ਬੀਬਾ ਹਰਸਿਮਰਤ ਬਾਦਲ ਅਤੇ ਬੀਬੀ ਸਮ੍ਰਿਤੀ ਇਰਾਨੀ ਨੇ ਐਨਆਈਐਫਟੀਈਐਮ, ਸੋਨੀਪਤ ਵਿਖੇ ਮਹਿਲਾ ਕਾਰੋਬਾਰੀਆਂ ਲਈ ਰਾਸ਼ਟਰੀ ਆਰਗੈਨਿਕ ਫੈਸਟੀਵਲ ਸ਼ੁਰੂ ਕਰਨ ਵਾਸਤੇ ਹੱਥ ਮਿਲਾਇਆ
ਚੰਡੀਗੜ੍ਹ/27 ਨਵੰਬਰ: ਔਰਤਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਅਤੇ ਖੇਤੀ ਆਮਦਨ ਦੁੱਗਣੀ ਕਰਨ ਵਿਚ ਯੋਗਦਾਨ ਪਾਉਣ ਲਈ ਦੋ ਮਹਿਲਾ ਕੇਂਦਰੀ ਮੰਤਰੀਆਂ ਵੱਲੋਂ ਕੀਤੇ ਇੱਕ ਨਿਵੇਕਲੇ ਉਪਰਾਲੇ ਤਹਿਤ ਅੱਜ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਵਿਚਕਾਰ ਨਵਾਂ 'ਨੈਸ਼ਨਲ ਆਰਗੈਨਿਕ ਫੈਸਟੀਵਾਲ ਆਫ ਵਿਮੈਨ ਇੰਟਰਪ੍ਰੀਨਰਜ਼' ਸਥਾਪਤ ਕਰਨ ਲਈ ਇੱਕ ਸਮਝੌਤਾ ਹੋਇਆ ਹੈ। ਇਸ ਫੈਸਟੀਵਲ ਦਾ ਪਹਿਲਾ ਸਮਾਗਮ ਐਨਆਈਐਫਟੀਈਐਮ, ਸੋਨੀਪਤ ਵਿਖੇ ਕਰਵਾਇਆ ਜਾਵੇਗਾ।
ਇਸ ਸੰਬੰਧੀ ਫੈਸਲਾ ਨਵੀਂ ਦਿੱਲੀ ਵਿਚ ਹੋਏ ਇੱਕ ਸਮਾਗਮ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਸਮ੍ਰਿਤੀ ਇਰਾਨੀ ਵੱਲੋਂ ਲਿਆ ਗਿਆ, ਜਿਸ ਦੌਰਾਨ ਉਹਨਾਂ ਨੇ ਇਸ ਨਿਵੇਕਲੇ ਪ੍ਰਾਜੈਕਟ ਅਮਲੀ ਜਾਮਾ ਪਹੁੰਚਾਉਣ ਲਈ
ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ ਇੰਟਰਪ੍ਰੀਨਰਸ਼ਿਪ ਐਂਡ ਮੈਨੇਜਮੈਂਟ (ਐਨਆਈਐਫਟੀਈਐਮ) ਨਾਲ ਮਿਲ ਕੇ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ। ਇਸ ਪ੍ਰਾਜੈਕਟ ਦਾ ਉਦੇਸ਼ ਮਹਿਲਾ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਉਹਨਾਂ ਦੇ ਖਰੀਦਦਾਰਾਂ ਨਾਲ ਜੋੜਣ ਲਈ ਅਹਿਮ ਭੂਮਿਕਾ ਨਿਭਾਉਣਾ ਹੈ। ਇਸ ਨਾਲ ਪੇਂਡੂ ਔਰਤਾਂ ਅਤੇ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ, ਇਸ ਤੋਂ ਇਲਾਵਾ ਭਾਰਤ ਅੰਦਰ ਆਰਗੈਨਿਕ ਖੁਰਾਕ ਉਤਪਾਦਾਂ ਦੀ ਕਾਸ਼ਤ ਨੂੰ ਵੀ ਹੱਲਾਸ਼ੇਰੀ ਮਿਲੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀਬਾ ਬਾਦਲ ਨੇ ਦੋਵਾਂ ਮੰਤਰਾਲਿਆਂ ਵੱਲੋਂ ਕੀਤੇ ਜਾਣ ਵਾਲੇ ਸਹਿਯੋਗ ਦੀ ਰੂਪ ਰੇਖਾ ਬਾਰੇ ਦੱਸਦਿਆ ਜਾਣਕਾਰੀ ਦਿੱਤੀ ਹੈ ਕਿ ਇਹ ਸਮਾਗਮ ਐਨਆਈਐਫਟੀਈਐਮ ਵੱਲੋਂ ਉਲੀਕਿਆ ਅਤੇ ਕਰਵਾਇਆ ਜਾਵੇਗਾ, ਜੋ ਕਿ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦੇ ਪ੍ਰਸਾਸ਼ਨਿਕ ਕੰਟਰੋਲ ਅਧੀਨ ਕੰਮ ਕਰਨ ਵਾਲੀ ਇੱਕ ਅਕਾਦਮਿਕ ਸੰਸਥਾ ਹੈ। ਉਹਨਾਂ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਕਾਰਜ ਵਿਚ ਆਪਣਾ ਯੋਗਦਾਨ ਪਾਉਣ ਲਈ ਸਮਾਗਮ ਕਰਵਾਉਣ ਵਾਸਤੇ ਇੰਸਟੀਚਿਊਟ ਦੇ ਵਾਈਸ ਚਾਂਸਲਰ ਨੂੰ ਫੰਡ ਮਹੱਈਆ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਹੈ।
ਇਸ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਇਸ ਫੈਸਟੀਵਲ ਵਿਚ ਆਰਗੈਨਿਕ ਉਤਪਾਦਾਂ ਤੋਂ ਇਲਾਵਾ ਪ੍ਰੋਸੈਸਿਡ ਖੁਰਾਕ ਸਮੱਗਰੀ, ਫੈਬਰਿਕ, ਕੌਸਮੈਟਿਕਸ, ਪੈਸਟੀਸਾਈਡਜ ਅਤੇ ਫੰਗੀਸਾਈਡਜ਼ ਵੀ ਪੇਸ਼ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਫੈਸਟੀਵਲ ਮਹਿਲਾ ਕਾਰੋਬਾਰੀਆਂ ਨੂੰ ਅਰਥ ਵਿਵਸਥਾ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਉਹਨਾਂ ਨੂੰ ਮਾਰਕੀਟ ਅਤੇ ਸਪਲਾਈ ਚੇਨ ਲਿੰਕਜ਼ ਪ੍ਰਦਾਨ ਕਰਵਾਉਣ ਵਿਚ ਮੱਦਦ ਕਰੇਗਾ।
ਇਸ ਮੌਕੇ ਉੱਤੇ ਬੋਲਦਿਆਂ ਬੀਬੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਐਨਡੀਏ ਸਰਕਾਰ ਲੋਕਾਂ ਦੀ ਵਧੀਆ ਢੰਗ ਨਾਲ ਸੇਵਾ ਕਰਨ ਲਈ ਵਿਭਿੰਨ ਮੰਤਰਾਲਿਆਂ ਦੀਆਂ ਸ਼ਕਤੀਆਂ ਦਾ ਸਹੀ ਇਸਤੇਮਾਲ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਉਠਾਏ ਗਏ ਇਸ ਮੌਜੂਦਾ ਉਪਰਾਲੇ ਨਾਲ ਦੇਸ਼ ਭਰ ਵਿਚ ਆਰਗੈਨਿਕ ਖੇਤੀ ਕਰ ਰਹੀਆਂ ਲੱਖਾਂ ਔਰਤਾਂ ਨੂੰ ਲਾਭ ਮਿਲੇਗਾ।
ਦੋਵੇਂ ਮੰਤਰਾਲਿਆਂ ਵਿਚਕਾਰ ਇਹ ਸਮਝੌਤਾ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲੇ ਦੀ ਸਕੱਤਰ ਬੀਬੀ ਪੁਸ਼ਪਾ ਸੁਬਰਾਮਨੀਅਮ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਸ੍ਰੀ ਰਬਿੰਦਰ ਪਨਵਰ ਵੱਲੋਂ ਸਹੀਬੰਦ ਕੀਤਾ ਗਿਆ।ਇਹ ਸਮਾਗਮ ਬੀਬਾ ਬਾਦਲ ਅਤੇ ਬੀਬੀ ਇਰਾਨੀ ਦੀ ਹਾਜ਼ਰੀ ਵਿਚ ਹੋਇਆ।