ਰਾਹੁਲ ਗਾਂਧੀ ਨੂੰ ਕਿਹਾ ਕਿ ਸਿੱਧੂ ਨੂੰ ਪੰਜਾਬ ਕੈਬਨਿਟ ਵਿਚੋਂ ਬਾਹਰ ਕਰੇ
ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਨੂੰ ਵਿਧਾਨ ਸਭਾ ਅੰਦਰ ਕੇਂਦਰ ਨੂੰ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕਰਨ ਦੀ ਅਪੀਲ ਕਰਨ ਵਾਲਾ ਰਾਸ਼ਟਰਵਾਦੀ ਮਤਾ ਰੱਖਣ ਦੀ ਆਗਿਆ ਨਹੀਂ ਦਿੱਤੀ ਗਈ
ਚੰਡੀਗੜ•/18 ਫਰਵਰੀ:ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਪਾਕਿਸਤਾਨ ਅਤੇ ਇਸ ਦੀਆਂ ਖੁਫੀਆ ਏਜੰਸੀਆਂ ਨੂੰ ਕਲੀਨ ਚਿਟ ਦੇਣ ਲਈ ਅੱਜ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕਰਨ ਅਤੇ ਉਸ ਨੂੰ ਸੂਬੇ ਦੀ ਕੈਬਨਿਟ ਵਿੱਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ।
ਇੱਥੇ ਵਿਧਾਨ ਸਭਾ ਦੇ ਗਲਿਆਰੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਇਹ ਬਿਆਨ ਦੇ ਕੇ ਕਿ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਇੱਕ ਰਾਸ਼ਟਰ-ਵਿਰੋਧੀ ਹਰਕਤ ਕੀਤੀ ਹੈ, ਜਦਕਿ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨ ਸਰਕਾਰ ਦੀ ਸਿੱਧੀ ਹਮਾਇਤ ਹਾਸਿਲ ਹੈ। ਉਹਨਾਂ ਕਿਹਾ ਕਿ ਸਿੱਧੂ ਖ਼ਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ ਅਤੇ ਇਹ ਕਾਰਵਾਈ ਤੁਰੰਤ ਕਰਨੀ ਚਾਹੀਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਕਿਹਾ ਕਿ ਉਹ ਨਵਜੋਤ ਸਿੱਧੂ ਦੀ ਪੰਜਾਬ ਦੀ ਕੈਬਨਿਟ ਵਿੱਚੋਂ ਤੁਰੰਤ ਛੁੱਟੀ ਕਰਨ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਰਾਹੁਲ ਨੇ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ ਜਦਕਿ ਪੰਜਾਬ ਵਿਚ ਉਸ ਦੀ ਪਾਰਟੀ ਦਾ ਮੰਤਰੀ ਭਾਰਤ ਦੀ ਭੂਮੀ ਉੱਤੇ ਪਾਕਿਸਤਾਨ ਵੱਲੋਂ ਕੀਤੀ ਗਈ ਦਹਿਸ਼ਤੀ ਕਾਰਵਾਈ ਵਾਸਤੇ ਗੁਆਂਢੀ ਮੁਲਕ ਦਾ ਬਚਾਅ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਸਿੱਧੂ ਖ਼ਿਲਾਫ ਕਾਰਵਾਈ ਕਰਕੇ ਇੱਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਵੀ ਚੁਣਿਆ ਹੋਇਆ ਨੁੰਮਾਇਦਾ ਅਜਿਹੀ ਹਰਕਤ ਨਾ ਕਰੇ , ਜਿਸ ਨਾਲ ਦੇਸ਼ ਦੀ ਸੁਰੱਖਿਆ ਖ਼ਤਰੇ ਵਿਚ ਪਵੇ ਅਤੇ ਸਾਡੇ ਸੈਨਾਵਾਂ ਦੇ ਜਵਾਨਾਂ ਦਾ ਨਿਰਾਦਰ ਹੋਵੇ।
ਇਸ ਦੌਰਾਨ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਘੋਸ਼ਿਤ ਕਰਨ ਵਾਲਾ ਮਤਾ ਪੇਸ਼ ਕਰਨ ਅਤੇ ਵਿਧਾਨ ਸਭਾ ਅੰਦਰ ਜਾਣ ਤੋਂ ਰੋਕਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਸਾਰਾ ਮੁਲਕ ਸ਼ੋਕ-ਗ੍ਰਸਤ ਹੈ। ਉਹਨਾਂ ਕਿਹਾ ਕਿ ਅੱਜ ਵਿਧਾਨ ਸਭਾ ਅੰਦਰ ਅਸੀਂ ਕੇਂਦਰ ਨੂੰ ਪਾਕਿਸਤਾਨ ਨੂੰ ਇੱਕ ਅੱਤਵਾਦੀ ਮੁਲਕ ਘੋਸ਼ਿਤ ਕਰਨ ਅਤੇ ਭਾਰਤ ਅੰਦਰ ਅੱਤਵਾਦ ਫੈਲਾਉਣ ਵਾਲੇ ਇਸ ਬਦਮਾਸ਼ ਮੁਲਕ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਅਪੀਲ ਕਰਨ ਵਾਲਾ ਇੱਕ ਮਤਾ ਪੇਸ਼ ਕਰਨਾ ਚਾਹੁੰਦੇ ਸੀ। ਅਸੀਂ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨ ਦਾ ਬਚਾਅ ਕਰਨ ਅਤੇ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕਰਨ ਲਈ ਨਿਖੇਧੀ ਕਰਨਾ ਚਾਹੁੰਦੇ ਸੀ। ਉਹਨਾਂ ਕਿਹਾ ਕਿ ਸਾਡੇ ਡਿਪਟੀ ਲੀਡਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਵਾਸਤੇ ਸਪੀਕਰ ਤੋਂ ਸਮਾਂ ਮੰਗਿਆ ਸੀ ਅਤੇ ਸਪੀਕਰ ਨੇ ਭਰੋਸਾ ਦਿਵਾਇਆ ਸੀ ਕਿ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇੱਕ ਕਾਂਗਰਸੀ ਵਿਧਾਇਕ ਮਤਾ ਪੇਸ਼ ਕਰਨ ਲਈ ਕਹਿ ਦਿੱਤਾ ਗਿਆ, ਪਰ ਸਾਨੂੰ ਇਸ ਦਾ ਮੌਕਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿਚ ਦੋ ਤਰ•ਾਂ ਦੇ ਨਿਯਮ ਨਹੀਂ ਚੱਲ ਸਕਦੇ। ਅਸੀਂ ਇਸ ਦੀ ਨਿੰਦਾ ਕਰਦੇ ਹਾਂ ਅਤੇ ਕਾਂਗਰਸ ਪਾਰਟੀ ਨੂੰ ਪੁੱਛਦੇ ਹਾਂ ਕਿ ਇਸ ਨੇ ਸਾਡੇ ਇਸ ਰਾਸ਼ਟਰਵਾਦੀ ਮਤੇ ਨੂੰ ਅਸੰਬਲੀ ਵਿਚ ਪੇਸ਼ ਕਰਨ ਦੀ ਆਗਿਆ ਕਿਉਂ ਨਹੀਂ ਦਿੱਤੀ?
ਅਕਾਲੀ-ਭਾਜਪਾ ਵਿਧਾਇਕਾਂ ਸਮੇਤ ਮੌਜੂਦ ਸਰਦਾਰ ਮਜੀਠੀਆ ਨੇ ਕਿਹਾ ਕਿ ਜਿਸ ਤਰ•ਾਂ ਵਿਧਾਨ ਸਭਾ ਵਿਚ ਦੋ ਤਰ•ਾਂ ਦੇ ਨਿਯਮ ਨਹੀਂ ਹੋ ਸਕਦੇ, ਇਸੇ ਤਰ•ਾਂ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਨਾਲ ਕੋਈ ਮਤਭੇਦ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ ਅਤੇ ਇੱਥੋਂ ਤਕ ਐਲਾਨ ਕੀਤਾ ਹੈ ਕਿ ਜੇ ਉਸ ਨੇ ਪੰਜਾਬ ਵਿਚ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਕਿਸਤਾਨੀ ਸੈਨਾ ਦੇ ਮੁਖੀ ਕਮਰ ਬਾਜਵਾ ਨੂੰ ਕਰਾਰਾ ਸਬਕ ਸਿਖਾਉਣਗੇ। ਪਰ ਉਹਨਾਂ ਦੇ ਕੈਬਨਿਟ ਸਾਥੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੁਲਵਾਮਾ ਹਮਲੇ ਵਿਚ ਪਾਕਿਸਤਾਨੀ ਸਰਕਾਰ ਅਤੇ ਇਸ ਦੀ ਫੌਜ ਦੀ ਕੋਈ ਭੂਮਿਕਾ ਨਹੀਂ ਸੀ। ਅਸੀਂ ਇਹ ਗੱਲ ਸਦਨ ਦੇ ਸਾਹਮਣੇ ਲਿਆ ਕੇ ਨਵਜੋਤ ਸਿੱਧੂ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਨਾ ਚਾਹੁੰਦੇ ਸੀ, ਪਰੰਤੂ ਸਾਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਅਸੀਂ ਇਸ ਮਾਮਲੇ ਵਿਚ ਸਰਕਾਰ ਕੋਲੋਂ ਸਪੱਸ਼ਟੀਕਰਨ ਚਾਹੁੰਦੇ ਸੀ। ਕੋਈ ਵੀ ਸਰਕਾਰ ਦੋ ਬੋਲੀਆਂ ਨਹੀਂ ਬੋਲ ਸਕਦੀ। ਅਸੀਂ ਜੁਆਬ ਚਾਹੁੰਦੇ ਹਾਂ। ਕੀ ਕਾਂਗਰਸ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ? ਜੇ ਹਾਂ ਤਾਂ ਇਸ ਕੋਲ ਸਿੱਧੂ ਦੀ ਹਰਕਤ ਬਾਰੇ ਕੀ ਜੁਆਬ ਹੈ ਅਤੇ ਉਸ ਖ਼ਿਲਾਫ ਅਜੇ ਤੀਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ?
ਇਸ ਮੌਕੇ ਉੱਤੇ ਬੋਲਦਿਆਂ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਸ਼ ਸਭ ਤੋਂ ਉੱਪਰ ਹੈ। ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਨੂੰ ਆਪਣੇ ਨਿਕੰਮੇ ਮੰਤਰੀ ਦੀ ਹਰਕਤ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਉਸ ਨੂੰ ਤੁਰੰਤ ਪਾਰਟੀ ਅਤੇ ਸਰਕਾਰ ਵਿਚੋਂ ਬਾਹਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਵਿਖਾਏ ਨਿਰਾਦਰ ਲਈ ਭੁੱਲ ਬਖਸ਼ਾਉਣ ਦਾ ਇਸ ਤੋਂ ਇਲਾਵਾ ਹੋਰ ਕੋਈ ਦੂਜਾ ਰਾਹ ਨਹੀਂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੋਮ ਪ੍ਰਕਾਸ਼, ਸ਼ਰਨਜੀਤ ਸਿੰਘ ਢਿੱਲੋਂ, ਪਵਨ ਕੁਮਾਰ ਟੀਨੂੰ, ਐਨ ਕੇ ਸ਼ਰਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸੁਖਵਿੰਦਰ ਸੁੱਖੀ, ਬਲਦੇਵ ਖਹਿਰਾ, ਦਿਲਰਾਜ ਸਿੰਘ ਭੂੰਦੜ ਅਤੇ ਅਰੁਣ ਨਾਰੰਗ ਵੀ ਹਾਜ਼ਿਰ ਸਨ।