ਚੰਡੀਗੜ•/ਗਾਂਧੀਨਗਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦੇਸ਼ ਨੂੰ ਇੱਕ ਅਜਿਹੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦੀ ਲੋੜ ਹੈ, ਜਿਸ ਕੋਲ ਇੱਕ ਨਵੀਂ ਗਲੋਬਲ ਸ਼ਕਤੀ ਵਜੋਂ ਦੇਸ਼ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਅਗਵਾਈ ਕਰਨ ਦੀ ਕਾਬਲੀਅਤ ਹੋਵੇ।
ਸਰਦਾਰ ਬਾਦਲ ਨੇ ਇਹ ਟਿੱਪਣੀ ਅੱਜ ਗਾਂਧੀਨਗਰ ਵਿਖੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਸੰਬੰਧੀ ਰੱਖੇ ਇੱਕ ਸਮਾਗਮ ਵਿੱਚ ਬੋਲਦਿਆਂ ਕੀਤੀ।
ਸਰਦਾਰ ਬਾਦਲ ਨੇ ਕਿਹਾ ਕਿ ਭਾਵੇਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਡਾ ਦੇਸ਼ ਦੁਨੀਆਂ ਦੀਆਂ ਪੰਜ ਵੱਡੀਆਂ ਅਰਥ ਵਿਵਸਥਾਵਾਂ ਵਿਚੋਂ ਇੱਕ ਗਲੋਬਲ ਸੁਪਰ ਸ਼ਕਤੀ ਵਜੋਂ ਉੱਭਰ ਚੁੱਕਿਆ ਹੈ ਅਤੇ ਫੌਜੀ ਸਮਰੱਥਾ ਅਤੇ ਵਿਗਿਆਨਕ ਖੋਜ ਵਿਚ ਦੁਨੀਆਂ ਦੇ ਆਗੂਆਂ ਵਜੋਂ ਜਾਣਿਆਂ ਜਾਣ ਲੱਗਿਆ ਹੈ, ਪਰ ਅਜੇ ਵੀ ਇਸ ਨੂੰ ਇੱਕ ਨਿਰਣਾਇਕ, ਮਜ਼ਬੂਤ ਅਤੇ ਸਪੱਸ਼ਟ ਸੋਚ ਵਾਲੇ ਆਗੂ ਦੀ ਅਗਵਾਈ ਵਾਲੀ ਸਰਕਾਰ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਸਿਰਫ ਨਰਿੰਦਰ ਮੋਦੀ ਹੀ ਦੇਸ਼ ਦੀ ਅਜਿਹੀ ਨਿਰਣਾਇਕ ਅਗਵਾਈ ਕਰਨ ਦੀ ਸਮਰੱਥਾ ਰੱਖਦੇ ਹਨ।
ਸਰਦਾਰ ਬਾਦਲ ਨੇ ਸ੍ਰੀ ਅਮਿਤ ਸ਼ਾਹ ਨੂੰ ਦੇਸ਼ ਵਿਚ ਮੋਦੀ ਤੋਂ ਬਾਅਦ ਇੱਕ ਮਹਾਨ ਪ੍ਰਬੰਧਕ ਅਤੇ ਪ੍ਰਚਾਰਕ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਸ੍ਰੀ ਸ਼ਾਹ ਦੇ ਜੁੜੇ ਹੋਣ ਸਦਕਾ ਸ੍ਰੀ ਮੋਦੀ ਨੂੰ ਸਿਆਸੀ ਲਾਮਬੰਦੀ ਦੀਆਂ ਸਮਾਂ-ਖਪਾਊ ਗਤੀਵਿਧੀਆਂ ਤੋਂ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਪ੍ਰਧਾਨ ਮੰਤਰੀ ਆਪਣੀ ਸਾਰੀ ਊਰਜਾ ਵਿਕਾਸ, ਚੰਗੇ ਪ੍ਰਸਾਸ਼ਨ ਅਤੇ ਲੋਕਾਂ ਖਾਸ ਕਰਕੇ ਗਰੀਬਾਂ ਦੀ ਸੇਵਾ ਦੇ ਕੰਮਾਂ ਉਤੇ ਕੇਂਦਰਿਤ ਕਰ ਪਾਏ ਹਨ।
ਸਰਦਾਰ ਬਾਦਲ ਨੇ ਐਨਡੀਏ ਲਈ ਹੂੰਝਾ ਫੇਰ ਜਿੱਤ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੀ ਲੀਡਰਸ਼ਿਪ ਹੇਠ ਸਾਡਾ ਦੇਸ਼ ਜਲਦੀ ਦੁਨੀਆਂ ਦੀਆਂ ਵੱਡੀਆਂ ਆਰਥਿਕ ਅਤੇ ਫੌਜੀ ਤਾਕਤਾਂ ਅਮਰੀਕਾ, ਰੂਸ ਅਤੇ ਚੀਨ ਨਾਲ ਜਾ ਰਲੇਗਾ।