ਖੰਨਾ/ਅਮਰਗੜ•/01 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪਵਿੱਤਰ ਗੁਟਕਾ ਸਾਹਿਬ ਲਈ ਵੋਟਾਂ ਪਾਈਆਂ ਸਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਧਰਮ ਦੀਆਂ ਅਜਿਹੀਆਂ ਪਾਵਨ ਦੌਲਤਾਂ ਦੀ ਸਹੁੰ ਖਾ ਕੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਰੁਜ਼ਗਾਰ, ਬੇਰੁਜ਼ਗਾਰਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ, 2500 ਰੁਪਏ ਬੁਢਾਪਾ ਪੈਨਸ਼ਨ, 51 ਹਜ਼ਾਰ ਰੁਪਏ ਸ਼ਗਨ ਤੋਂ ਇਲਾਵਾ ਚਾਰ ਹਫਤਿਆਂ ਅੰਦਰ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਦੇ ਵਾਅਦੇ ਕੀਤੇ ਸਨ।
ਅੱਜ ਇੱਥੇ ਖੰਨਾ ਅਤੇ ਅਮਰਗੜ• ਵਿਖੇ ਪਾਰਟੀ ਦੀ 'ਜੋਸ਼ ਲਹਿਰ' ਤਹਿਤ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕੀਂ ਇਸ ਠੱਗ ਤੋਂ ਠੱਗੇ ਗਏ ਅਤੇ ਅਪਮਾਨਿਤ ਮਹਿਸੂਸ ਕਰਦੇ ਹਨ। ਉਹ ਸੋਚ ਵੀ ਨਹੀਂ ਸਕਦੇ ਸੀ ਕਿ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਵੀ ਝੂਠ ਬੋਲ ਸਕਦਾ ਹੈ। ਇਹ ਸਭ ਤੋਂ ਵੱਡੀ ਬੇਅਦਬੀ ਹੈ, ਜਿਹੜੀ ਕੋਈ ਸਿੱਖ ਕਦੇ ਵੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਲੋਕਾਂ ਨੇ ਅਮਰਿੰਦਰ ਉੱਤੇ ਭਰੋਸਾ ਕੀਤਾ ਸੀ। ਇਹ ਧਾਰਮਿਕ ਕਾਰਣਾਂ ਕਰਕੇ ਦਿੱਤੀ ਇੱਕ ਭਾਵੁਕ ਵੋਟ ਸੀ, ਪਰ ਹੁਣ ਲੋਕ ਜਾਣ ਗਏ ਹਨ ਕਿ ਇੱਕ ਮੌਕਾਪ੍ਰਸਤ ਵੱਲੋਂ ਉਹਨਾਂ ਨੂੰ ਕਿਵੇਂ ਬੇਵਕੂਫ ਬਣਾਇਆ ਗਿਆ ਸੀ।
ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿਚ ਸਮਰਥਨ ਜੁਟਾਉਣ ਲਈ ਰਾਜ ਭਰ ਅੰਦਰ ਜੋਸ਼ ਲਹਿਰ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਪੰਜਾਬ ਅੰਦਰ ਜੋਸ਼ ਲਹਿਰ ਦਾ ਜਾਦੂ ਸਿਰ ਚੜ• ਕੇ ਬੋਲ ਰਿਹਾ ਹੈ, ਕਿਉਂਕਿ ਲੋਕੀਂ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਕਾਹਲੇ ਹਨ। ਹੁਣ ਇਸ ਵਾਸਤੇ ਮਿਲੇ ਮੌਕੇ ਨੇ ਲੋਕਾਂ ਵਿਚ ਕਰੰਟ ਭਰ ਦਿੱਤਾ ਹੈ ਅਤੇ ਲੋਕਾਂ ਦੇ ਇਸ ਮੂਡ ਨੇ ਸੂਬੇ ਅੰਦਰ ਅਕਾਲੀ-ਭਾਜਪਾ ਵਿਚ ਇੱਕ ਨਵਾਂ ਜੋਸ਼ ਪਾ ਦਿੱਤਾ ਹੈ।
ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਗੁਰੂ ਸਾਹਿਬ ਦੇ ਪਾਵਨ ਚਰਨਾਂ, ਗੁਟਕਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਂ ਤੇ ਝੂਠੀ ਸਹੁੰ ਖਾਣ ਦੀਆਂ ਆਡਿਓਜ਼ ਅਤੇ ਵੀਡਿਓਜ਼ ਬਾਰੇ ਦੱਸਦਿਆਂ ਕਿਹਾ ਕਿ ਮੈਂ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਸਕਿਆ ਅਤੇ ਇਹ ਯਕੀਨ ਕਰਨਾ ਔਖਾ ਹੋ ਗਿਆ ਕਿ ਕੈਪਟਨ ਨੇ ਅਜਿਹਾ ਕੀਤਾ ਹੈ। ਪਿਛਲੇ ਦੋ ਸਾਲ ਤੋਂ ਪੰਜਾਬ ਅੰਦਰ ਚੱਲ ਰਹੀਆਂ ਸ਼ਰਾਬ ਦੀਆਂ ਪਾਰਟੀਆਂ 1ੁੱਤੇ ਤਨਜ਼ ਕਸਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਸ਼ੇ ਦੀ ਲੋਰ ਵਿਚ ਕੋਈ ਅਜਿਹਾ ਕਰ ਗਿਆ ਹੋਵੇ। ਪਰ ਜੇਕਰ ਘਰ ਦਾ ਲਾਣੇਦਾਰ ਸ਼ਰਾਬੀ ਹੋਵੇ ਤਾਂ ਇੱਕ ਖੁਸ਼ਹਾਲ ਪਰਿਵਾਰ ਵੀ ਬਰਬਾਦ ਹੋ ਸਕਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇਹ ਚੋਣ ਮੁਕਾਬਲਾ ਅਕਾਲੀ-ਭਾਜਪਾ ਅਤੇ ਕਾਂਗਰਸ ਤੇ ਇਸ ਦੇ ਪਿੱਠੂਆਂ ਵਿਚਕਾਰ ਹੈ। ਕਾਂਗਰਸ ਅਤੇ ਬਾਕੀ ਗਰੁੱਪਾਂ ਦਾ ਏਜੰਡਾ ਸਪੱਸ਼ਟ ਹੈ। ਉਹ ਸਾਰੇ ਸਾਨੂੰ ਨਿਸ਼ਾਨਾ ਬਣਾ ਰਹੇ ਹਨ। ਕੋਈ ਵੀ ਇੱਕ ਦੂਜੇ ਖ਼ਿਲਾਫ ਨਹੀਂ ਬੋਲਦਾ। ਉਹ ਸਿਰਫ ਅਕਾਲੀ ਦਲ ਨੂੰ ਸਿਆਸੀ ਦ੍ਰਿਸ਼ ਤੋਂ ਹਟਾਉਣਾ ਅਤੇ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਆਗੂ-ਵਿਹੂਣੇ ਕਰਨਾ ਚਾਹੁੰਦੇ ਹਨ। ਇਹ ਪੁਰਾਣੀ ਖੇਡ ਹੈ। ਉਹ ਸਿਰਫ ਸਿੱਖਾਂ ਅਤੇ ਪੰਜਾਬੀਆਂ ਨੂੰ ਆਗੂ ਵਿਹੂਣੇ ਕਰਨਾ ਚਾਹੁੰਦੇ ਹਨ। ਪਰ ਸਿੱਖ ਪੰਥ ਦੇ ਦੋਖੀ ਪਹਿਲਾਂ ਵੀ ਨਾਕਾਮ ਹੋਏ ਸੀ ਅਤੇ ਪੰਜਾਬ ਦੇ ਲੋਕਾਂ ਦੀ ਤਾਕਤ ਅੱਗੇ ਉਹ ਦੁਬਾਰਾ ਨਾਕਾਮ ਹੋਣਗੇ। ਸਰਦਾਰ ਬਾਦਲ ਨੇ ਕਿਹਾ ਕਿ ਮਈ ਵਿਚ ਹੋਣ ਵਾਲੀ ਇਸ ਚੋਣ ਵਿਚ ਅਕਾਲੀ-ਭਾਜਪਾ ਨੂੰ ਹੂੰਝਾ-ਫੇਰ ਜਿੱਤ ਹਾਸਿਲ ਹੋਵੇਗੀ। ਇਹਨਾਂ ਚੋਣਾਂ ਦੇ ਨਤੀਜੇ ਕਾਂਗਰਸ ਅਤੇ ਇਸ ਦੀਆਂ ਬੀ,ਸੀ ਡੀ ਟੀਮਾਂ ਦੀਆਂ ਅੱਖਾਂ ਖੋਲ• ਦੇਣਗੇ।
ਅਕਾਲੀ ਦਲ ਪ੍ਰਧਾਨ ਨੇ ਐਲਾਨ ਕੀਤਾ ਕਿ ਸਰਦਾਰ ਦਰਬਾਰਾ ਸਿੰਘ ਗੁਰੂ ਫਤਿਹਗੜ• ਸਾਹਿਬ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਹੋਣਗੇ।
ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਕੈਬਨਿਟ ਸਾਥੀਆਂ ਉੁੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਖਾਲੀ ਖਜ਼ਾਨੇ ਦੀ ਰਟ ਕਾਂਗਰਸ ਸਰਕਾਰ ਦੇ ਨਿਕੰਮੇਪਣ ਅਤੇ ਇਸ ਵੱਲੋਂ ਗਰੀਬਾਂ, ਬਜ਼ੁਰਗਾਂ, ਨੌਜਵਾਨਾਂ, ਕਿਸਾਨਾਂ, ਦਲਿਤਾਂ, ਕਰਮਚਾਰੀਆਂ ਅਤੇ ਬੇਰੁਜ਼ਗਾਰਾਂ ਦੀ ਕੀਤੀ ਬੇਕਦਰੀ ਨੂੰ ਲੁਕੋਣ ਦਾ ਇੱਕ ਬਹਾਨਾ ਹੈ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੇ ਜੇਕਰ ਕੋਈ ਵੀ ਵਰਗ ਜਿਵੇਂ ਅਧਿਆਪਕ ਜਾਂ ਨਰਸਾਂ ਆਪਣੀ ਕਿਸੇ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਸਨ ਤਾਂ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਜਾਂ ਤਾਂ ਉਹਨਾਂ ਨੂੰ ਖੁਦ ਮਿਲਣ ਜਾਂਦੇ ਸਨ ਜਾਂ ਫਿਰ ਗੱਲਬਾਤ ਲਈ ਸੱਦਾ ਭੇਜਦੇ ਸਨ। ਉਹਨਾਂ ਕਿਹਾ ਹੁਣ ਇਹ ਹਾਲਤ ਹੈ ਕਿ ਨਰਸਾਂ ਛੱਤਾਂ ਤੋਂ ਛਾਲਾਂ ਮਾਰ ਰਹੀਆਂ ਹਨ ਅਤੇ ਮੁੱਖ ਮੰਤਰੀ ਆਪਣੇ ਅਰਾਮ-ਪ੍ਰਸਤੀ ਵਿਚ ਖੋਏ ਰਹਿੰਦੇ ਹਨ। ਉਹ ਪੀੜਤਾਂ ਲਈ ਹਮਦਰਦੀ ਦਾ ਇੱਕ ਸ਼ਬਦ ਤਕ ਨਹੀਂ ਉਚਾਰਦਾ ਹੈ। ਉਹ ਆਪਣੀਆਂ ਐਸ਼ਪ੍ਰਸਤੀਆਂ ਵਿਚ ਇੰਨਾ ਗੁਆਚਿਆ ਰਹਿੰਦਾ ਹੈ ਕਿ ਸੂਬੇ ਅੰਦਰ ਤਾਂ ਉਹ ਕਿਤੇ ਵਿਖਾਈ ਹੀ ਨਹੀਂ ਦਿੰਦਾ।
ਦੋਹਾਂ ਰੈਲੀਆਂ ਵਿਚ ਲੋਕਾਂ ਦੇ ਭਾਰੀ ਇਕੱਠ ਸਦਕਾ ਮਿਲੇ ਜਬਰਦਸਤ ਹੁੰਗਾਰੇ ਕਰਕੇ ਸਰਦਾਰ ਬਾਦਲ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਰੋ ਰਿਹਾ ਹੈ ਅਤੇ ਕੈਪਟਨ ਸੌਂ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ 1947 ਤੋਂ ਬਾਅਦ ਪੰਜਾਬ ਅੰਦਰ ਵੇਖੀ ਗਈ ਸਭ ਤੋਂ ਭ੍ਰਿਸ਼ਟ, ਨਿਕੰਮੀ ਅਤੇ ਕਰੂਰ ਸਰਕਾਰ ਹੈ।
ਅਕਾਲੀ ਦਲ ਪ੍ਰਧਾਨ ਨੇ ਇਸ ਮੌਕੇ ਅਧਿਕਾਰੀਆਂ ਖਾਸ ਕਰਕੇ ਪੁਲਿਸ ਵਿਭਾਗ ਦੇ ਅਫਸਰਾਂ ਨੂੰ ਇੱਕ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਸਿਆਸੀ ਬਦਲਾਖੋਰੀ 'ਚ ਰੁੱਝੇ ਹਨ ਅਤੇ ਅਕਾਲੀ ਵਰਕਰਾਂ ਨੂੰ ਤੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਨੂੰਨ ਮੁਤਾਬਿਕ ਆਪਣੀ ਡਿਊਟੀ ਕਰੋ ਜਾਂ ਫਿਰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੋ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਸੰਵਿਧਾਨ ਦੇ ਨਿਯਮਾਂ ਅਨੁਸਾਰ ਨਿਰਪੱਖ ਹੋ ਕੇ ਆਪਣੀ ਡਿਊਟੀ ਕਰਦੇ ਹਨ, ਉਹਨਾਂ ਦਾ ਪੂਰਾ ਮਾਣ-ਸਨਮਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਈਮਾਨਦਾਰ ਅਧਿਕਾਰੀਆਂ ਦਾ ਸਨਮਾਨ ਕਰਦੇ ਹਾਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਬਾਰਾ ਸਿੰਘ ਗੁਰੂ, ਸਾਬਕਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਕਰਨਲ ਸੀਡੀ ਕੰਬੋਜ, ਰਣਜੀਤ ਸਿੰਘ ਤਲਵੰਡੀ ਅਤੇ ਇਕਬਾਲ ਸਿੰਘ ਝੂੰਦਾਂ ਨੇ ਵੀ ਸੰਬੋਧਨ ਕੀਤਾ।