ਜਲਾਲਾਬਾਦ/ਅਬੋਹਰ/ਬੱਲੂਆਣਾ: ਆ ਰਹੀਆਂ ਲੋਕ ਸਭਾ ਚੋਣਾਂ ਵਿਚ ਨਾ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਨਾ ਹੀ ਉਸ ਦੀ ਭੈਣ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਦੇ ਸਿਆਸੀ ਪਤਨ ਨੂੰ ਰੋਕ ਪਾਉਣਗੇ। ਕਾਂਗਰਸ ਦੀ ਡੁੱਬਦੀ ਬੇੜੀ ਨੂੰ ਕੋਈ ਵੀ ਨਹੀਂ ਬਚਾ ਪਾਵੇਗਾ।
ਇੱਥੇ ਯੂਥ ਅਕਾਲੀ ਦਲ ਦੀਆਂ ਰੈਲੀਆਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਸਮਾਜ ਦੇ ਸਾਰੇ ਵਰਗਾਂ ਕਿਸਾਨਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਸਰਕਾਰੀ ਕਰਮਚਾਰੀਆਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਉਹ ਇਸ ਪਾਰਟੀ ਨੂੰ ਕਰਾਰਾ ਸਬਕ ਸਿਖਾਉਣਗੇ।
ਅਬੋਹਰ ਨਾਲ ਸੰਬੰਧ ਰੱਖਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਲੋਕਾਂ ਨਾ ਕੀਤੇ ਇਸ ਧੋਖੇ ਲਈ ਪਾਰਟੀ ਪ੍ਰਧਾਨ ਵੀ ਸੂਬੇ ਦੇ ਮੁੱਖ ਮੰਤਰੀ ਜਿੰਨਾ ਹੀ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਲੋਕ ਹੁਣ ਜਾਖੜ ਨੂੰ ਸਵਾਲ ਪੁੱਛ ਰਹੇ ਹਨ ਕਿ ਉਸ ਨੇ ਅਤੇ ਉਸ ਦੀ ਸਰਕਾਰ ਨੇ ਇਸ ਇਲਾਕੇ ਦੇ ਲੋਕਾਂ ਲਈ ਕੀ ਕੀਤਾ ਹੈ।
ਸਰਦਾਰ ਮਜੀਠੀਆ ਨੇ ਯਾਦ ਕਰਵਾਇਆ ਕਿ ਕਾਗਰਸ ਸਰਕਾਰ ਦੌਰਾਨ ਜਾਖੜ ਪਰਿਵਾਰ ਹਮੇਸ਼ਾਂ ਵੱਡੇ ਅਹੁਦਿਆਂ ਉੱਤੇ ਰਿਹਾ ਹੈ, ਪਰ ਚਾਰ ਦਹਾਕਿਆਂ ਤਕ ਦੇਸ਼ ਉੱਤੇ ਇਕੱਲਿਆਂ ਰਾਜ ਕਰਨ ਵਾਲੇ ਗਾਂਧੀ ਪਰਿਵਾਰ ਦੀ ਨੇੜਤਾ ਮਾਣਨ ਦੇ ਬਾਵਜੂਦ ਜਾਖੜਾਂ ਨੇ ਇਸ ਇਲਾਕੇ ਵਾਸਤੇ ਕੁੱਝ ਨਹੀ ਕੀਤਾ ਹੈ। ਉਹਨਾਂ ਕਿਹਾ ਕਿ ਜਾਖੜ ਪਰਿਵਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਉਹ ਗੁਰਦਾਸਪੁਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਇਸ ਲਈ ਜਿੱਤ ਗਿਆ, ਕਿਉਂਕਿ ਲੋਕਾਂ ਨੂੰ ਉਸ ਨਿਕੰਮੇਪਣ ਬਾਰੇ ਪਤਾ ਨਹੀਂ ਸੀ।
ਅਕਾਲੀ ਆਗੂ ਨੇ ਕਿਹਾ ਕਿ ਜਾਖੜ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਮੁਕੰਮਲ ਕਰਜ਼ਾ ਮੁਆਫੀ, ਹਰ ਘਰ ਵਿਚ ਰੁਜ਼ਗਾਰ, ਬੇਰੁਜ਼ਗਾਰੀ ਭੱਤਾ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਆਦਿ ਦੇ ਵਾਅਦਿਆਂ ਵਿਚੋਂ ਕਿੰਨੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਹਨਾਂ ਨੌਜਵਾਨਾਂ ਨੂੰ ਮਜ਼ਾਕੀਆ ਲਹਿਜ਼ੇ ਵਿਚ ਪੁੱਛਿਆ ਕਿ ਤੁਸੀਂ ਜਾਖੜ ਦੇ ਇਲਾਕੇ ਵਿਚ ਰਹਿੰਦੇ ਹੋ, ਤੁਹਾਨੂੰ ਤਾਂ ਪੱਕਾ ਦੋ ਨੌਕਰੀਆਂ, ਦੋ ਸਮਾਰਟ ਫੋਨ ਅਤੇ ਚੰਗਾ ਬੇਰੁਜ਼ਗਾਰੀ ਭੱਤਾ ਮਿਲਦਾ ਹੋਣਾ ਹੈ? ਉਹਨਾਂ ਕਿਹਾ ਕਿ ਕਾਂਗਰਸ ਦੇ ਦੋ ਸਾਲਾਂ ਦੇ ਰਾਜ ਵਿਚ ਲੋਕ ਬੁਰੀ ਤਰ•ਾਂ ਅੱਕੇ ਪਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਅਕਸਰ ਖਾਲੀ ਖਜ਼ਾਨੇ ਦੀ ਸ਼ਿਕਾਇਤ ਕਰਦੀ ਹੈ, ਪਰੰਤੂ ਪੱਪੂ ਦੇ ਮੋਗੇ ਆਉਣ ਤੇ ਇਹ ਖੁੱਲ•ਾ ਖਰਚਾ ਕਰਦੀ ਹੈ। ਪਰ ਨਾਲ ਹੀ ਉਹਨਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਪੱਪੂ ਨਹੀਂ ਕਹਿ ਰਹੇ। ਉਹਨਾਂ ਕਿਹਾ ਕਿ ਮੈਂ ਤਾਂ ਸਿਰਫ ਉਹੀ ਦੁਹਰਾ ਰਿਹਾ ਹਾਂ ਜੋ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਕਹਿੰਦਾ ਹੁੰਦਾ ਸੀ। ਸਿੱਧੂ ਨੇ ਕਾਂਗਰਸ ਨੂੰ 'ਮੁੰਨੀ ਤੋਂ ਵੱਧ ਬਦਨਾਮ ਹੋਈ' ਪਾਰਟੀ ਕਿਹਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਅਰੁਣ ਨਾਰੰਗ, ਪਰਮਬੰਸ ਸਿੰਘ ਬੰਟੀ ਰੋਮਾਣਾ, ਸਤਿੰਦਰਜੀਤ ਸਿੰਘ ਮੰਟਾ, ਵਰਦੇਵ ਸਿੰਘ ਨੋਨੀ ਮਾਨ, ਅਸ਼ੋਕ ਅਨੇਜਾ, ਪਰਕਾਸ਼ ਸਿੰਘ ਭੱਟੀ, ਗੁਰਪਾਲ ਸਿੰਘ ਗਰੇਵਾਲ, ਲਖਵਿੰਦਰ ਸਿੰਘ ਰੋਹੀਵਾਲਾ, ਬਲਵਿੰਦਰ ਸਿੰਘ ਗੋਰਾਇਆ ਅਤੇ ਮੌਂਟੂ ਵੋਹਰਾ ਵੀ ਹਾਜ਼ਿਰ ਸਨ।