲੋਕੀਂ ਇਤਬਾਰ ਕਰਨਗੇ? ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕੀਂ ਪਿਛਲੇ ਸਾਲਾਂ ਦੌਰਾਨ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਕਰਕੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਸਮਾਜ ਭਲਾਈ ਸਕੀਮਾਂ ਬਾਰੇ ਕਾਰਗੁਜ਼ਾਰੀ ਨੂੰ ਵੇਖਦਿਆਂ 2007 ਤੋਂ 2017 ਤਕ ਦੇ ਸਮੇਂ ਨੂੰ ਆਧੁਨਿਕ ਪੰਜਾਬ ਦੇ ਇਤਿਹਾਸ ਦਾ ਸੁਨਹਿਰਾ ਯੁੱਗ ਕਿਹਾ ਜਾ ਸਕਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ 1966 ਤੋਂ ਲੈ ਕੇ ਜਦੋਂ ਭਾਸ਼ਾ ਦੇ ਆਧਾਰ ਉਤੇ ਪੰਜਾਬੀ ਸੂਬਾ ਬਣਿਆ ਸੀ, ਇੱਥੇ ਹੋਏ ਸਾਰੇ ਵਿਕਾਸ ਕਾਰਜਾਂ ਸਾਰੇ ਡੈਮਾਂ, ਥਰਮਲ ਪਲਾਂਟਾਂ, ਚਾਰ-ਛੇ ਮਾਰਗੀ ਸੜਕਾਂ, ਘਰੇਲੂ ਅਤੇ ਕੌਮਾਂਤਰੀ ਹਵਾਈ ਅੱਡਿਆਂ, ਬਠਿੰਡਾ ਵਿਚ ਤੇਲ ਰਿਫਾਈਨਰੀ , ਏਮਜ਼, ਆਈਐਸਬੀ, ਆਈਈਟੀ ਆਦਿ ਉੱਤੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਮੋਹਰ ਲੱਗੀ ਹੈ। ਇਸੇ ਤਰ੍ਹਾਂ ਸੂਬੇ ਅੰਦਰ ਸਾਰੀਆਂ ਲੋਕ ਭਲਾਈ ਸਕੀਮਾਂ ਜਿਵੇਂ ਕਿਸਾਨਾਂ ਨੂੰ ਖੇਤੀ ਟਿਊਬਵੈਲਾਂ ਲਈ ਮੁਫਤ ਬਿਜਲੀ, ਗਰੀਬਾਂ ਅਤੇ ਦਲਿਤਾਂ ਨੂੰ 200 ਯੂਨਿਟ ਤਕ ਮੁਫਤ ਬਿਜਲੀ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਲੜਕੀਆਂ ਨੂੰ ਮੁਫਤ ਸਾਇਕਲ, ਨੌਜਵਾਨਾਂ ਨੂੰ ਮੁਫਤ ਸਪੋਰਟਸ ਕਿਟਾਂ, ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਸਮੇਤ ਸਾਰੇ ਗਰੀਬਾਂ ਨੂੰ 50 ਹਜ਼ਾਰ ਤਕ ਦਾ ਮੁਫਤ ਇਲਾਜ, ਹਰ ਕੈਂਸਰ ਮਰੀਜ਼ ਲਈ ਡੇਢ ਲੱਖ ਰੁਪਏ ਤਕ ਦਾ ਮੁਫਤ ਇਲਾਜ ਅਤੇ ਮੁਫਤ ਟੈਸਟ ਆਦਿ ਇਹ ਸਭ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ। ਹੁਣ ਇਹਨਾਂ ਸਾਰੀਆਂ ਸਹੂਲਤਾਂ ਨੂੰ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਉੁਹਨਾਂ ਨੇ 800 ਸਰਕਾਰੀ ਸਕੂਲ ਬੰਦ ਕਰ ਦਿੱਤੇ, ਪਿੰਡਾਂ ਵਿਚਲੇ ਸਾਰੇ ਸੁਵਿਧਾ ਕੇਂਦਰ ਬੰਦ ਕਰ ਦਿੱਤੇ। ਉਹਨਾਂ ਨੇ ਕਬੱਡੀ ਵਰਲਡ ਕੱਪ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਕੀ ਕਾਂਗਰਸ ਪੰਜਾਬ ਵਿਚ ਇੱਕ ਵੀ ਵੋਟ ਉੱਤੇ ਆਪਣਾ ਹੱਕ ਜਤਾ ਸਕਦੀ ਹੈ। ਇਸ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦਾ ਵੀ ਆਪਣੀ ਪਾਰਟੀ ਅਤੇ ਆਗੂਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ।