ਸੀਨੀਅਰ ਆਗੂਆਂ ਨੇ ਕਿਹਾ ਕਿ ਪੰਥ ਅਤੇ ਪੰਥਕ ਸਿਧਾਂਤਾਂ ਨਾਲ ਧਰੋਹ ਵਾਲਾ ਅਜਿਹਾ ਘਿਨੌਣਾ ਮਿਸ਼ਨ ਕਦੇ ਕਾਮਯਾਬ ਨਹੀਂ ਹੋਵੇਗਾ
ਚੰਡੀਗੜ੍ਹ/19 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨਕਲੀ ਟਕਸਾਲੀਆਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਗਰਮਖ਼ਿਆਲੀ ਭਾਈਵਾਲਾਂ ਨਾਲ ਹੱਥ ਮਿਲਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੇ ਪੰਥ ਦੀ ਸੱਜੀ ਬਾਂਹ ਅਕਾਲੀ ਦਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਆਪਣੀ ਨਿਤਾਣੀ ਕੋਸ਼ਿਸ਼ ਤਹਿਤ ਸਫ਼ਰ-ਏ-ਕਾਂਗਰਸ ਮਿਸ਼ਨ ਸ਼ੁਰੂ ਕਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਸਦਾਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਸ੍ਰੀ ਨਰੇਸ਼ ਗੁਜਰਾਲ ਅਤੇ ਸੀਨੀਅਰ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਸਿਧਾਂਤਾਂ ਨਾਲ ਵਿਸ਼ਵਾਸ਼ਘਾਤ ਕਰਕੇ ਕਾਂਗਰਸ ਦੇ ਇਸ਼ਾਰਿਆਂ ਉੱੇਤੇ ਨੱਚਣ ਵਾਲੇ ਕੁੱਝ ਮੌਕਾਪ੍ਰਸਤਾਂ ਦਾ ਗਰੁੱਪ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ, ਜਿਹਨਾਂ ਨੂੰ ਅਕਾਲੀ ਦਲ ਦੇ 47 ਲੱਖ ਮਜ਼ਬੂਤ ਮੈਂਬਰਾਂ ਦੁਆਰਾ ਲੋਕਤੰਤਰੀ ਢੰਗ ਨਾਲ ਚੁਣਿਆ ਗਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਰਾਸ਼ਟਰੀ ਰਾਜਧਾਨੀ ਅੰਦਰ 400 ਸੀਟਾਂ ਵਾਲੇ ਆਡੋਟੋਰੀਅਮ 'ਚ ਇਕੱਠੇ ਹੋਏ ਮੁੱਠੀ ਭਰ ਪੰਥ ਦੇ ਗੱਦਾਰਾਂ ਵੱਲੋਂ ਲੋਕਾਂ ਦੇ ਹੱਕਾਂ ਲਈ ਕੋਈ 'ਸਫ਼ਰ' ਸ਼ੁਰੂ ਨਹੀਂ ਕੀਤਾ ਜਾ ਸਕਦਾ, ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਬਹੁਤੀ ਘਟੀਆ ਹਰਕਤ ਹੈ ਕਿ ਅਖੌਤੀ ਟਕਸਾਲੀਆਂ ਨੇ ਕਾਂਗਰਸ ਦੇ ਪਿਆਦਿਆਂ ਨਾਲ ਸਟੇਜ ਸਾਂਝੀ ਕਰਕੇ ਅਕਾਲੀ ਵਿਚਾਰਧਾਰਾ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਹੁਣ ਇਹ ਸਪੱਸ਼ਟ ਹੈ ਕਿ ਇਹ ਸਾਰੇ ਨਕਲੀ ਟਕਸਾਲੀ ਕਾਂਗਰਸ ਪਾਰਟੀ ਦੇ ਅਣਐਲਾਨੇ ਮੈਂਬਰ ਬਣ ਚੁੱਕੇ ਹਨ। ਉਹ ਆਪਣੇ ਇਸ ਸ਼ੋਅ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਾਂ ਉਸ ਦੀ ਮਾਤਾ ਸੋਨੀਆ ਗਾਂਧੀ ਨੂੰ ਸੱਦ ਕੇ ਇਸ ਰਿਸ਼ਤੇ ਨੂੰ ਹੋਰ ਪੱਕਾ ਕਰ ਸਕਦੇ ਸਨ।
ਪ੍ਰੋਫੈਸਰ ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਸਾਰੇ ਟਕਸਾਲੀਆਂ ਨੂੰ ਅਕਾਲੀ ਦਲ ਪ੍ਰਧਾਨ ਉੱਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਆਖਿਆ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਆਪਣਾ ਰਿਕਾਰਡ ਇਹ ਹੈ ਕਿ 1997 ਵਿਚ ਅਕਾਲੀ ਲਹਿਰ ਦੌਰਾਨ ਵੀ ਜਦੋਂ ਉਹ ਵਿਧਾਨ ਸਭਾ ਚੋਣ ਹਾਰ ਗਿਆ ਸੀ ਤਾਂ ਉਸ ਨੇ ਸਕੱਤਰ ਜਨਰਲ ਦੇ ਅਹੇਦ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਵੀ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਦਲ ਨੇ ਪਿਛਲੇ 20 ਸਾਲਾਂ ਦੌਰਾਨ 15 ਸਾਲ ਸਰਕਾਰ ਬਣਾ ਕੇ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਜਿੱਤਾਂ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਹਨਾਂ ਨੂੰ ਪਾਰਟੀ ਵਰਕਰਾਂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ 2012 ਵਿਚ ਪਾਰਟੀ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦਾ ਸਿਹਰਾ ਦਿੱਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਪਾਰਟੀ ਅੰਦਰਲੇ ਲੋਕਤੰਤਰ ਕਰਕੇ ਇਹਨਾਂ ਨਕਲੀ ਟਕਸਾਲੀਆਂ ਨੂੰ ਅਕਾਲੀ ਦਲ ਪ੍ਰਧਾਨ ਫਿੱਟ ਨਹੀਂ ਬੈਠ ਰਿਹਾ ਹੈ, ਕਿਉਂਕਿ ਲਗਾਤਾਰ ਹਾਰਨ ਵਾਲੇ ਆਗੂਆਂ ਨੂੰ ਉੱਚੇ ਅਹੁਦੇ ਦੇਣ ਅਤੇ ਦੁਬਾਰਾ ਉਹਨਾਂ ਹਲਕਿਆਂ ਤੋਂ ਟਿਕਟ ਦੇਣ ਉੱਤੇ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਇਹਨਾਂ ਅਖੌਤੀ ਟਕਸਾਲੀਆਂ ਦੀ ਪਿੱਠ ਉੱਤੇ ਖੜ੍ਹੀ ਹੈ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਸ੍ਰੀ ਨਰੇਸ਼ ਗੁਜਰਾਲ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਕਾਂਗਰਸ ਉੱਤੇ ਕੋਈ ਬਿਪਤਾ ਆਉਂਦੀ ਹੈ ਅਤੇ ਇਸ ਨੂੰ ਨਮੋਸ਼ੀਜਨਕ ਹਾਰ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਹੈ, ਜਿਵੇਂਕਿ ਹੁਣ ਆ ਰਹੀ ਹੈ ਤਾਂ ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਟਕਸਾਲੀਆਂ ਵਰਗੇ ਨਰਾਜ਼ ਆਗੂਆਂ ਦਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਟਿੱਪਣੀ ਕਰਦਿਆਂ ਕਿ ਪੰਥ ਅਤੇ ਪੰਥਕ ਸਿਧਾਂਤਾਂ ਨਾਲ ਧਰੋਹ ਵਾਲਾ ਅਜਿਹਾ ਘਿਨੌਣਾ ਮਿਸ਼ਨ ਕਦੇ ਕਾਮਯਾਬ ਨਹੀਂ ਹੋਵੇਗਾ, ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਕਾਂਗਰਸ ਅਤੇ ਇਸ ਦੇ ਗਰਮਖ਼ਿਆਲੀ ਭਾਈਵਾਲਾਂ ਦੀ ਕਿਸ਼ਤੀ ਵਿਚ ਸਵਾਰ ਹੋਣ ਲਈ ਪੰਜਾਬ ਦੇ ਲੋਕ ਟਕਸਾਲੀਆਂ ਨੂੰ ਕਰਾਰਾ ਸਬਕ ਸਿਖਾਉਣਗੇ।
ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਕੱਲ੍ਹ ਦੇ ਪ੍ਰੋਗਰਾਮ ਦਾ ਮੁੱਖ ਕਰਤਾ-ਧਰਤਾ ਪਰਮਜੀਤ ਸਰਨਾ ਸੀ, ਜਿਸ ਦੀ ਕਾਂਗਰਸ ਅਤੇ ਇਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਨੇੜਤਾ ਨੂੰ ਜੱਗ ਜਾਣਦਾ ਹੈ।ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਾਰਮਿਕ ਸਲਾਹਕਾਰ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਫੁੱਟ ਪਾਉਣ ਲਈ ਕੈਪਟਨ ਅਮਰਿੰਦਰ ਦੇ ਖਾਸ ਦੋਸਤ ਅਤੇ ਨਕਾਰੇ ਹੋਏ ਆਗੂ ਰਵੀਇੰਦਰ ਸਿੰਘ ਨੂੰ ਪਹਿਲਾਂ ਵੀ ਕਈ ਵਾਰ ਇਸਤੇਮਾਲ ਕਰਨ ਕੋਸ਼ਿਸ਼ ਕੀਤੀ ਜਾ ਚੁੱਕੀ ਹੈ, ਜੋ ਕਿ ਨਾਕਾਮ ਰਹੀ ਹੈ। ਉਹਨਾਂ ਦੱਸਿਆ ਕਿ ਹਾਲ ਹੀ ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਟਕਸਾਲੀ ਟਿਕਟ ਉੱਤੇ ਲੜੀ ਚੋਣ ਵਿਚ ਸਿਰਫ ਸੱਤ ਹਜ਼ਾਰ ਵੋਟਾਂ ਲੈ ਕੇ ਆਪਣੀ ਲੋਕਪ੍ਰਿਅਤਾ ਪਰਖ ਚੁੱਕਿਆ ਬੀਰਦਵਿੰਦਰ ਸਿੰਘ ਆਪਰੇਸ਼ਨ ਬਲਿਊ ਸਟਾਰ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੰਦਰਾ ਗਾਂਧੀ ਨੂੰ ਸ਼ਹੀਦਾਂ ਦਾ ਲਾਸ਼ਾਂ ਵਿਖਾਉਣ ਲਈ ਵੱਧ ਜਾਣਿਆ ਜਾਂਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਨੂੰ ਦੁਬਾਰਾ ਤੋਂ ਕਾਲੇ ਦਿਨਾਂ ਵੱਲ ਧੱਕਣ ਲਈ ਰਚੀ ਸਾਜ਼ਿਸ਼ ਤਹਿਤ ਚੁੱਕੇ ਇਸ ਪੰਜਾਬ ਵਿਰੋਧੀ ਕਦਮ ਨੂੰ ਪੰਥ ਵੱਲੋਂ ਬੁਰੀ ਤਰ੍ਹਾਂ ਨਕਾਰਿਆ ਜਾਵੇਗਾ, ਸੀਨੀਅਰ ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਦੀ ਇਸ ਬੀ ਟੀਮ ਨੂੰ ਆਪਣੇ ਨਾਪਾਕ ਇਰਾਦਿਆਂ ਵਿਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।