ਚੰਡੀਗੜ•/16 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ ਰਾਸ਼ਟਰ-ਵਿਰੋਧੀਆਂ ਵਾਲੀ ਭਾਸ਼ਾ ਬੋਲਣ ਲਈ ਪਾਰਟੀ ਵਿਚੋਂ ਬਾਹਰ ਕੱਢਣ, ਜਿਸ ਨੇ ਪਾਕਿਸਤਾਨ ਦੀ ਤਰਫ਼ਦਾਰੀ ਕਰਦਿਆਂ ਕਿਹਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਸਿੱਧੂ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅੱਤਵਾਦ ਵਿਰੁੱਧ ਕਾਰਵਾਈ ਲਈ ਅੰਤਰਰਾਸ਼ਟਰੀ ਭਾਈਚਾਰੇ ਕੋਲ ਭਾਰਤ ਦੇ ਕੇਸ ਨੂੰ ਕਮਜ਼ੋਰ ਕਰ ਰਿਹਾ ਹੈ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਾਲੋਂ ਸੋਨੀ ਟੀਵੀ ਅਤੇ ਕਪਿਲ ਸ਼ਰਮਾ ਸ਼ੋਅ ਦੇ ਪ੍ਰਬੰਧਕ ਵੱਧ ਦੇਸ਼-ਭਗਤ ਹਨ, ਜਿਹੜੀ ਕਿ ਚੁੱਪ ਧਾਰੀ ਬੈਠੀ ਹੈ ਜਦਕਿ ਇਸ ਦਾ ਸੀਨੀਅਰ ਮੰਤਰੀ ਪਾਕਿਸਤਾਨ ਅਤੇ ਇਸ ਦੀਆਂ ਅੱਤਵਾਦੀਆਂ ਕਾਰਵਾਈਆਂ ਦੀ ਤਰਫਦਾਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਪੁੱਛਣ ਚਾਹੁੰਦਾ ਹਾਂ ਕਿ ਕੀ ਉਹ ਚੁੱਪ ਚਾਪ ਬੈਠੇ ਰਹਿਣਗੇ ਅਤੇ ਨਵਜੋਤ ਸਿੱਧੂ ਵੱਲੋਂ ਦੇਸ਼ ਅਤੇ ਇਸ ਫੌਜੀਆਂ ਦੇ ਕੀਤੇ ਅਪਮਾਨ ਨੂੰ ਸਹਿੰਦੇ ਰਹਿਣਗੇ। ਹਰ ਦੇਸ਼ ਭਗਤ ਭਾਰਤੀ ਪੁੱਛ ਰਿਹਾ ਹੈ ਕਿ ਕੀ ਰਾਹੁਲ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਗੇ ਅਤੇ ਸਿਆਸਤ ਤੋਂ ਉੱਪਰ ਉੱਠਣਗੇ। ਉਹਨਾਂ ਕਿਹਾ ਕਿ ਸਿੱਧੂ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ, ਨਹੀਂ ਤਾਂ ਭਾਰਤ ਦੇ ਲੋਕ ਇਹੋ ਅਰਥ ਕੱਢਣਗੇ ਕਿ ਸਿੱਧੂ ਨੇ ਰਾਹੁਲ ਗਾਂਧੀ ਦੇ ਨਿਰਦੇਸ਼ਾਂ ਉੱਤੇ ਅਜਿਹਾ ਬਿਆਨ ਦਿੱਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਇਮਤਿਹਾਨ ਹੈ। ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕੀ ਉਹਨਾਂ ਵੱਲੋਂ ਕੱਲ• ਵਿਧਾਨ ਸਭਾ ਵਿਚ ਪਾਕਿ ਫੌਜ ਮੁਖੀ ਦੇ ਪਿਆਦਿਆਂ ਬਾਰੇ ਬੋਲੇ ਸ਼ਬਦ ਸੱਚੇ ਹਨ। ਜੇਕਰ ਹਾਂ, ਤਾਂ ਕੈਪਟਨ ਨੂੰ ਆਪਣੀ ਕੈਬਨਿਟ ਵਿਚੋਂ ਖਰਾਬ ਆਂਡੇ (ਨਵਜੋਤ ਸਿੱਧੂ) ਨੂੰ ਬਾਹਰ ਕੱਢਣ ਲਈ ਰਾਹੁਲ ਗਾਂਧੀ ਦੀ ਆਗਿਆ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਕੈਪਟਨ ਅਮਰਿੰਦਰ ਨੂੰ ਹੁਣ ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਇੱਕ ਫੌਜੀ ਹੈ, ਨਹੀਂ ਤਾਂ ਪੰਜਾਬੀ ਜਾਣ ਜਾਣਗੇ ਕਿ ਪੰਜਾਬ ਦਾ ਕੈਪਟਨ ਕੌਣ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਸਿਰਫ ਪਾਕਿਸਤਾਨ ਦੇ ਘਿਣਾਉਣੇ ਹਮਲੇ ਨੂੰ ਹੀ ਸਹੀ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਹ ਉਸ ਭਾਸ਼ਾ ਵਿਚ ਗੱਲ ਕਰ ਰਿਹਾ ਹੈ, ਜਿਹੜੀ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਅਤੇ ਵੱਖਵਾਦੀ ਸਈਅਦ ਗਿਲਾਨੀ ਤੇ ਯਾਸਿਨ ਮਲਿਕ ਬੋਲ ਰਹੇ ਹਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਹੁਣ ਇਹ ਵੀ ਨਹੀਂ ਜਾਣਦਾ ਲੱਗਦਾ ਕਿ ਪਾਕਿਸਤਾਨ ਅੱਤਵਾਦ ਦਾ ਮੁੱਖ ਸਰੋਤ ਹੈ। ਇੱਥੋਂ ਤਕ ਕਿ ਅਮਰੀਕਾ ਨੇ ਵੀ ਪੁਲਵਾਮਾ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਵੱਲੋਂ ਕੀਤਾ ਗਿਆ ਹੈ। ਜੈਸ਼ ਵਰਗੇ ਅੱਤਵਾਦੀ ਗਰੁੱਪ ਪਠਾਨਕੋਟ, ਦੀਨਾਨਗਰ ਅਤੇ ਉੜੀ ਹਮਲਿਆਂ ਲਈ ਵੀ ਜ਼ਿੰਮੇਵਾਰ ਸਨ।
ਸਿੱਧੂ ਨੂੰ ਇਹ ਪੁੱਛਦਿਆਂ ਕਿ ਉਸ ਨੇ ਪਾਕਿਸਤਾਨ ਨੂੰ ਕਲੀਨ ਚਿਟ ਕਿਉਂ ਦਿੱਤੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਸ ਕੋਲ ਇਸ ਸੰਬੰਧੀ ਕੋਈ ਖਾਸ ਜਾਣਕਾਰੀ ਹੈ। ਸਿੱਧੂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਦੇ ਦੋਸਤ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੀ ਪਾਕਿਸਤਾਨ ਅੰਦਰ ਸਰਕਾਰ ਬਣਾਉਣ ਵਿੱਚ ਮੱਦਦ ਕਰਨ ਵਾਲੀ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਅੱਤਵਾਦੀ ਹਮਲਿਆਂ ਨੂੰ ਉਹ ਸਹੀ ਕਿਉਂ ਠਹਿਰਾ ਰਿਹਾ ਹੈ? ਉਹਨਾਂ ਕਿਹਾ ਕਿ ਜੈਸ਼ ਇਸ ਘਿਣਾਉਣੇ ਹਮਲੇ ਦੀ ਪਹਿਲਾਂ ਜ਼ਿੰਮੇਵਾਰੀ ਲੈ ਚੁੱਕੀ ਹੈ, ਜਿਸ ਵਿਚ ਪੰਜਾਬ ਦੇ 4 ਫੌਜੀਆਂ ਸਮੇਤ 49 ਫੌਜੀਆਂ ਦੀ ਜਾਨ ਚਲੀ ਗਈ ਹੈ। ਉਹਨਾਂ ਕਿਹਾ ਕਿ ਸਿੱਧੂ ਅਜੇ ਹੋਰ ਕਿੰਨਾ ਕਤਲੇਆਮ ਕਰਵਾਉਣ ਮਗਰੋਂ ਪਾਕਿਸਤਾਨ ਸਰਕਾਰ ਦੀ ਨਿਖੇਧੀ ਕਰਨ ਦਾ ਮਨ ਬਣਾਏਗਾ?
ਇਹ ਕਹਿੰਦਿਆਂ ਕਿ ਭਾਰਤੀ ਅਜਿਹੇ ਗੱਦਾਰੀ-ਭਰੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰਨਗੇ, ਸਰਦਾਰ ਮਜੀਠੀਆ ਨੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦਾ ਰਾਸ਼ਟਰਵਾਦੀ ਅਕਸ ਬਚਾਉਣ ਲਈ ਸਿੱਧੂ ਦੇ ਖ਼ਿਲਾਫ ਤੁਰੰਤ ਕਾਰਵਾਈ ਕਰਨ।