ਤਰਨਤਾਰਨ, 1 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਕ 'ਖੂਨੀ' ਸਰਕਾਰ ਦੀ ਅਗਵਾਈ ਕਰ ਰਹੇ ਹਨ ਜਿਸਦੇ ਹੱਥ 80 ਪੰਜਾਬੀਆਂ ਦੇ ਖੂਨ ਦੇ ਰੰਗੇ ਹਨ।
ਉਹਨਾਂ ਕਿਹਾ ਕਿ ਨਕਲੀ ਸ਼ਰਾਬ ਦੀ ਇਹ ਤ੍ਰਾਸਦੀ ਲਈ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਹੋਰ ਆਗੂਆਂ ਨੂੰ ਸੂਬੇ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਦਿੱਤੀ ਗਈ ਖੁੱਲ• ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਤੇ ਇਸੇ ਦਾ ਨਤੀਜਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਤੌਰ 'ਤੇ ਕਤਲ ਹੈ। ਉਹਨਾਂ ਕਿਹਾ ਕਿ ਮੰਤਰੀਆਂ ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਜ਼ਰਾ ਵੀ ਸ਼ਰਮਿੰਦਗੀ ਦਾ ਅਹਿਸਾਸ ਹੈ ਤਾਂ ਫਿਰ ਉਹਨਾਂ ਨੂੰ ਇਸ 'ਭਿਆਨਕ ਅਪਰਾਧ' ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲਾਲਸਾ ਸੂਬੇ ਦੇ ਲੋਕਾਂ ਪ੍ਰਤੀ ਉਹਨਾਂ ਦੀ ਮੁਢਲੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਰਾਹ ਵਿਚ ਅੜਿਕਾ ਬਣ ਰਹੀ ਹੈ।
ਉਹਨਾਂ ਨੇ ਆਪਣੇ ਤੇ ਇਸ ਵੱਡੀ ਤ੍ਰਾਸਦੀ ਲਈ ਜ਼ਿੰਮੇਵਾਰ ਆਪਣੇ ਸਾਥੀਆਂ ਦੇ ਬਚਾਅ ਲਈ ਹੋਰਨਾਂ ਨੂੰ ਬਲੀ ਦਾ ਬਕਰਾ ਬਣਾਉਣ ਵਿਰੁੱਧ ਚੇਤਾਵਨੀ ਵੀ ਦਿੱਤੀ।
ਸਾਬਕਾ ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਵੱਲੋਂ ਘਟਨਾ ਦੀ ਮੈਜਿਸਟਰੇਟੀ ਜਾਂਚ ਰੱਦ ਕਰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਉਹਨਾਂ ਕਿ ਤੁਸੀਂ ਇਕ ਸਰਕਾਰੀ ਮੁਲਾਜ਼ਮ ਤੋਂ ਆਪਣੇ ਹੀ ਮੁੱਖ ਮੰਤਰੀ ਖਿਲਾਫ ਸਹੀ ਤਰੀਕੇ ਜਾਂਚ ਦੀ ਆਸ ਕਿਵੇਂ ਕਰ ਸਕਦੇ ਹੋ ?
ਅਕਾਲੀ ਦਲ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਨਜਾਇਜ਼ ਸ਼ਰਾਬ ਵੇਚਣ ਤੋਂ ਤੁਰੰਤ ਰੋਕਿਆ ਨਾ ਗਿਆ ਤਾਂ ਫਿਰ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ।
ਸ੍ਰੀ ਬਾਦਲ ਨੇ ਅੱਜ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਤਰਨਤਾਰਨ ਸਿਵਲ ਹਸਪਤਾਲ ਵਿਚ ਜਾ ਕੇ ਬਿਮਾਰਾਂ ਦਾ ਹਾਲ ਚਾਲ ਵੀ ਪੁੱਛਿਆ। ਉਹਨਾਂ ਨੇ ਇਸ 'ਡਰਾਉਣੇ ਕਤਲੇਆਮ' ਮੁੱਖ ਮੰਤਰੀ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਕਿਉਂਕਿ ਨਾ ਸਿਰਫ ਉਹ ਆਬਕਾਰੀ ਵਿਪਾਗ ਦੀ ਅਗਵਾਈ ਕਰ ਰਹੇ ਹਨ ਬਲਕਿ ਪਹਿਲਾਂ ਵੀ ਕਈ ਵਾਰ ਉਹਨਾਂ ਨੂੰ ਅਜਿਹੇ ਭਿਆਨਕ ਹਾਦਸੇ ਵਾਪਰਨ ਦੀਆਂ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਉਹ ਸਾਡੇ ਵੱਲੋਂ ਸਮੇਂ ਸਿਰ ਦਿੱਤੀ ਚੇਤਾਵਨੀ ਦਾ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਛੇਤੀ ਪੈਸਾ ਬਣਾਉਣ ਦੀ ਲਾਲਸਾ ਕਾਰਨ ਮਖੌਲ ਉਡਾ ਦਿੰਦੇ ਹਨ।
ਸ੍ਰੀ ਬਾਦਲ ਨੇ ਕਿਹਾ ਕਿ ਨਕਲੀ ਸ਼ਰਾਬ ਨਾਲ ਇਹ ਅਣਕਿਆਸਾ ਦੁਖਾਂਤ ਅਚਨਚੇਤ ਹੀ ਨਹੀਂ ਵਾਪਰ ਗਿਆ। ਕਾਫੀ ਦੇਰ ਤੋਂ ਅਜਿਹਾ ਭਾਣਾ ਵਾਪਰਨ ਦਾ ਖਦਸ਼ਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਰਕਾਰ ਦੀ ਸ਼ੁਰੂਆਤ ਵੇਲੇ ਤੋਂ ਹੀ ਇਸ ਪ੍ਰਤੀ ਚੇਤਾਵਨੀ ਦਿੰਦਾ ਰਿਹਾ ਹੈ ਕਿਉਂਕਿ ਇਹ ਸ਼ੁਰੂ ਤੋਂ ਹੀ ਸਪਸ਼ਟ ਹੋ ਗਿਆ ਸੀ ਕਿ ਮੁੱਖ ਮੰਤਰੀ ਨਜਾਇਜ਼ ਸ਼ਰਾਬ ਦੇ ਧੰਦੇ ਦੀ ਸਰਪ੍ਰਸਤੀ ਆਪ ਕਰ ਰਹੇ ਹਨ ਜਿਸਦੀ ਬਰਾਬਰੀ ਦੇਸ਼ ਵਿਚ ਕਿਤੇ ਵੀ ਕਦੇ ਨਹੀਂ ਵੇਖੀ। ਉਹਨਾਂ ਕਿਹਾ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਕਾਂਗਰਸੀ ਆਗੂਆਂ ਵੱਲੋਂ ਇਸ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਨਾ ਸਿਰਫ ਆਬਕਾਰੀ ਡਿਊਟੀ ਨਾਂ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਬਲਕਿ ਉਹ ਮਾਸੂਮ ਪੰਜਾਬੀਆਂ ਦੀ ਸਿਹਤ ਤੇ ਜਾਨਾਂ ਨਾਲ ਵੀ ਖੇਡ ਰਹੇ ਹਨ। ਉਹਨਾਂ ਕਿਹਾ ਕਿ ਅੰਸਵੇਦਨਸ਼ੀਲ ਮੁੱਖ ਮੰਤਰੀ ਕਦੇ ਵੀ ਸਾਡੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਿੰਡ ਮੁੱਛਲ ਦਾ ਵੀ ਦੌਰਾ ਕੀਤਾ, ਨੇ ਪੀੜ•ਤ ਪਰਿਵਾਰਾਂ ਨੂੰ 25 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਅਤੇ ਪਰਿਵਾਰ ਵਿਚੋਂ ਇਕ ਇਕ ਜੀਅ ਨੂੰ ਨੌਕਰੀ ਦੇਣ ਮੰਗ ਵੀ ਕੀਤੀ।