ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਮਾਮਲਾ ਰੇਲ ਮੰਤਰੀ ਕੋਲ ਉਠਾਉਣ ਮਗਰੋਂ ਰੇਲ ਸੇਵਾ ਦੁਬਾਰਾ ਸ਼ੁਰੂ ਹੋਈ ਹੈ
ਚੰਡੀਗੜ੍ਹ/03 ਫਰਵਰੀ:ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਇਸ ਮਹੀਨੇ 9 ਫਰਵਰੀ ਨੂੰ ਮਨਾਈ ਜਾ ਰਹੀ ਰਵੀਦਾਸ ਜਯੰਤੀ ਦੇ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਜਲੰਧਰ ਤੋਂ ਵਾਰਾਨਸੀ ਰੂਟ ਉੱਤੇ ਰੇਲ ਗੱਡੀਆਂ ਦੁਬਾਰਾ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਧੁੰਦ ਦੇ ਮੌਸਮ ਕਰਕੇ ਜਲੰਧਰ ਅਤੇ ਵਾਰਾਨਸੀ ਵਿਚਕਾਰ ਚੱਲਣ ਵਾਲੀਆਂ ਕੁੱਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਸਨ। ਉਹਨਾਂ ਕਿਹਾ ਇਸ ਨਾਲ ਰਵੀਦਾਸ ਭਾਈਚਾਰੇ ਨੂੰ ਬਹੁਤ ਜ਼ਿਆਦਾ ਦੁੱਖ ਅਤੇ ਨਿਰਾਸ਼ਾ ਹੋਈ ਸੀ, ਜੋ ਕਿ ਵਾਰਾਨਸੀ ਵਿਖੇ ਹੋ ਰਹੇ ਗੁਰੂ ਰਵੀਦਾਸ ਜਯੰਤੀ ਸਮਾਗਮਾਂ ਵਿਚ ਭਾਗ ਲੈ ਕੇ ਆਪਣੀ ਸ਼ਰਧਾ ਭੇਂਟ ਕਰਨਾ ਚਾਹੁੰਦਾ ਸੀ। ਉਹਨਾਂ ਕਿਹਾ ਕਿ ਬੀਬਾ ਬਾਦਲ ਨੇ ਤੁਰੰਤ ਇਹ ਮਾਮਲਾ ਰੇਲ ਮੰਤਰੀ ਪਿਯੂਸ਼ ਗੋਇਲ ਕੋਲ ਉਠਾਇਆ ਅਤੇ ਉਹਨਾਂ ਨੂੰ ਗੁਰੂ ਰਵੀਦਾਸ ਜਯੰਤੀ ਸਮਾਗਮਾਂ ਬਾਰੇ ਅਤੇ ਰੇਲ ਗੱਡੀਆਂ ਰੱਦ ਹੋਣ ਨਾਲ ਸ਼ਰਧਾਲੂਆਂ ਨੂੰ ਹੋ ਰਹੀ ਅਸੁਵਿਧਾ ਬਾਰੇ ਜਾਣੂ ਕਰਵਾਇਆ ਸੀ।
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਲੰਧਰ-ਵਾਰਾਨਸੀ ਰੂਟ ਉੱਤੇ 2,3,5 ਅਤੇ 7 ਫਰਵਰੀ ਨੂੰ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਸੀ, ਜਿਸ ਨਾਲ ਸ਼ਰਧਾਲੂਆਂ ਲਈ ਸ੍ਰੀ ਗੁਰੂ ਰਵੀਦਾਸ ਜਨਮ ਅਸਥਾਨ ਮੰਦਿਰ, ਸੰਤ ਗੋਵਰਧਨਪੁਰ ਨੇੜੇ ਵਾਰਾਨਸੀ, ਉੱਤਰ ਪ੍ਰਦੇਸ਼ ਵਿਖੇ ਗੁਰੂ ਰਵੀਦਾਸ ਜਯੰਤੀ ਸਮਾਗਮਾਂ ਵਿਚ ਭਾਗ ਲੈਣ ਲਈ ਕੋਈ ਹੋਰ ਪ੍ਰਬੰਧ ਕਰਨਾ ਅਸੰਭਵ ਹੋ ਗਿਆ ਸੀ। ਉਹਨਾਂ ਕਿਹਾ ਕਿ ਪਰੰਤੂ ਬੀਬਾ ਬਾਦਲ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਹੁਣ ਇਸ ਰੂਟ ਉਤੇ ਰੱਦ ਕੀਤੀਆਂ ਸਾਰੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਐਲਾਨ ਦਾ ਸਵਾਗਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਰਵੀਦਾਸ ਜਯੰਤੀ ਸਮਾਗਮਾਂ ਦੇ ਪਵਿੱਤਰ ਮੌਕੇ ਉੱਤੇ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਕੇ ਗੁਰੂ ਰਵੀਦਾਸ ਜੀ ਨੂੰ ਸੱਚੀ ਸ਼ਰਧਾਂਜ਼ਲੀ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਪਣੇ ਮਹਾਨ ਗੁਰੂ ਅੱਗੇ ਨਤਮਸਤਕ ਹੋਣ ਲਈ ਅਤੇ ਇਹਨਾਂ ਵੱਡੇ ਜਸ਼ਨਾਂ ਵਿਚ ਭਾਗ ਲੈਣ ਲਈ ਵਾਰਾਨਸੀ ਜਾ ਰਹੇ ਹਨ।