ਚੰਡੀਗੜ•/28 ਮਾਰਚ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪ੍ਰਿਯੰਕਾ ਗਾਂਧੀ ਉੱਤਰ ਪ੍ਰਦੇਸ਼ ਵਿਚ ਗੰਨਾ ਉਤਪਾਦਕਾਂ ਦੇ 10 ਹਜ਼ਾਰ ਕਰੋੜ ਰੁਪਏ ਦੇ ਬਕਾਇਆਂ ਦਾ ਮੁੱਦਾ ਉਠਾਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦੇਵੇ ਕਿ ਉਹ ਪੰਜਾਬ ਦੇ ਉਹਨਾਂ ਕਿਸਾਨਾਂ ਦੇ 800 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਤੁਰੰਤ ਜਾਰੀ ਕਰੇ, ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਬਕਾਏ ਲੈਣ ਵਾਸਤੇ ਅੰਦੋਲਨ ਕਰ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਯੂਪੀ ਵਿਚ ਗੰਨੇ ਦੇ ਬਕਾਏ ਮੰਗਣ ਦਾ ਕੋਈ ਹੱਕ ਨਹੀਂ ਹੈ,ਕਿਉਂਕਿ ਪੰਜਾਬ ਵਿਚ ਕਾਂਗਰਸ ਸਰਕਾਰ ਗੰਨਾ ਉਤਪਾਦਕਾਂ ਦੇ ਬਕਾਏ ਦੱਬੀ ਬੈਠੀ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਬਕਾਇਆਂ ਨਾਲੋਂ ਕਿਤੇ ਵੱਧ ਹਨ।
ਅਕਾਲੀ ਆਗੂ ਨੇ ਦੱਸਿਆ ਕਿ ਗੰਨਾ ਉੱਤਰ ਪ੍ਰਦੇਸ਼ ਦੀ ਮੁੱਖ ਫਸਲ ਹੈ ਅਤੇ 22 ਲੱਖ ਹੈਕਟੇਅਰ ਤੋ ਵੱਧ ਜ਼ਮੀਨ ਉੱਤੇ ਗੰਨੇ ਦੀ ਫਸਲ ਬੀਜੀ ਜਾਂਦੀ ਹੈ। ਦੂਜੇ ਪਾਸੇ ਪੰਜਾਬ ਵਿਚ ਕਿਸਾਨ ਇੱਕ ਲੱਖ ਹੈਕਟੇਅਰ ਤੋਂ ਵੀ ਘੱਟ ਯਾਨੀ 0.94 ਹੈਕਟੇਅਰ ਜ਼ਮੀਨ ਉੱਤੇ ਗੰਨਾ ਬੀਜਦੇ ਹਨ। ਉਹਨਾਂ ਦੱਸਿਆ ਕਿ ਇੱਕ ਮੋਟੇ ਅੰਦਾਜ਼ੇ ਮੁਤਾਬਿਕ ਉੱਤਰ ਪ੍ਰਦੇਸ਼ ਵਿਚ ਖੰਡ ਮਿਲਾਂ ਨੇ ਕਿਸਾਨਾਂ ਦੇ 320 ਰੁਪਏ ਪ੍ਰਤੀ ਹੈਕਟੇਅਰ ਦੇ ਬਕਾਏ ਦੇਣੇ ਹਨ ਜਦਕਿ ਪੰਜਾਬ ਦੀਆਂ ਖੰਡ ਮਿਲਾਂ ਨੇ ਕਿਸਾਨਾਂ ਦੇ 800 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਬਕਾਏ ਦੇਣੇ ਹਨ। ਇਸ ਤਰ•ਾਂ ਪੰਜਾਬ ਦੀਆਂ ਖੰਡ ਮਿੱਲਾਂ ਯੂਪੀ ਦੇ ਮੁਕਾਬਲੇ ਕਿਸਾਨਾਂ ਦੇ ਦੁੱਗਣੇ ਬਕਾਏ ਦੱਬੀ ਬੈਠੀਆਂ ਹਨ।
ਸਰਦਾਰ ਮਲੂਕਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਯੂਪੀ ਦੇ ਕਿਸਾਨਾਂ ਦੇ ਗੰਨੇ ਦੇ ਬਕਾਏ ਜਾਰੀ ਕਰਵਾਉਣ ਲਈ ਤਾਂ ਰੌਲਾ ਪਾ ਦਿੱਤਾ ਹੈ, ਪਰ ਪੰਜਾਬ ਦੇ ਗੰਨਾ ਉਤਪਾਦਕਾਂ ਦੇ ਬਕਾਇਆਂ ਸੰਬੰਧੀ ਉਹਨਾਂ ਨੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ, ਜਦਕਿ ਪੰਜਾਬ ਦੇ ਕਿਸਾਨ ਯੂਪੀ ਦੇ ਕਿਸਾਨਾਂ ਦੇ ਮੁਕਾਬਲੇ ਦੁੱਗਣਾ ਨੁਕਸਾਨ ਝੱਲ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਮੁੱਦੇ ਉਠਾਉਣ ਸਮੇਂ ਕਾਂਗਰਸ ਸਾਸ਼ਿਤ ਰਾਜਾਂ ਅਤੇ ਐਨਡੀਏ ਸਾਸ਼ਿਤ ਰਾਜਾਂ ਬਾਰੇ ਦੋਹਰੇ ਮਾਪਦੰਡ ਨਹੀਂ ਅਪਣਾ ਸਕਦੀ। ਉਹਨਾਂ ਕਿਹਾ ਕਿ ਸਾਡੇ ਵਾਸਤੇ ਸਾਰੇ ਦੇਸ਼ ਦੇ ਕਿਸਾਨਾਂ ਦੇ ਬਕਾਇਆਂ ਦੀ ਅਦਾਇਗੀ ਇੱਕੋ ਜਿੰਨੀ ਅਹਿਮੀਅਤ ਰੱਖਦੀ ਹੈ।
ਉਹਨਾਂ ਕਿ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਗੰਨੇ ਦੇ ਬਕਾਏ ਲੈਣ ਲਈ ਲੰਬੇ ਸਮੇਂ ਤੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਰੋਸ ਮਾਰਚ ਕਰਕੇ, ਧਰਨੇ ਲਾ ਕੇ ਅਤੇ ਪਾਣੀ ਦੀਆਂ ਟੈਕੀਆਂ ਉਤੇ ਚੜ• ਕੇ ਅੰਦੋਲਨ ਕਰਦੀਆਂ ਆ ਰਹੀਆਂ ਹਨ, ਪਰ ਸਰਕਾਰ ਅਜੇ ਤਕ ਟੱਸ ਤੋਂ ਮੱਸ ਨਹੀਂ ਹੋਈ ਹੈ ਅਤੇ ਨਾ ਹੀ ਇਸ ਨੇ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਦੇ ਬਕਾਏ ਜਾਰੀ ਕਰਨ ਦਾ ਕੋਈ ਭਰੋਸਾ ਦਿੱਤਾ ਹੈ।