ਕਿਹਾ ਕਿ ਐਮਰਜੰਸੀ ਖਿਲਾਫ ਲੜਾਈ ਵਿਚ ਅਕਾਲੀ ਦਲ ਮੋਹਰੀਆਂ ਵਿਚੋਂ ਸੀ ਅਤੇ ਲੋਕਤੰਤਰੀ ਰਵਾਇਤਾਂ ਦੀ ਰਾਖੀ ਲਈ ਲੜਾਈ ਜਾਰੀ ਰੱਖੇਗਾ
ਚੰਡੀਗੜ੍ਹ/25 ਜੂਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਅਤੇ ਪੰਜਾਬੀ ਅੱਜ ਦੇ ਦਿਨ 1975 ਵਿਚ ਲਾਈ ਗਈ ਐਮਰਜੰਸੀ ਕਰਕੇ ਇਸ ਦਿਨ ਨੂੰ 'ਕਾਲੇ ਦਿਵਸ' ਵਜੋਂ ਮਨਾਉਣਾ ਜਾਰੀ ਰੱਖਣਗੇ ਅਤੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵੱਲੋਂ ਸਿੱਖਾਂ ਉੱਤੇ ਵਾਰ ਵਾਰ ਢਾਹੇ ਗਏ ਅੱਤਿਆਚਾਰਾਂ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਣਗੇ।
ਅੱਜ ਦਿੱਲੀ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿਚ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਰੀਆਂ ਤਾਕਤਾਂ ਆਪਣੇ ਹੱਥ ਵਿਚ ਲੈਂਦਿਆਂ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਸਿਵਾਇ ਇਸ ਬੇਇਨਸਾਫੀ ਵਿਰੁੱਧ ਲੜਣ ਦੇ ਹੋਰ ਕੋਈ ਵਿਕਲਪ ਨਹੀਂ ਸੀ ਛੱਡਿਆ। ਉਹਨਾਂ ਕਿਹਾ ਕਿ ਐਮਰਜੰਸੀ ਪੂਰੇ ਦੇਸ਼ ਵਿਚ ਲੱਗੀ ਸੀ, ਪਰ ਇਹ ਸਿਰਫ ਅਕਾਲੀ ਦਲ ਹੀ ਸੀ, ਜਿਸ ਨੇ ਸਭ ਤੋਂ ਪਹਿਲਾਂ ਇਸ ਲੋਕਤੰਤਰ-ਵਿਰੋਧੀ ਕਦਮ ਖ਼ਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਨੇ 9 ਜੁਲਾਈ 1975 ਨੂੰ ਸ਼ੁਰੂ ਹੋਏ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ ਅਤੇ ਗਿਰਫਤਾਰੀਆਂ ਦੇਣ ਲਈ ਗਏ ਪਾਰਟੀ ਵਰਕਰਾਂ ਦੇ ਪਹਿਲੇ ਜਥੇ ਦੀ ਖੁਦ ਅਗਵਾਈ ਕੀਤੀ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਤਾਨਸ਼ਾਹੀ ਰਵਾਇਤਾਂ ਦਾ ਵਿਰੋਧ ਕਰਨ ਵਿਚ ਅਕਾਲੀ ਦਲ ਦੇ ਯੋਗਦਾਨ ਨੂੰ ਇਸ ਤੱਥ ਵਿਚੋਂ ਵੇਖਿਆ ਜਾ ਸਕਦਾ ਹੈ ਕਿ ਦੇਸ਼ ਅੰਦਰ ਐਮਰਜੰਸੀ ਦੌਰਾਨ ਗਿਰਫਤਾਰ ਕੀਤੇ ਗਏ 90 ਹਜ਼ਾਰ ਵਿਅਕਤੀਆਂ ਵਿਚੋਂ 60 ਹਜ਼ਾਰ ਸਿਰਫ ਪੰਜਾਬ ਵਿਚੋਂ ਸਨ। ਉਹਨਾ ਕਿਹਾ ਕਿ ਅਕਾਲੀ ਦਲ ਐਮਰਜੰਸੀ ਖ਼ਿਲਾਫ ਲੜਿਆ ਸੀ ਅਤੇ ਸਿੱਖਾਂ ਉੱਤੇ ਹੋਏ ਸਾਰੇ ਅੱਤਿਆਚਾਰਾਂ ਇਹ ਚਾਹੇ ਸ੍ਰੀ ਦਰਬਾਰ ਸਾਹਿਬ ਉੱਤੇ ਤੋਪਾਂ ਅਤੇ ਟੈਂਕਾਂ ਨਾਲ ਕੀਤਾ ਹਮਲਾ ਹੋਵੇ ਜਾਂ 1984 ਵਿਚ ਦਿੱਲੀ ਅੰਦਰ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਹੋਵੇ, ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗਾ। ਉਹਨਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਅਜ਼ਾਦੀ ਦੀ ਲੜਾਈ ਲੜੀ ਸੀ ਅਤੇ ਵੰਡ ਤੋਂ ਬਾਅਦ ਦੇਸ਼ ਦੀ ਉਸਾਰੀ ਵਿਚ ਵੱਡਾ ਯੋਗਦਾਨ ਪਾਇਆ ਸੀ। ਉਹਨਾਂ ਕਿਹਾ ਕਿ ਅਸੀਂ ਆਪਣੇ ਆਦਰਸ਼ਾਂ ਪ੍ਰਤੀ ਵਚਨਬੱਧ ਹਾਂ ਅਤੇ ਅਗਲੇ ਸਾਲ ਪਾਰਟੀ ਦੇ 100 ਸਾਲ ਪੂਰੇ ਹੋਣ ਦੇ ਜਸ਼ਨਾਂ ਮੌਕੇ ਦੁਬਾਰਾ ਤੋਂ ਇੱਕ ਨਵੇਂ ਜੋਸ਼ ਅਤੇ ਊਰਜਾ ਨਾਲ ਖੁਦ ਨੂੰ ਪਾਰਟੀ ਦੇ ਆਦਰਸ਼ਾਂ ਨੂੰ ਸਮਰਪਿਤ ਕਰਾਂਗੇ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਅਜ਼ਾਦੀ ਤੋਂ ਬਾਅਦ ਪੰਜਾਬ ਨੂੰ ਤਕਲੀਫਾਂ ਸਹਿਣੀਆਂ ਪਈਆਂ ਹਨ ਤਾਂ ਇਹ ਸਭ ਨਹਿਰੂ-ਗਾਂਧੀ ਪਰਿਵਾਰ ਵੱਲੋਂ ਪੰਜਾਬੀਆਂ ਨਾਲ ਕੀਤੇ ਵਿਤਕਰੇ ਸਦਕਾ ਵਾਪਰਿਆ ਹੈ। ਉਹਨਾਂ ਕਿਹਾ ਕਿ ਪੰਜਾਬ ਇੱਕੋਂ ਇੱਕ ਸੂਬਾ ਸੀ, ਜਿਸ ਦੀ ਆਪਣੀ ਕੋਈ ਰਾਜਧਾਨੀ ਨਹੀਂ ਸੀ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਪੰਜਾਬੀ ਬੋਲਦਿਆਂ ਇਲਾਕਿਆਂ ਨੂੰ ਸੂਬੇ ਤੋਂ ਖੋਹ ਲਿਆ ਗਿਆ ਸੀ। ਇਸ ਦੇ ਦਰਿਆਈ ਪਾਣੀਆਂ ਨੂੰ ਪੱਖਪਾਤੀ ਢੰਗ ਨਾਲ ਦੂਜੇ ਸੂਬਿਆਂ ਨੂੰ ਦਿੱਤੇ ਜਾਣ ਕਰਕੇ ਪੰਜਾਬ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਇਸ ਮੌਕੇ ਉੱਪਰ ਬੋਲਦਿਆਂ ਡੀਐਸਜੀਐਮਸੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਐਮਰਜੰਸੀ ਦੌਰਾਨ ਅਕਾਲੀ ਦਲ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਲਈ ਲੜਿਆ ਸੀ। ਅਸੀਂ ਸਾਡੇ ਦੇਸ਼ ਦੀਆਂ ਲੋਕਤੰਤਰੀ ਰਵਾਇਤਾਂ ਦੀ ਰਾਖੀ ਲਈ ਵਚਨਬੱਧ ਹਾਂ। ਉਹਨਾਂ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਉੱਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤ
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸਰਦਾਰ ਹਰਮੀਤ ਸਿੰਘ ਕਾਲਕਾ ਵੀ ਹਾਜ਼ਿਰ ਸਨ।