ਹਰਸਿਮਰਤ ਕੌਰ ਬਾਦਲ ਨੇ ਨਾਰਵੇ ਵਿਚ ਪਾਸਪੋਰਟ ਲਈ ਫੋਟੋ ਖਿੱਚਵਾਉਣ ਵਾਲੇ ਕੰਨ ਪੂਰੇ ਨੰਗੇ ਕਰਨ ਲਈ ਸਿੱਖਾਂ ਨੂੰ ਮਜਬੂਰ ਕਰਨ ਦੇ ਹੁਕਮ ਦਾ ਮਾਮਲਾ ਕੇਂਦਰ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਕੋਲ ਚੁੱਕਿਆ ਸੀ
ਚੰਡੀਗੜ੍ਹ, 22 ਅਕਤੂਬਰ : ਨਾਰਵੇ ਦੀ ਸਿੱਖ ਸੰਗਤ ਅਤੇ ਉਂਗੇ ਸਿੱਖਰ ਕੂਪਨਹੇਗਨ ਨੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਨਾਰਵੇ ਪੁਲਿਸ ਡਾਇਰੈਕਟੋਰੇਟ ਵੱਲੋਂ ਸਿੱਖਾਂ ਲਈ ਪਾਸਪੋਰਟ ਬਣਵਾਉਣ ਵੇਲੇ ਵਿਤਕਰੇਭਰਪੂਰ ਨੀਤੀ ਦਾ ਮਸਲਾ ਚੁੱਕਿਆ ਤੇ ਇਸ ਵਿਚ ਤਬਦੀਲੀਆਂ ਕਰਵਾਈਆਂ।ਨਾਰਵੇ ਦੀ ਸਿੱਖ ਸੰਗਤ ਨੇ ਕੱਲ੍ਹ ਰਾਤ ਨਾਰਵੇ ਤੋਂ ਕੀਤੀ ਵਰਚੁਅਲ ਕਾਨਫਰੰਸ ਵਿਚ ਕਿਹਾ ਕਿ 2018 ਤੋਂ ਨਾਰਵੇ ਵਿਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਸੀ ਜਦੋਂ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹਨਾਂ ਨੂੰ ਪਾਸਪੋਰਟ ਵਾਸਤੇ ਫੋਟੋ ਖਿੱਚਵਾਉਣ ਲਈ ਆਪਣੇ ਕੰਨ ਨੰਗੇ ਕਰਨੇ ਪੈਣਗੇ। ਇਹਨਾਂ ਹੁਕਮਾਂ ਕਾਰਨ ਦਸਤਾਰਧਾਰੀ ਸਿੱਖਾਂ ਨੂੰ ਫੋਟੋ ਖਿੱਚਵਾਉਣ ਲਈ ਆਪਣੀਆਂ ਦਸਤਾਰਾਂ ਲਾਹੁਣੀਆਂ ਪੈਂਦੀਆਂ ਸਨ। ਇਸੇ ਤਰੀਕੇ ਉਂਗੇ ਸਿੱਖਰ ਤੋਂ ਸੁਮੀਤ ਸਿੰਘ ਤੇ ਨੌਨਿਹਾਲ ਸਿੰਘ ਸਮੇਤ ਮੈਂਬਰਾਂ ਨੇ ਕਿਹਾ ਕਿ ਜਦੋਂ ਵੀ ਸਿੱਖ ਇਮੀਗਰੇਸ਼ਨ ਦਫਤਰ ਪੁੱਜਦੇ ਸਨ ਤਾਂ ਉਹਨਾਂ ਨੂੰ ਪਾਸਪੋਰਟ ’ਤੇ ਲੱਗੀ ਤਸਵੀਰ ਨਾਲ ਸ਼ਕਲ ਮੇਲ ਖਾਂਦੀ ਹੋਈ ਵਿਖਾਉਣ ਵਾਸਤੇ ਉਥੇ ਵੀ ਦਸਤਾਰ ਲਾਹੁਣੀ ਪੈਂਦੀ ਸੀ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਨੂੰ ਜਨਤਕ ਤੌਰ ’ਤੇ ਆਪਣੀ ਦਸਤਾਰ ਲਾਹੁਣ ਤੇ ਫਿਰ ਬੰਨ ਲੈਣ ਵਾਸਤੇ ਕਹਿਣਾ ਬਹੁਤ ਹੀ ਅਪਮਾਨਜਨਕ ਹੁੰਦਾ ਹੈ।
ਨਾਰਵੇ ਸਰਕਾਰ ਵੱਲੋਂ ਇਸੇ ਮਹੀਨੇ ਤੋਂ ਇਹ ਹਦਾਇਤਾਂ ਵਾਪਸ ਲੈਣ ਦੇ ਫੈਸਲੇ ਮਗਰੋਂ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਸਤੰਬਰ 218 ਵਿਚ ਇਸ ਸਬੰਧੀ ਇਕ ਮੈਮੋਰੰਡਮ ਮਿਲਿਆ ਸੀ। ਇਸ ਮਗਰੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ’ਤੇ ਕਮੇਟੀ ਗਠਿਤ ਕਰਨ ਵਾਸਤੇ ਕਿਹਾ ਸੀ। ਉਹਨਾਂ ਕਿਹਾ ਕਿ ਇਸ ਉਪਰੰਤ ਉਹਨਾਂ ਨੇ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਦੀ ਜਨਵਰੀ 2019 ਵਿਚ ਦਿੱਲੀ ਫੇਰੀ ਸਮੇਂ ਇਹ ਮਾਮਲਾ ਉਹਨਾਂ ਕੋਲ ਚੁੱਕਿਆ ਸੀ।
ਸ੍ਰੀਮਤੀ ਬਾਦਲ ਨੇ ਦੱਸਿਆ ਕਿ ਨਾਰਵੇ ਸਰਕਾਰ ਨੂੰ ਸਿੱਖ ਸਭਿਆਚਾਰ ਤੇ ਪਛਾਣ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਨਾਰਵੇ ਦੀ ਸਿੱਖ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹਾ ਕਰ ਲੈਣ ਤਾਂ ਫਿਰ ਅਜਿਹੇ ਹੁਕਮ ਮੁੜ ਜਾਰੀ ਨਹੀਂ ਹੋ ਸਕਣਗੇ। ਉਹਨਾਂ ਨੇ ਨਾਰਵੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਫੈਸਲੇ ਲੈਣ ਤੋਂ ਪਹਿਲਾਂ ਨਾਰਵੇ ਦੀ ਸਿੱਖ ਸੰਗਤ ਨਾਲ ਵੀ ਸਲਾਹ ਮਸ਼ਵਰਾ ਕਰ ਲਿਆ ਕਰੇ।
ਸ੍ਰੀਮਤੀ ਬਾਦਲ ਨੇ ਨਾਰਵੇ ਦੀ ਸਿੱਖ ਸੰਗਤ ਨੂੰ ਭਰੋਸਾ ਦੁਆਇਆ ਕਿ ਉਹ ਦੁਨੀਆਂ ਭਰ ਵਿਚ ਸਿੱਖ ਸੰਗਤ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਇਟਲੀ ਵਿਚ ਜਿਹੜੇ ਪੰਜਾਬੀਆਂ ਦੇ ਪਾਸਪੋੋਰਟ ਗੁਆਚ ਗਏ ਸਨ, ਉਹ ਮੁੜ ਬਣਾਉਣੇ ਯਕੀਨੀ ਬਣਾਏ ਤਾਂ ਜੋ ਉਹਨਾਂ ਨੂੰ ਇਟਲੀ ਦੇ ਨਾਗਰਿਕ ਬਣਨ ਮਗਰੋਂ ਐਮਨੈਸਟੀ ਸਕੀਮ ਦਾ ਲਾਭ ਮਿਲ ਸਕੇ। ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਕਦਮੀ ’ਤੇ ਹੀ ਦੁਨੀਆਂ ਭਰ ਵਿਚ ਭਾਰਤੀ ਸਫਾਰਤਖ਼ਾਨਿਆਂ ਵਿਚੋਂ ਕਾਲੀ ਸੂਚੀ ਖਤਮ ਹੋ ਹੈ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਿ੍ਹਆ ਜਾ ਸਕਿਆ ਹੈ।