ਕਿਹਾ ਕਿ ਲਾਚਾਰ ਕਾਂਗਰਸੀ ਉਮੀਦਵਾਰ ਇੱਕ ਹੰਕਾਰੀ ਕਪਤਾਨ ਦੀ ਤਾਨਾਸ਼ਾਹੀ ਦੇ ਸ਼ਿਕਾਰ ਹਨ
ਮਾਨਸਾ/ ਬਠਿੰਡਾ/03 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਿਸ ਦਾ ਕਪਤਾਨ ਲੋਕਾਂ ਨੂੰ ਮਿਲਣਾ ਵੀ ਆਪਣੀ ਹੱਤਕ ਸਮਝਦਾ ਹੈ, ਪੰਜਾਬ ਅੰਦਰ ਅਜਿਹੀ ਕਾਂਗਰਸ ਸਰਕਾਰ ਦਾ ਸੱਤਾ 'ਚ ਬਣੇ ਰਹਿਣਾ ਪੰਜਾਬੀਆਂ ਦੀ ਅਣਖ ਅਤੇ ਸਿਆਣਪ ਦਾ ਅਪਮਾਨ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹ ਕਾਂਗਰਸੀ ਉਮੀਦਵਾਰਾਂ ਦੀ ਬਹੁਤੀ ਨੁਕਤਾਚੀਨੀ ਨਹੀਂ ਕਰਦੇ, ਕਿਉਂਕਿ ਇਹ ਵਿਚਾਰੇ ਖੁਦ ਇੱਕ ਘਮੰਡੀ ਤਾਨਾਸ਼ਾਹ ਦੇ ਸ਼ਿਕਾਰ ਹਨ,ਜਿਸ ਨੂੰ ਮਿਲਣ ਲਈ ਵੀ ਇਹਨਾਂ ਨੂੰ ਕਈ ਕਈ ਹਫ਼ਤੇ ਤੇ ਮਹੀਨੇ ਦਰ ਉੱਤੇ ਖੜ੍ਹ ਕੇ ਗੁਲਾਮਾਂ ਵਾਂਗ ਇੰਤਜ਼ਾਰ ਕਰਨਾ ਪੈਂਦਾ ਹੈ। ਮੈਨੂੰ ਤਾਂ ਇਹਨਾਂ ਵਿਚਾਰਿਆਂ ਉੱਤੇ ਤਰਸ ਹੀ ਆਉਂਦਾ ਹੈ, ਇਸੇ ਲਈ ਮੈਂ ਇਹਨਾਂ ਵਿਰੁੱਧ ਜ਼ਿਆਦਾ ਨਹੀਂ ਬੋਲਦਾ।
ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਆਖਿਆ ਕਿ ਉਹ ਇੱਕ ਸੱਚੇ ਆਗੂ ਵਾਂਗ ਪੰਜਾਬ ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਦਲੇਰੀ ਵਿਖਾਏ। ਨਾ ਕਿ ਇਸ ਦਾ ਦੋਸ਼ ਆਪਣੇ ਉਹਨਾਂ ਜੂਨੀਅਰ ਸਾਥੀਆਂ ਦੇ ਸਿਰ ਮੜ੍ਹੇ, ਜਿਹਨਾਂ ਨੂੰ ਉਹ ਮਿਲਣ ਤੋਂ ਇਨਕਾਰ ਕਰਕੇ ਰੋਜ਼ਾਨਾ ਤਿਰਸਕਾਰ ਕਰਦਾ ਆ ਰਿਹਾ ਹੈ।
ਅਮਰਿੰਦਰ ਉੱਤੇ ਨਿਸ਼ਾਨਾ ਸੇਧਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਤੁਹਾਡੇ ਕੀਤੇ ਪਾਪਾਂ ਦਾ ਖਮਿਆਜ਼ਾ ਭੁਗਤ ਰਹੀ ਹੈ ਨਾ ਕਿ ਤੁਹਾਡੇ ਉਹਨਾਂ ਗਰੀਬ ਅਤੇ ਤਾਕਤਹੀਣ ਸਾਥੀਆਂ ਦਾ, ਜਿਹਨਾਂ ਨਾਲ ਤੁਸੀਂ ਗੁਲਾਮਾਂ ਵਰਗਾ ਵਿਵਹਾਰ ਕਰਦੇ ਹੋ। ਇੱਕ ਰਾਜੇ ਦੀ ਹਾਰ ਲਈ ਗੁਲਾਮਾਂ ਨੂੰ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਤੁਹਾਡੇ ਜੂਨੀਅਰ ਸਾਥੀਆਂ ਦੀ ਤੁਹਾਡੀ ਸਰਕਾਰ ਅੰਦਰ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਤੁਸੀਂ ਆਪਣੇ ਅਧਿਕਾਰੀਆਂ ਕੋਲੋਂ ਰੋਜ਼ ਉਹਨਾਂ ਦਾ ਅਪਮਾਨ ਕਰਵਾਉਂਦੇ ਹੋ। ਉਹਨਾਂ ਨੂੰ ਤੁਹਾਡੀ ਹਾਰ ਲਈ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਉਹਨਾਂ ਕਿਹਾ ਕਿ ਤੁਹਾਡੀ ਮਾੜੀ ਕਾਰਗੁਜ਼ਾਰੀ ਅਤੇ ਤੁਹਾਡੇ ਵੱਲੋਂ ਲੋਕਾਂ ਦੀ ਕੀਤੀ ਅਣਦੇਖੀ ਦੀ ਕੀਮਤ ਆਮ ਕਾਂਗਰਸੀ ਵਰਕਰ ਅਦਾ ਕਰ ਰਹੇ ਹਨ।
ਸਰਦਾਰ ਬਾਦਲ ਨੇ ਇੱਥੇ ਬਠਿੰਡਾ ਲੋਕ ਸਭਾ ਹਲਕੇ ਦੇ ਮਾਨਸਾ ਅਤੇ ਬਠਿੰਡਾ ਵਿਧਾਨ ਸਭਾ ਹਲਕਿਆਂ ਵਿਚ ਵੱਖ ਵੱਖ ਥਾਵਾਂ ਉੱਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਪਰੋਕਤ ਟਿੱਪਣੀਆਂ ਕੀਤੀਆਂ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਮੁੱਕਰੇ ਇੱਕ ਪਾਪੀ ਰਾਜੇ ਦੇ ਪਾਪਾਂ ਕਰਕੇ ਕਾਂਗਰਸ ਉੱਤੇ ਰੱਬੀ ਕਹਿਰ ਟੁੱਟ ਪਿਆ ਹੈ ਅਤੇ ਇਹ ਡੁੱਬ ਰਹੀ ਹੈ। ਉਹਨਾਂ ਕਿਹਾ ਕਿ ਰਾਜੇ ਨੇ ਨਾ ਸਿਰਫ ਚਾਰ ਹਫਤਿਆਂ ਅੰਦਰ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ, ਸਗੋਂ ਹਰ ਪਰਿਵਾਰ ਨੂੰ ਇੱਕ ਨੌਕਰੀ, ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਹਰ ਬੇਰੁਜ਼ਗਾਰ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਹਰ ਨੌਜਵਾਨ ਨੂੰ ਸਮਾਰਟ ਫੋਨ,ਪੈਨਸ਼ਨ ਦੀ ਰਾਸ਼ੀ 500 ਰੁਪਏ ਤੋਂ ਵਧਾ ਕੇ 2500 ਰੁਪਏ ਕਰਨ, ਹਰ ਖੁਦਕੁਸ਼ੀ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਅਤੇ ਸ਼ਗਨ ਸਕੀਮ ਦੀ ਰਾਸ਼ੀ 15000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦੇ ਵੀ ਵਾਅਦੇ ਕੀਤੇ ਸਨ। ਇਹ ਸਾਰੇ ਵਾਅਦੇ ਇੱਕ ਪਾਵਨ ਸਹੁੰ ਖਾ ਕੇ ਕੀਤੇ ਸਨ, ਜਿਸ ਨੂੰ ਪਾਪੀ ਰਾਜਾ ਤੋੜ ਚੁੱਕਿਆ ਹੈ।
ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਜੇ ਵੀ ਇਹ ਕਹਿ ਕੇ ਪੰਜਾਬ ਦੇ ਲੋਕਾਂ ਦੀ ਸਿਆਣਪ ਦਾ ਮਜ਼ਾਕ ਉਡਾ ਰਿਹਾ ਹੈ ਕਿ ਉਹ ਆਪਣੇ ਕੀਤੇ ਹੋਏ ਸਾਰੇ ਵਾਅਦੇ ਪੂਰੇ ਕਰ ਚੁੱਕਿਆ ਹੈ। ਕੀ ਉਹ ਪੂਰਾ ਕੀਤਾ ਇੱਕ ਵਾਅਦਾ ਗਿਣਾ ਸਕਦਾ ਹੈ?
ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਜੇ ਵੀ ਇਹ ਕਹਿ ਕੇ ਪੰਜਾਬ ਦੇ ਲੋਕਾਂ ਦੀ ਸਿਆਣਪ ਦਾ ਮਜ਼ਾਕ ਉਡਾ ਰਿਹਾ ਹੈ ਕਿ ਉਹ ਆਪਣੇ ਕੀਤੇ ਹੋਏ ਸਾਰੇ ਵਾਅਦੇ ਪੂਰੇ ਕਰ ਚੁੱਕਿਆ ਹੈ। ਕੀ ਉਹ ਪੂਰਾ ਕੀਤਾ ਇੱਕ ਵਾਅਦਾ ਗਿਣਾ ਸਕਦਾ ਹੈ?
ਖਜ਼ਾਨਾ ਖਾਲੀ ਹੋਣ ਦੇ ਦਾਅਵਿਆਂ ਨੂੰ ਕੰਮ ਨਾ ਕਰਨ ਦਾ ਬਹਾਨਾ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਨਾ ਵਿਕਾਸ ਕਾਰਜਾਂ ਉੱਤੇ ਖਰਚ ਰਹੇ ਹਨ ਅਤੇ ਨਾ ਹੀ ਲੋਕ ਭਲਾਈ ਦੇ ਕੰਮਾਂ ਉੱਤੇ। ਸਾਰੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਇਕਦਮ ਠੱਪ ਕਰ ਦਿੱਤਾ ਅਤੇ ਕਾਂਗਰਸ ਸਰਕਾਰ ਨੇ ਇੱਕ ਵੀ ਨਵਾਂ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਹੈ। ਸ਼ਗਨ, ਪੈਨਸ਼ਨਾਂ, ਡੀਏ ਦੀਆਂ ਕਿਸ਼ਤਾਂ, ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਅਤੇ ਆਟਾ ਦਾਲ ਸਕੀਮ ਸਾਰੇ ਬੰਦ ਕੀਤੇ ਜਾ ਚੁੱਕੇ ਹਨ। 800 ਸਰਕਾਰੀ ਸਕੂਲ ਅਤੇ ਗਰੀਬ ਹੋਣਹਾਰ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਖੋਲ੍ਹੇ ਲਗਭਗ ਸਾਰੇ ਹੀ ਮੈਰੀਟੋਰੀਅਸ ਸਕੂਲ ਬੰਦ ਕਰ ਦਿੱਤੇ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿਚ ਖੱਜਲਖੁਆਰੀ ਹੋਣ ਤੋਂ ਬਚਾਉਣ ਲਈ ਸਾਡੇ ਵੱਲੋਂ ਖੋਲ੍ਹੇ ਸਾਰੇ ਸੁਵਿਧਾ ਕੇਂਦਰ ਬੰਦ ਕਰ ਦਿੱਤੇ ਹਨ। ਦੱਸੋਂ ਇਹਨਾਂ ਦੇ ਖਜ਼ਾਨੇ ਕਿਵੇਂ ਖਾਲੀ ਹੋ ਸਕਦੇ ਹਨ?