ਪਟਿਆਲਾ, 24 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ੍ਰ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਸਰਕਾਰ ਅਤੇ ਪਾਰਟੀ ਵੱਲੋਂ ਲਏ ਹਰ ਫੈਸਲੇ ਵਿਚ ਸ਼ਾਮਲ ਸਨ ਤੇ ਉਹਨਾਂ ਵੱਲੋਂ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢਣਾ ਮੰਦਭਾਗਾ ਹੈ।
ਇਥੇ ਸਾਬਕਾ ਜ਼ਿਲ•ਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਰਿਹਾਇਸ਼ 'ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ੍ਰ ਸੁਰਜੀਤ ਸਿੰਘ ਰੱਖੜਾ ਦੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਦੋਵੇਂ ਢੀਂਡਸਾ ਪਾਰਟੀ ਦੇ ਹਰ ਫੈਸਲੇ 'ਚ ਸ਼ਾਮਲ ਸਨ। ਉਹਨਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ ਕੈਬਨਿਟ ਦੇ ਸਾਥੀ ਸਨ ਜਦਕਿ ਸੁਖਦੇਵ ਸਿੰਘ ਢੀਂਡਸਾ ਖੁਦ ਫੈਸਲੇ ਲੈਂਦੇ ਸਨ ਤੇ ਸੱਚਾਈ ਇਹ ਹੈ ਕਿ ਅਸੀਂ ਉਹਨਾਂ ਵੱਲੋਂ ਲਏ ਫੈਸਲੇ ਹੀ ਮੰਨਣ ਵਾਲੇ ਹੁੰਦੇ ਸੀ।
ਸੰਗਰੂਰ ਵਿਖੇ ਇਕੱਠੇ ਦੇ ਦਾਅਵੇ ਦਾ ਮਖੌਲ ਉਡਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਇਕ ਪਾਰਟੀ ਦਾ ਨਹੀਂ ਬਲਕਿ ਕਈ ਪਾਰਟੀਆਂ ਦਾ ਇਕੱਠ ਸੀ ਜਿਸਦੀ ਹਮਾਇਤ ਕਾਂਗਰਸ ਪਾਰਟੀ ਕਰ ਰਹੀ ਸੀ। ਉਹਨਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਿਛਲੇ 40 ਸਾਲਾਂ ਤੋਂ ਸੰਗਰੂਰ 'ਚ ਅਕਾਲੀ ਦਲ ਦੀ ਕਮਾਂਡ ਸੰਭਾਲੀ ਹੋਈ ਸੀ। ਉਹਨਾਂ ਕਿਹਾ ਕਿ ਉਹ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵਧਾਈ ਦੇਣਾ ਚਾਹੁੰਦੇ ਹਨ ਜਿਹਨਾਂ ਨੇ ਰੈਲੀ ਲਈ ਵਧੀਆ ਪ੍ਰਬੰਧ ਕੀਤੇ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਤੇ ਛੋਟੇ ਛੋਟੇ ਗਰੁੱਪਾਂ ਨੂੰ ਉਤਸ਼ਾਹਿਤ ਕਰਨਾ ਹਮੇਸ਼ਾ ਕਾਂਗਰਸ ਦੇ ਏਜੰਡੇ ਵਿਚ ਸ਼ੁਮਾਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੰਗਰੂਰ ਰੈਲੀ ਵਿਚ ਬੁਲਾਰੇ ਇਕ ਵੀ ਉਸਾਰੂ ਏਜੰਡੇ ਦੀ ਗੱਲ ਨਹੀਂ ਕਰ ਸਕੇ ਤੇ ਉਹਨਾਂ ਦਾ ਏਜੰਡਾ ਸਿਰਫ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਤੱਕ ਸੀਮਤ ਰਿਹਾ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਮਜੀਠੀਆ ਨੇ ਮੁਲਾਜ਼ਮਾਂ ਤੇ ਕਾਂਗਰਸ ਸਰਕਾਰ ਤੋਂ ਪੀੜਤ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 28 ਫਰਵਰੀ ਨੂੰ ਵਿਧਾਨ ਸਭਾ ਦਾ ਘਿਰਾਓ ਕਰਨ ਜਿਸ ਦਿਨ ਵਿੱਤ ਮੰਤਰੀ ਬਜਟ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਹਰ ਸਾਲ ਮੁਲਾਜ਼ਮਾਂ, ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਐਸ ਸੀ ਤੇ ਬੀ ਸੀ ਵਰਗ ਤੇ ਉਦਯੋਗਪਤੀਆਂ ਨਾਲ ਵੱਡੇ ਵੱਡੇ ਤੇ ਝੂਠੇ ਵਾਅਦੇ ਕੀਤੇ ਜਾਂਦੇ ਹਨ ਜਦਕਿ ਇਹਨਾਂ ਦੀ ਭਲਾਈ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਲਈ ਬਜਟ ਸਿਰਫ ਅੰਕੜਿਆਂ ਦੀ ਹੇਰ ਫੇਰ ਦੀ ਖੇਡ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਡੀ ਏ ਦੇ 5 ਹਜ਼ਾਰ ਕਰੋੜ ਰੁਪਏ ਨਹੀਂ ਦਿੱਤੇ ਜਾ ਰਹੇ, ਉਹਨਾਂ ਦੀਆਂ ਤਨਖਾਹਾਂ 45 ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤੀ ਗਈ ਜਦਕਿ ਬਿਜਲੀ ਦੇ ਬਿੱਲਾਂ ਦੀਆਂ ਦਰਾਂ ਵਧਾ ਕੇ ਲੋਕਾਂ ਤੋਂ 25 ਹਜ਼ਾਰ ਕਰੋੜ ਰੁਪਏ ਵੱਧ ਵਸੂਲੇ ਗਏ। ਉਹਨਾਂ ਕਿਹਾ ਕਿ ਜੋ ਲੋਕ ਸਰਕਾਰ ਤੋਂ ਪੀੜਤ ਹਨ ਉਹਨਾਂ ਨੂੰ ਵਿਧਾਨ ਸਭਾ ਦਾ ਘਿਰਾਓ ਕਰਨਾ ਚਾਹੀਦਾ ਹੈ ਤਾਂ ਕਿ ਏਅਰਕੰਡੀਸ਼ਨਰਾਂ ਵਿਚ ਅੰਦਰ ਬੈਠੇ ਲੋਕਾਂ ਨੂੰ ਉਹਨਾਂ ਦੀ ਪੀੜ ਤੇ ਹਾਲਤ ਦਾ ਪਤਾ ਲੱਗ ਸਕੇ।
ਇਕ ਪ੍ਰਾਈਵੇਟ ਸੰਸਥਾ ਵੱਲੋਂ ਮੁੱਖ ਮੰਤਰੀ ਨੂੰ ਦਿੱਤੇ ਐਵਾਰਡ ਦਾ ਮਖੌਲ ਉਡਾਉਂਦਿਆਂ ਅਕਾਲੀ ਨੇਤਾ ਨੇ ਕਿਹਾ ਕਿ ਇਸਦਾ ਨਾਂ ਆਦਰਸ਼ ਸੀ ਐਮ (9deal 3M) ਦੀ ਥਾਂ ਵਿਹਲਾ ਮੁੱਖ ਮੰਤਰੀ (9dle 3M) ਰੱਖ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਸੱਚਾਈ ਦਰਸਾਉਂਦਾ ਅਜਿਹਾ ਐਵਾਰਡ ਮਿਲਣ 'ਤੇ ਪੰਜਾਬੀ ਬਹੁਤ ਖੁਸ਼ੀ ਮਨਾਉਣਗੇ।
ਸ੍ਰੀ ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਖਿਲਾਫ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਜੋ ਕਿ ਸਿੱਖਾਂ ਤੇ ਪੰਜਾਬੀਆਂ ਦੇ ਖਿਲਾਫ ਕੰਮ ਕਰਦੀ ਹੈ, ਦੇ ਏਜੰਡੇ ਨੂੰ ਅੱਗੇ ਲਿਜਾ ਰਹੇ ਹਨ।
ਇਸ ਤੋਂ ਪਹਿਲਾਂ ਪਿੰਡ ਪਹੁੰਚਣ 'ਤੇ ਜ਼ਿਲ•ਾ ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਦੀ ਅਗਵਾਈ 'ਚ ਪਿੰਡ ਵਾਸੀਆਂ ਨੇ ਸ੍ਰ ਮਜੀਠੀਆ ਤੇ ਡਾ. ਚੀਮਾ ਦਾ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਅਜੈ ਥਾਪਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਸੁਖਵਿੰਦਰਪਾਲ ਸਿੰਘ ਮਿੰਟਾ, ਨਿਰਮਲ ਸਿੰਘ ਰੀਹਲ, ਜੋਗਿੰਦਰ ਸਿੰਘ ਲਵਲੀ ਬਵੇਜਾ, ਅਮਨ ਬਵੇਜਾ ਤੇ ਹੋਰ ਆਗੂ ਮੌਜੂਦ ਸਨ।