ਮੁੱਖ ਮੰਤਰੀ ਕੈਪਟਨ ਐਸ਼ਪ੍ਰਸਤ ਅਤੇ ਮੰਤਰੀ ਗੈਂਗਸਟਰ ਬਣੇ: ਪਰਮਿੰਦਰ ਬਰਾੜ
ਨਿਵੇਸ਼ਕਾਂ ਤੇ ਅਫਸਰਾਂ ਕੋਲੋਂ ਕਾਂਗਰਸੀ ਮੰਗਣ ਲੱਗੇ ਹਿੱਸੇਦਾਰੀ ਤੇ ਰੰਗਦਾਰੀ
ਬਠਿੰਡਾ ਫਰਵਰੀ 28:- ਪੰਜਾਬ ਦਾ ਨੌਜਵਾਨ ਜੇਕਰ ਸਿਆਸੀ ਨੇਤਾਵਾਂ ਨੂੰ ਸੱਤਾ ਉੱਤੇ ਬਿਠਾ ਸਕਦਾ ਹੈ ਤਾਂ ਇਹ ਵਰਗ ਸੱਤਾ ਤੋਂ ਲਾਹ ਵੀ ਸਕਦਾ ਹੈ। ਸਥਾਨਕ ਇੱਕ ਰਿਜ਼ੋਰਟ ਚ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਨੌਜਵਾਨਾਂ ਦੀ ਸ਼ਕਤੀ ਦਾ ਲੋਹਾ ਮੰਨਦੇ ਹੋਏ ਕਿਹਾ ਕਿ 2017 ਵਿਚ ਨੌਜਵਾਨਾਂ ਨੇ ਹੀ ਕਾਂਗਰਸ ਸਰਕਾਰ ਨੂੰ ਸੱਤਾ ਸੌਂਪੀ ਸੀ ਪਰ ਕਾਂਗਰਸ ਨੇ ਨੌਜਵਾਨਾਂ ਨਾਲ ਧੋਖਾ ਤੇ ਵਿਸ਼ਵਾਸ਼ਘਾਤ ਕੀਤਾ। ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ। ਬੀਬਾ ਨੇ ਸੋਈ ਦੇ ਭਰਵੇਂ ਇੱਕਠ ਤੋਂ ਖੁਸ਼ ਹੁੰਦਿਆਂ ਕਿਹਾ ਕਿ ਪਰਮਿੰਦਰ ਬਰਾੜ ਨੇ ਇੱਕਠ ਕਰਨ ਦੇ ਮਾਮਲੇ ਅੱਜ ਯੂਥ ਅਕਾਲੀ ਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਹੈ।ਬੀਬਾ ਨੇ ਸਵੀਕਾਰ ਕੀਤਾ ਅੱਜ ਦੀ ਰਾਜਨੀਤੀ ਚ ਉਨ੍ਹਾਂ ਲੀਡਰਾਂ ਦਾ ਭਵਿੱਖ ਹੋਵੇਗਾ ਜੋ ਨੌਜਵਾਨਾਂ ਦੀਆਂ ਮੰਗਾਂ ਤੇ ਉਮੀਦਾਂ ਉੱਤੇ ਖਰਾ ਉੱਤਰਿਆ ਕਰਨਗੇ।
ਇਸ ਮੌਕੇ ਸੋਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਪੰਜਾਬ ਚ ਕਾਂਗਰਸ ਦੀ ਸਰਕਾਰ ਨੇ ਆਪਣੇ ਪੇਸ਼ ਕੀਤੇ ਪਹਿਲੇ ਤਿੰਨ ਬਜਟਾਂ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨਾਲ ਚੋਣ ਮੈਨੀਫੈਸਟੋ ਚ ਕੀਤੇ 70 ਵਾਅਦਿਆਂ ਚੋਂ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਪੰਜਾਬ ਅੰਦਰ ਨਿਵੇਸ਼ ਅਤੇ ਅਰਥਵਿਵਸਥਾ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਬਰਾੜ ਨੇ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਐਸ਼ਪ੍ਰਸਤ ਤੇ ਵਿਹਲੜ ਹੈ ਜੋ ਕਦੇ ਦਫਤਰ ਨਹੀਂ ਆਉਂਦਾ ਜਦੋਂ ਕਿ ਕਾਂਗਰਸ ਦੇ ਬਹੁਗਿਣਤੀ ਮੰਤਰੀ ਤੇ ਵਿਧਾਇਕ ਆਪਣੇ ਸੰਵਿਧਾਨਕ ਰੁਤਬੇ ਨੂੰ ਤਿਲਾਂਜਲੀ ਦੇਕੇ ਗੈਂਗਸਟਰ ਅਤੇ ਨੌਟੰਕੀਬਾਜ਼ ਬਣੇ ਹੋਏ ਹਨ।
ਬਰਾੜ ਨੇ ਕਾਂਗਰਸ ਸਰਕਾਰ ਤੇ ਮੰਤਰੀਆਂ ਤੇ ਵਿਧਾਇਕਾਂ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਉਹ ਸੰਵਿਧਾਨਕ ਕੰਮਕਾਜ ਛੱਡ ਕੇ ਨਿਵੇਸ਼ਕਾਂ ਤੇ ਅਫਸਰਾਂ ਨੂੰ ਡਰਾ ਧਮਕਾ ਰਹੇ ਹਨ ਅਤੇ ਉਹਨਾਂ ਕੋਲੋਂ ਹਿੱਸੇਦਾਰੀ ਤੇ ਰੰਗਦਾਰੀ ਮੰਗ ਰਹੇ ਹਨ ਜਿਸ ਕਰਕੇ ਪੰਜਾਬ ਚ ਮੁੜ ਬਦਅਮਨੀ ਤੇ ਬੇਭੋਸਗੀ ਵਾਲਾ ਮਾਹੌਲ ਬਣ ਚੁੱਕਿਆ ਹੈ। ਪੰਜਾਬ ਚ ਹੁਣ ਕੋਈ ਵੀ ਨਿਵੇਸ਼ਕ,ਕਾਰੋਬਾਰੀ ਤੇ ਵਪਾਰੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ।ਉਨ੍ਹਾਂ ਚ ਡਰ ਤੇ ਸਹਿਮ ਬਣਿਆ ਹੋਇਆ ਹੈ ਉਹ ਇੱਕ ਵਾਰ ਮੁੜ ਪੰਜਾਬ ਛੱਡਣ ਲਈ ਮਜ਼ਬੂਰ ਹੋ ਰਹੇ ਹਨ।
ਬਰਾੜ ਨੇ ਕਿਹਾ ਕਾਂਗਰਸ ਨੇ ਵੱਡੇ ਵੱਡੇ ਚੋਣ ਵਾਆਦਿਆਂ ਰਾਹੀਂ ਧੋਖੇ ਨਾਲ ਵੋਟਾਂ ਪ੍ਰਾਪਤ ਕਰਕੇ ਸਰਕਾਰ ਭਾਵੇਂ ਬਣਾ ਲਈ ਪਰ ਗੰਭੀਰਤਾ ਨਾਲ ਸਰਕਾਰ ਦਾ ਕੰਮਕਾਜ ਚਲਾਉਣ ਲਈ ਸੂਬਾ ਸਰਕਾਰ ਦਾ ਮੁਖੀ, ਮੰਤਰੀ ਅਤੇ ਵਿਧਾਇਕ ਕਦੇ ਵੀ ਗੰਭੀਰ ਨਜਰ ਨਹੀਂ ਆਏ ਉਹ ਕੇਵਲ ਸਰਕਾਰ ਚਲਾਉਣ ਦਾ ਨਾਟਕ ਤੇ ਡੰਗ ਟਪਾਈ ਕਰ ਰਹੇ ਹਨ। ਸਰਕਾਰ ਦੀ ਕਾਰਜਸ਼ੈਲੀ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ ਜਿਸ ਨੇ ਲੋਕਾਂ ਕੋਲੋਂ ਸਿਖਿਆ,ਰੁਜ਼ਗਾਰ ਤੇ ਇਨਸਾਫ਼ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਵਰਗ ਆਪਣੇ ਆਪਣੇ ਚੋਣ ਵਾਆਦੇ ਲਾਗੂ ਕਰਾਉਣ ਲਈ ਕਾਂਗਰਸ ਸਰਕਾਰ ਵਿਰੁੱਧ ਸੜਕਾਂ ਉੱਤੇ ਉਤਰਿਆ ਹੋਇਆ ਹੈ ਅਤੇ ਅੰਦੋਲਨ ਕਰ ਰਿਹਾ ਹੈ। ਚੋਣ ਵਾਆਦੇ ਪੂਰੇ ਕਰਨ ਦੀ ਥਾਂ ਉੱਤੇ ਇਨ੍ਹਾਂ ਦੇ ਅੰਦੋਲਨਾਂ ਨੂੰ ਕੁਚਲਣ ਲਈ ਜੇਲ੍ਹਾਂ,ਡਾਂਗਾਂ ਅਤੇ ਮੁਲਾਜ਼ਮਾਂ ਦੀਆਂ ਬਰਖਾਸਤਗੀਆਂ ਤੇ ਬਦਲੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ।
ਇਸ ਮੌਕੇ ਮਾਲਵਾ ਜੋਨ ਦੋ ਪ੍ਰਧਾਨ ਰੋਬਿਨ ਬਰਾੜ ਨੇ ਬੀਬਾ ਹਰਸਿਮਰਤ ਬਾਦਲ ਸਮੇਤ ਰੈਲੀ ਚ ਸ਼ਮਿਲ ਹੋਏ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਭਵਿੱਖ ਨੌਜਵਾਨਾਂ ਦਾ ਹੈ ਅਸੀਂ ਖੁਦ ਰਾਜਨੀਤੀ ਦਾ ਹਿੱਸਾ ਬਣੀਏ ਅਤੇ ਅਪਣੀਆਂ ਮੰਗਾਂ ਤੇ ਸਮੱਸਿਆਵਾਂ ਦਾ ਹੱਲ ਕਰੀਏ।
ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਮਨੂੰ ਆਲਮਵਾਲਾ, ਰੂਬੀ ਬਰਾੜ, ਪਰਮ ਧਾਲੀਵਾਲ, ਗੁਰਸੇਵਕ ਬਰਾੜ, ਸੰਗਰੀਵ ਬਰਾੜ, ਟੋਨਾ ਬਰਾੜ, ਜੀਪੀ ਗਿੱਲ,ਅਰਸ਼ਵੀਰ ਰਾਮਪੁਰਾ ਫੂਲ, ਜਸ਼ਨਵੀਰ ਗਰਚਾ, ਪੁਸ਼ਪਿੰਦਰ ਫੂਲੋ ਮਿੱਠੀ, ਸੁੱਖੀ ਬਠਿੰਡਾ, ਸੁਖਚੈਨ ਭੁੱਚੋ, ਅਜੈਪਾਲ ਮਾਨਸਾ, ਰਮਨ ਬੁਢਲਾਡਾ, ਮਨੀ ਮਾਨਸਾ, ਰੂਬਲ ਮਾਨਸਾ, ਅੰਗਰੇਜ਼ ਸਰਦੂਲਗੜ੍ਹ, ਨਿੱਪੀ ਤਲਵੰਡੀ ਸਾਬੋ, ਹੈਪੀ ਮੌੜ, ਸਿਮਰ ਦਿਆਲਪੁਰੀਆ ਮਿਰਜ਼ਾ, ਸੁੱਖਾ ਪਥਰਾਲਾ, ਜੱਸੂ ਕੂਟੀ, ਸਖਨ ਸੰਧੂ ਅਤੇ ਅਰਸ਼ਨੂਰ ਢਿੱਲੋਂ ਵੀ ਹਾਜ਼ਿਰ ਸਨ।