ਚੰਡੀਗੜ੍ਹ/05 ਅਪ੍ਰੈਲ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਪ੍ਰਬੰਧਨ ਅਤੇ ਸਪਲਾਈ ਚੇਨ ਲਈ ਇੱਕ ਤਾਕਤੀ ਕਮੇਟੀ ਬਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਵਸਤਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕਈ ਹੋਰ ਕਦਮ ਵੀ ਚੁੱਕੇ ਗਏ ਹਨ।
ਇੱਕ ਵੀਡਿਓ ਕਾਨਫਰੰਸ ਰਾਹੀਂ ਐਫਆਈਸੀਸੀਆਈ, ਸੀਆਈਆਈ, ਐਸੋਚੈਮ, ਪੀਐਚਡੀਸੀਸੀਆਈ, ਏਆਈਐਫਪੀਏ, ਆਈਸੀਸੀ, ਫਾਈਨਰ ਅਤੇ ਡੀਆਈਸੀਸੀਆਈ ਵਰਗੇ ਉਦਯੋਗਿਕ ਘਰਾਣਿਆਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਤਾਲਬੰਦੀ ਮਗਰੋਂ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਦੁਬਾਰਾ ਖੜ੍ਹਾ ਕਰਨ ਲਈ ਸਰਕਾਰ ਦੇ ਲੋੜੀਂਦੇ ਸਹਿਯੋਗ ਬਾਰੇ ਚਰਚਾ ਕੀਤੀ। ਕਾਨਫਰੰਸ ਦੌਰਾਨ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੁਆਰਾ ਕਾਰੋਬਾਰ ਦੇ ਮਾਹੌਲ ਨੂੰ ਸੌਖਾ ਬਣਾਉਣ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲੀ ਵੀਡਿਓ ਕਾਨਫਰੰਸ ਵਿਚ ਉਠਾਏ ਮੁੱਦਿਆਂ ਦੇ ਸਟੇਟਸ ਬਾਰੇ ਦੱਸਿਆ।
ਬੀਬਾ ਬਾਦਲ ਨੇ ਦੱਸਿਆ ਕਿ ਤਾਕਤੀ ਕਮੇਟੀ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੀ ਹੈ। ਰੇਲ ਆਵਾਜਾਈ ਲਈ ਇੱਕ ਦਸਤਾਵੇਜ ਜਾਰੀ ਕਰਨ ਸੰਬੰਧੀ ਕਦਮ ਚੁੱਕੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਖੁਰਾਕੀ ਵਸਤਾਂ ਦੀ ਨਿਰਵਿਘਂਨ ਸਪਲਾਈ ਲਈ ਰੋਜ਼ਾਨਾ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਮਸ਼ੀਨਰੀ ਅਤੇ ਟਰੱਕਾਂ ਦੀ ਮੁਰੰਮਤ, ਦੁੱਧ ਇਕੱਤਰ ਕਰਨ ਦੀ ਸਮੁੱਚੀ ਚੇਨ, ਏਪੀਐਮ ਦੀਆਂ ਮੰਡੀਆਂ ਅਤੇ ਕੰਬਾਇਨ ਹਾਰਵੈਸਟਰਾਂ ਦੇ ਇੱਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਨਾਲ ਸੰਬੰਧਤ ਵਧੇਰੇ ਛੋਟਾਂ ਦੇ ਦਿੱਤੀਆਂ ਗਈਆਂ ਹਨ।
ਮੰਤਰਾਲੇ ਨੇ ਦੱਸਿਆ ਕਿ ਇੰਡਸਟਰੀ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਦੇ ਹੱਲ, ਭੋਜਨ ਅਤੇ ਦਵਾਈਆਂ ਦੀ ਉਪਲੱਬਧਤਾ ਲਈ ਸਪਲਾਈ ਚੇਨ ਅਤੇ ਪ੍ਰਬੰਧਨ ਲਈ ਬਣਾਏ ਸ਼ਿਕਾਇਤ ਨਿਵਾਰਣ ਸੈਲ ਨੇ 348 ਸ਼ਿਕਾਇਤਾਂ ਵਿਚੋਂ ਅੱਧੀਆਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਬਾਕੀ ਵਿਚਾਰ ਅਧੀਨ ਹਨ।
ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਲੀਹ ਉੱਤੇ ਲਿਆਉਣ ਸੰਬੰਧੀ ਇੰਡਸਟਰੀ ਪ੍ਰਤੀਨਿਧਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਵਾਪਸ ਕੰਮ ਉੱਤੇ ਬੁਲਾਉਣ ਲਈ ਉੱਪਰ ਤੋਂ ਲੈ ਕੇ ਸਥਾਨਕ ਪ੍ਰਸਾਸ਼ਨ ਤਕ ਸਾਰਿਆਂ ਦੁਆਰਾ ਹੱਲਾਸ਼ੇਰੀ ਦੇਣ ਦੀ ਲੋੜ ਹੈ। ਉਹਨਾਂ ਵਸਤਾਂ ਅਤੇ ਮਜ਼ਦੂਰਾਂ ਲਈ ਵਿਸੇਸ਼ ਰੇਲ ਗੱਡੀਆਂ æਸੁਰੂ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਤਿੰਨ ਮਹੀਨੇ ਲਈ ਜੀਐਸਟੀ ਮੁਆਫ ਕਰ ਦਿੱਤਾ ਜਾਵੇ ਜਾਂ ਇੰਡਸਟਰੀ ਨੂੰ ਸਾਹ ਦਿਵਾਉਣ ਲਈ ਇਸ ਦੀ ਉਗਰਾਹੀ ਮੁਲਤਵੀ ਕਰ ਦਿੱਤੀ ਜਾਵੇ। ਉਹਨਾਂ ਨੇ ਕਿਸਾਨਾਂ ਦੀ ਉਪਜ ਸਿੱਧੀ ਚੁੱਕਣ ਦਾ ਵੀ ਸੁਝਾਅ ਦਿੱਤਾ।