ਚੰਡੀਗੜ੍ਹ, 3 ਸਤੰਬਰ : ਸ਼੍ਰੋਮਣੀ ਅਕਾਲੀ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਜ਼ਿਲ੍ਹੇ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਮਰਹੂਮ ਕਾਂਗਰਸੀ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਸਪੁੱਤਰੀ ਅਨੂ ਰੰਧਾਵਾ ਆਪਣੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਈ।
ਅਨੂ ਰੰਧਾਵਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਘਨੌਰ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਲੜੀਆਂ ਸਨ।
ਅਨੂ ਰੰਧਾਵਾ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਸਿਰਫ ਘਨੌਰ ਵਿਚ ਹੀ ਨਹੀਂ ਬਲਕਿ ਸਮੁੱਚੇ ਜ਼ਿਲ੍ਹੇ ਵਿਚ ਮਜ਼ਬੂਤ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਇਮਾਨਦਾਰ ਅਕਸ ਵਾਲੇ ਮਿਹਨਤੀ ਆਗੂ ਪਾਰਟੀ ਵਿਚ ਚਾਹੁੰਦੇ ਹਾਂ ਜਿਹਨਾਂ ਦਾ ਇਤਿਹਾਸ ਲੋਕ ਦਾ ਰਿਹਾ ਹੋਵੇ ਤਾਂ ਜੋ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਜਾ ਸਕਣ ਜੋ ਪੰਜਾਬ ਵਿਚੋਂ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰਪੂਰ ਕਾਂਗਰਸ ਸਰਕਾਰ ਨੁੰ ਚਲਦਾ ਕਰਨਾ ਚਾਹੁੰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਅਨੂ ਰੰਧਾਵਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਲਗਾਉਣ ਦਾ ਵੀ ਐਲਾਨ ਕੀਤਾ। ਉਹਨਾਂ ਦੇ ਭਰੋਸੇਯੋਗ ਸਾਥੀ ਕੁਲਦੀਪ ਸਿੰਘ ਔਲਕ ਸਾਬਕਾ ਕੌਂਸਲਰ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਅਨੂ ਰੰਧਾਵਾ ਨੇ ਕਿਹਾ ਕਿ ਉਹ ਆਪ ਦੀਆਂ ਦੀਆਂ ਪੰਜਾਬ ਵਿਰੋਧੀਆਂ ਨੀਤੀਆਂ ਤੋਂ ਔਖੇ ਹਨ ਤੇ ਇਸ ਲਈ ਉਹਨਾਂ ਨੇ ਮਹਿਸੂਸ ਕੀਤਾ ਕਿ ਸਿਰਫ ਅਕਾਲੀ ਦਲ ਵਿਚ ਹੀ ਸ਼ਾਮਲ ਹੋਣਾ ਸਹੀ ਹੈ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜੋ ਪੰਜਾਬ ਪ੍ਰਤੀ ਵਚਨਬੱਧ ਹੈ। ਉਹਨਾਂ ਕਿਹਾ ਕਿ ਕਾਂਗਰਸ ਕੋਲ ਲੋਕਾਂ ਵਿਚ ਜਾਣ ਵਾਸਤੇ ਕੋਈ ਚੇਹਰਾ ਨਹੀਂ ਹੈ ਤੇ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਉਹ ਘਨੌਰ ਦੇ ਲੋਕਾਂ ਲਈ ਇਨਸਾਫ ਲੈਣ ਵਾਸਤੇ ਲੜਨਗੇ ਕਿਉਂਕਿ ਉਹ ਰੇਤ, ਸ਼ਰਾਬ ਤੇ ਨਸ਼ਾ ਮਾਫੀਆ ਤੋਂ ਤੰਗ ਹਨ ਕਿਉਂਕਿ ਇਹ ਸਾਰੇ ਮਾਫੀਆ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਚਲਾਏ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਪਾਰਟੀਆਂ ਬਦਲਣ ਨੇ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਦਾ ਸੂਬੇ ਵਿਚ ਕੀ ਹਾਲ ਹੈ। ਉਹਨਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਦੇ ਭਰੋਸੇਯੋਗ ਸਾਥੀ ਬਲਵਿੰਦਰ ਸਿੰ ਸੈਫਦੀਪੁਰ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਅੱਜ ਅਨੂ ਰੰਧਾਵਾ ਤੇ ਉਹਨਾਂ ਦੀ ਪੂਰੀ ਟੀਮ ਅਕਾਲੀ ਦਲ ਵਿਚ ਸ਼ਾਮਲ ਹੋ ਗਈ ਹੈ ਤਾਂ ਜੋ ਹਲਕੇ ਤੇ ਸੂਬੇ ਦੇ ਲੋਕਾਂ ਦੀ ਭਲਾਈ ਕੀਤੀ ਜਾ ਸਕੇ।