ਮਜੀਠਾ, 20 ਜੁਲਾਈ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਥਾਨਕ ਨਗਰ ਕੌਂਸਲ ਨੂੰ ਆਖਿਆ ਕਿ ਉਹ ਰੋਸ ਮੁਜ਼ਾਹਰੇ ਕਰ ਰਹੇ 'ਸਫਾਈ ਕਰਮਚਾਰੀਆਂ' ਦੀ ਤਨਖਾਹ ਤੁਰੰਤ ਜਾਰੀ ਕਰੇ ਕਿਉਂਕਿ ਨਗਰ ਕੌਂਸਲ ਦੇ ਕੁਪ੍ਰਬੰਧਨ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਨਗਰ ਕੌਂਸਲ ਨੇ 'ਸਫਾਈ ਕਰਮਚਾਰੀਆਂ' ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ, ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਵੀ ਉਹ ਆਪਣੀ ਔਖੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਇਹ ਉਹੀ ਮੁਲਾਜ਼ਮ ਹਨ ਜਿਹਨਾਂ ਨਾਲ ਪਹਿਲਾਂ ਮੰਤਰੀਆਂ ਨੇ ਇਹਨਾਂ ਨੂੰ ਫਰੰਟ ਲਾਈਨ ਵਰਕਰ ਦੱਸ ਕੇ ਤਸਵੀਰਾਂ ਖਿਚਵਾਈਆਂ ਸਨ ਤੇ ਹੁਣ ਇਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸਦੀ ਜਾਂਚ ਕਰਵਾਈ ਜਾਵੇ ਕਿ ਇਹਨਾਂ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਕਿਉਂ ਰੋਕੀ ਗਈ ਹਾਲਾਂਕਿ ਇਹ ਫਰੰਟ ਲਾਈਨ ਵਰਕਰ ਹਨ ਜਿਹਨਾਂ ਨੂੰ ਪਹਿਲਾਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ।
ਸ੍ਰੀ ਮਜੀਠੀਆ ਨੇ ਕਿਹਾ ਕਿ ਦਰਜਾ ਚਾਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਵੱਖ ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗ ਗਏ ਹਨ। ਉਹਨਾਂ ਕਿਹਾ ਕਿ ਇਸ ਕਾਰਨ ਬਹੁਤ ਮਾੜੇ ਹਾਲਾਤ ਬਣ ਗਏ ਹਨ ਤੇ ਉਹਨਾਂ ਨੇ ਮੰਗ ਕੀਤੀ ਕਿ ਕਮੇਟੀ ਮੁਲਾਜ਼ਮਾਂ ਕੋਲ ਪਹੁੰਚ ਕਰੇ ਤੇ ਉਹਨਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰੇ ਤਾਂ ਕਿ ਕੂੜੇ ਦੇ ਢੇਰ ਤੁਰੰਤ ਚੁੱਕੇ ਜਾ ਸਕਣ। ਉਹਨਾਂ ਕਿਹਾ ਕਿ ਜੇਕਰ ਕੂੜੇ ਦੇ ਢੇਰ ਚੁੱਕਣ ਵਿਚ ਦੇਰੀ ਹੋ ਗਈ ਤਾਂ ਫਿਰ ਇਸ ਨਾਲ ਸ਼ਹਿਰ ਵਿਚ ਬਿਮਾਰੀ ਫੈਲ ਸਕਦੀ ਹੈ ਜਿਸ ਲਈ ਨਗਰ ਕੌਂਸਲ ਤੇ ਇਸਦੇ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਅਕਾਲੀ ਆਗੂ ਨੇ ਨਗਰ ਕੌਂਸਲ ਮੁਲਾਜ਼ਮਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ•ਾ ਹੈ ਤੇ ਉਹਨਾਂ ਨਾਲ ਧੱਕੇਸ਼ਾਹੀ ਤੇ ਬੇਇਨਸਾਫੀ ਨਹੀਂ ਹੋਣ ਦੇਵੇਗਾ। ਉਹਨਾਂ ਨੇ ਨਾਲ ਹੀ ਨਗਰ ਕੌਂਸਲ ਨੂੰ ਵੀ ਸ਼ਹਿਰ ਦੇ ਲੋਕਾਂ ਪ੍ਰਤੀ ਆਪਣਾ ਫਰਜ਼ ਨਿਭਾਉਣ ਵਾਸਤੇ ਵੀ ਆਖਿਆ।