ਚੰਡੀਗੜ•/06 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿਚ ਅਮਨ-ਕਾਨੂੰਨ ਕਾਇਮ ਰੱਖਣ 'ਚ ਨਾਕਾਮ ਸਾਬਿਤ ਹੋਈ ਕਾਂਗਰਸ ਸਰਕਾਰ ਨੂੰ ਪੂਰੀ ਤਰ•ਾਂ ਨਕਾਰ ਦਿਓ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਅੰਦਰ ਮਿੱਥ ਕੇ ਕੀਤੇ ਕਾਤਲਾਂ ਦੀਆਂ ਘਟਨਾਵਾਂ ਵਿਚ ਹੋਏ ਵਾਧੇ ਦੀ ਸਖ਼ਤ ਨਿਖੇਧੀ ਕੀਤੀ ਹੈ।
ਇੱਥੇ ਇੱਕ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਕਾਂਗਰਸ ਸਰਕਾਰ ਦੀ ਆਪਣੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਿਚ ਨਾਕਾਮੀ ਦੇ ਕਾਰਣ ਸੂਬੇ ਅੰਦਰ ਕਾਨੂੰਨ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਮਗਰੋਂ ਤੁਰੰਤ ਸਿਆਸੀ ਕਤਲੋਗਾਰਤ ਸ਼ੁਰੂ ਕਰਨ ਵਾਲੇ ਇਸ ਦੇ ਵਰਕਰਾਂ ਖ਼ਿਲਾਫ ਕਾਰਵਾਈ ਨਾ ਕਰਨ ਦੀ ਕਾਂਗਰਸ ਸਰਕਾਰ ਭਾਰੀ ਕੀਮਤ ਚੁਕਾ ਰਹੀ ਹੈ, ਉਹਨਾਂ ਕਿਹਾ ਕਿ ਸ਼ਿਵ ਸੈਨਾ ਦੇ ਇੱਕ ਹਿੰਦੂ ਆਗੂ ਅਤੇ ਅਕਾਲੀ ਸਰਪੰਚ ਸਮੇਤ ਹਾਲ ਹੀ ਵਿਚ ਹੋਏ ਕਤਲ ਸੂਬੇ ਅੰਦਰ ਪਸਰ ਚੁੱਕੇ ਜੰਗਲ ਰਾਜ ਵੱਲ ਇਸ਼ਾਰਾ ਕਰਦੇ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਉਹਨਾਂ ਦਲਿਤਾਂ ਨੂੰ ਵੀ ਬਖਸ਼ਿਆ ਜਾ ਰਿਹਾ ਹੈ, ਜਿਹਨਾਂ ਨੇ ਅਕਾਲੀ ਦਲ ਨੂੰ ਵੋਟ ਪਾਈ ਸੀ। ਬਹੁਤ ਸਾਰੇ ਦਲਿਤਾਂ ਦੀ ਕੁੱਟ ਮਾਰ ਕੀਤੀ ਜਾ ਚੁੱਕੀ ਹੈ ਜਦਕਿ ਇੱਕ ਦਲਿਤ ਨੂੰ ਤਾਂ ਕਾਂਗਰਸੀ ਗੁੰਡਿਆਂ ਵੱਲੋਂ ਨਿਰਵਸਤਰ ਕਰਕੇ ਘੁੰਮਾਇਆ ਜਾ ਚੁੱਕਿਆ ਹੈ। ਇਸ ਤੋਂ ਇਹੀ ਪ੍ਰਭਾਵ ਪਿਆ ਹੈ ਕਿ ਪੰਜਾਬ ਅੰਦਰ ਕੁੱਝ ਵੀ ਚੱਲਦਾ ਹੈ ਅਤੇ ਸਮਾਜ-ਵਿਰੋਧੀ ਤੱਤਾਂ ਨੇ ਇਸ ਸਥਿਤੀ ਦਾ ਲਾਭ ਉਠਾਇਆ ਅਤੇ ਸੂਬੇ ਅੰਦਰ ਲੁੱਟਾਂ-ਖੋਹਾਂ ਅਤੇ ਡਕੈਤੀ ਦੀਆਂ ਘਟਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਹਾਲਾਤਾਂ ਕਾਰਣ ਝਪਟਮਾਰੀ ਅਤੇ ਛੋਟੀਆਂ ਚੋਰੀਆਂ ਦੀ ਘਟਨਾਵਾਂ ਵੀ ਵਧੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਨੂੰਨ ਦੀ ਅਜਿਹੀ ਖਸਤਾ ਹਾਲਤ ਕਰਕੇ ਹੀ ਲੁਧਿਆਣਾ ਵਿਚ ਹਿੰਦੂ ਜਥੇਬੰਦੀਆਂ ਦੇ ਦੋ ਆਗੂਆਂ ਰਵਿੰਦਰ ਗੁਸਾਂਈ ਅਤੇ ਵਿਪਨ ਵਰਮਾ ਦੇ ਕਤਲ ਕੀਤੇ ਜਾ ਚੁੱਕੇ ਹਨ ਅਤੇ ਉਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਇੱਕ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਹੋ ਚੁੱਕੀ ਹੈ। ਲੋਕਾਂ ਦੇ ਮਨਾਂ ਵਿਚ ਇੰਨੀ ਦਹਿਸ਼ਤ ਪੈਦਾ ਹੋ ਚੁੱਕੀ ਹੈ, ਫਿਰੌਤੀ ਦੇਣ ਤੋਂ ਇਨਕਾਰ ਕਰਨ ਉੱਤੇ ਗੈਂਗਸਟਰਾਂ ਵੱਲੋਂ ਮਾਰੇ ਗਏ ਜੈਤੋਂ ਦੇ ਕਾਰੋਬਾਰੀ ਰਵਿੰਦਰ ਕੋਛੜ ਦਾ ਪਰਿਵਾਰ ਆਪਣੀ ਸਾਰੀ ਸੰਪਤੀ ਵੇਚ ਕੇ ਪੰਜਾਬ ਹੀ ਛੱਡ ਕੇ ਜਾ ਚੁੱਕਿਆ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਸਮਾਜ-ਵਿਰੋਧੀ ਅਨਸਰਾਂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਕਾਇਮ ਕੀਤੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਖਰਾਬ ਕਰਨ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੋਂ ਇਲਾਵਾ ਵੱਖ ਵੱਖ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕਾਨੂੰਨ ਦੀ ਹਾਲਤ ਸੁਧਾਰਨ ਲਈ ਸਰਕਾਰ ਨੂੰ ਢੁੱਕਵੇਂ ਕਦਮ ਚੁੱਕਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਅਤੇ ਪੰਜਾਬ ਦੁਬਾਰਾ ਤੋਂ ਅਰਾਜਕਤਾ ਵੱਲ ਧੱਕਿਆ ਜਾ ਸਕਦਾ ਹੈ। ਉਹਨਾਂ ਸਰਕਾਰ ਨੂੰ ਪਹਿਲਾਂ ਕਾਂਗਰਸ ਪਾਰਟੀ ਦੇ ਗੁੰਡਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਫਿਰ ਸਮਾਜ ਵਿਰੋਧੀ ਤੱਤਾਂ ਨੂੰ ਨੱਥ ਪਾਉਣ ਲਈ ਆਖਿਆ।