ਕੇਂਦਰੀ ਮੰਤਰੀ ਨੇ ਪਾਸਪੋਰਟ ਫੋਟੋਆਂ ਬਾਰੇ ਨਵੇਂ ਕਾਨੂੰਨ ਸੰਬੰਧੀ ਸਿੱਖ ਭਾਈਚਾਰੇ ਦੇ ਤੌਖ਼ਲਿਆਂ ਨੂੰ ਦੂਰ ਕਰਨ ਲਈ ਨਾਰਵੇ ਦੇ ਪ੍ਰਧਾਨ ਮੰਤਰੀ ਕੋਲੋਂ ਦਖ਼ਲ ਦੀ ਮੰਗ ਕੀਤੀ ਸੀ
ਚੰਡੀਗੜ•/14 ਫਰਵਰੀ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਾਰਵੇ ਸਰਕਾਰ ਉਹਨਾਂ ਨਿਯਮਾਂ ਉੱਤੇ ਮੁੜ ਝਾਤ ਪਾਉਣ ਲਈ ਸਹਿਮਤ ਹੋ ਗਈ ਹੈ, ਜਿਹੜੇ ਸਿੱਖਾਂ ਨੂੰ ਦੋਵੇਂ ਕੰਨ ਨੰਗੇ ਕਰਕੇ ਪਾਸਪੋਰਟ ਫੋਟੋਆਂ ਖਿਚਵਾਉਣਾ ਲਾਜ਼ਮੀ ਬਣਾਉਂਦੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਨਾਰਵੇ ਪੁਲਿਸ ਡਾਇਰੈਕਟੋਰੇਟ ਵੱਲੋਂ ਪਾਸਪੋਰਟ ਫੋਟੋਆਂ ਨਾਲ ਸੰਬੰਧਤ ਨਿਯਮਾਂ ਵਿਚ ਹਾਲ ਹੀ ਵਿਚ ਕੀਤੀਆਂ ਪ੍ਰਤੀ ਸਿੱਖ ਭਾਈਚਾਰੇ ਦੇ ਤੌਖ਼ਲਿਆਂ ਨੂੰ ਦੂਰ ਕਰਨ ਲਈ ਨਾਰਵੇ ਸਰਕਾਰ ਨੂੰ ਬੇਨਤੀ ਕੀਤੀ ਸੀ। ਉਹਨਾਂ ਕਿਹਾ ਕਿ ਮੈਂ ਨਾਰਵੇ ਸਰਕਾਰ ਅਤੇ ਪ੍ਰਧਾਨ ਮੰਤਰੀ ਅਰਨਾ ਸੋਲਬਰਗ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਿੱਖਾਂ ਭਾਈਚਾਰੇ ਨੂੰ ਦੋਵੇਂ ਕੰਨ ਨੰਗੇ ਕਰਕੇ ਪਾਸਪੋਰਟ ਖਿਚਵਾਉਣਾ ਲਾਜ਼ਮੀ ਬਣਾਉਣ ਵਾਲੇ ਕਾਨੂੰਨ ਉੱਤੇ ਮੁੜ ਝਾਤ ਪਾਉਣ ਦੀ ਮੇਰੀ ਬੇਨਤੀ ਸਵੀਕਾਰ ਕਰ ਲਈ ਹੈ। ਇਹ ਕਾਨੂੰਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਉਹਨਾਂ ਕਿਹਾ ਕਿ ਬੀਬੀ ਸੋਲਬਰਗ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਨਿਯਮਾਂ ਉੱਤੇ ਪੁਨਰ ਝਾਤ ਪਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਨਾਰਵੇ ਦੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਬੀਬੀ ਬਾਦਲ ਨੇ ਉਹਨਾਂ ਨੂੰ ਸਿੱਖ ਭਾਈਚਾਰੇ ਨੂੰ ਨਾਰਵੇ ਵਿਚ ਦਰਪੇਸ਼ ਚੁਣੌਤੀਆਂ ਤੋਂ ਜਾਣੂ ਕਰਵਾਇਆ ਸੀ। ਬੀਬੀ ਬਾਦਲ ਨੇ ਦੱਸਿਆ ਸੀ ਕਿ ਪਾਸਪੋਰਟ ਨਿਯਮਾਂ ਵਿਚ ਕੀਤੀਆਂ ਨਵੀਆਂ ਤਬਦੀਲੀਆਂ ਤਹਿਤ ਪਾਸਪੋਰਟ ਫੋਟੋ ਖਿਚਵਾਉਣ ਵੇਲੇ ਸਿੱਖਾਂ ਲਈ ਦੋਵੇਂ ਕੰਨ ਨੰਗੇ ਰੱਖਣਾ ਲਾਜ਼ਮੀ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਇਮੀਗਰੇਸ਼ਨ ਵਿਚ ਉਹਨਾਂ ਨੂੰ ਦੋਵੇਂ ਕੰਨ ਨੰਗੇ ਰੱਖ ਕੇ ਆਪਣੀ ਪਾਸਪੋਰਟ ਫੋਟੋ ਨਾਲ ਮੇਲ ਖਾਂਦੀ ਫੋਟੋ ਖਿਚਵਾਉਣੀ ਪੈਂਦੀ ਹੈ।
ਕੇਂਦਰੀ ਮੰਤਰੀ ਨੇ ਨਾਰਵੇ ਸਰਕਾਰ ਨੂੰ ਸਿੱਖਾਂ ਦੇ ਸੱਭਿਆਚਾਰ ਅਤੇ ਪਹਿਚਾਣ ਪ੍ਰਤੀ ਸੰਵੇਦਨਸ਼ੀਲਤਾ ਵਿਖਾਉਣ ਦੀ ਅਪੀਲ ਕੀਤੀ ਸੀ, ਕਿਉਂਕਿ ਦਸਤਾਰ ਉਹਨਾਂ ਲਈ ਕੱਪੜਾ ਜਾਂ ਟੋਪ ਨਹੀਂ ਹੈ, ਸਗੋਂ ਉਹਨਾਂ ਦੇ ਧਰਮ ਦਾ ਅਨਿੱਖੜਵਾਂ ਅੰਗ ਹੈ। ਉਹਨਾਂ ਕਿਹਾ ਸੀ ਕਿ ਸਿੱਖ ਧਰਮ ਸਿੱਖਾਂ ਨੂੰ ਕਿਸੇ ਵੀ ਹਾਲਾਤ ਅੰਦਰ ਦਸਤਾਰ ਉਤਾਰਨ ਦੀ ਮਨਾਹੀ ਕਰਦਾ ਹੈ ਅਤੇ ਕਿਸੇ ਕਾਨੂੰਨੀ ਮਜ਼ਬੂਰੀ ਤਹਿਤ ਸਿੱਖਾਂ ਨੂੰ ਪੂਰੀ ਜਾਂ ਅੱਧੀ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ। ਉਹਨਾਂ ਕਿਹਾ ਸੀ ਕਿ ਨਾਰਵੇ ਸਰਕਾਰ ਵੱਲੋਂ ਸਿੱਖਾਂ ਦਾ ਪੱਖ ਸੁਣੇ ਬਿਨਾਂ ਹੀ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ। ਜੇਕਰ ਨਵਾਂ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਸਿੱਖਾਂ ਦੀ ਫੀਡਬੈਕ ਲੈ ਲਈ ਜਾਂਦੀ ਤਾਂ ਇਹ ਸਥਿਤੀ ਪੈਦਾ ਨਹੀਂ ਸੀ ਹੋਣੀ।
ਕੇਦਰੀ ਮੰਤਰੀ ਨੇ ਨਾਰਵੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹ ਨਾਰਵੇ ਵਿਚ ਰਹਿੰਦੇ ਸਿੱਖਾਂ ਨਾਲ ਗੱਲਬਾਤ ਕਰਕੇ ਇਸ ਮੁੱਦੇ ਉੱਤੇ ਮੁੜ ਝਾਤ ਪਾਵੇ ਅਤੇ ਨਾਰਵੇ ਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੇ।