ਕਿਹਾ ਕਿ 'ਅਦਿੱਖ ਮੁੱਖ ਮੰਤਰੀ' ਨੂੰ ਪੰਜਾਬ 'ਚ ਲੋਕਾਂ ਦੇ ਗੁੱਸੇ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਕੋਲੋਂ ਸਾਰੀਆਂ ਸਹੂਲਤਾਂ ਖੋਹ ਲਈਆਂ ਹਨ
ਸ੍ਰੀ ਆਨੰਦਪੁਰ ਸਾਹਿਬ/ਐਸਬੀਐਸ ਨਗਰ ਨਵਾਂ ਸ਼ਹਿਰ/ ਬੰਗਾ/ 02 ਮਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀ ਕਮਾਲ ਦੀ ਅੰਤਰਰਾਸ਼ਟਰੀ ਕੂਟਨੀਤੀ ਰਾਹੀਂ ਦੇਸ਼ ਦੀ ਤਾਕਤ ਅਤੇ ਰੁਤਬੇ ਨੂੰ ਅਣਕਿਆਸੀਆਂ ਬੁਲੰਦੀਆਂ ਤਕ ਲੈ ਗਏ ਹਨ। ਇੱਥੋਂ ਤਕ ਕਿ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੇ ਚੀਨ ਵਰਗੇ ਮੁਲਕ ਵੀ ਸਤਿਕਾਰ ਨਾਲ ਉਹਨਾਂ ਦੀ ਗੱਲ ਸੁਣਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇਹ ਸਾਡੇ ਦੇਸ਼ ਦਾ ਨਵਾਂ ਰੁਤਬਾ ਹੈ।
ਇੱਥੇ ਅਕਾਲੀ-ਭਾਜਪਾ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਦੇਸ਼ ਨੂੰ ਇੱਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ, ਜਿਸ ਕੋਲੋਂ ਦੁਸ਼ਮਣ ਕੰਬਣ ਅਤੇ ਕੌਮਾਂਤਰੀ ਭਾਈਚਾਰਾ ਜਿਸ ਦਾ ਸਤਿਕਾਰ ਕਰੇ। ਸ੍ਰੀ ਮੋਦੀ ਇਕਲੌਤੇ ਆਗੂ ਹਨ, ਜਿਹੜੇ ਅਜਿਹੀ ਕਾਬਲੀਅਤ ਦੇ ਮਾਲਕ ਹਨ।
ਇਸ ਮੌਕੇ ਉਹਨਾਂ ਨੇ ਸੂਬੇ ਅੰਦਰਲੀ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆ ਰਹੀ ਲੋਕ ਸਭਾ ਚੋਣਾਂ ਪੰਜਾਬ ਦਾ ਇਸ ਨਿਕੰਮੇ, ਪਹੁੰਚ ਤੋਂ ਬਾਹਰ ਅਤੇ ਅਦਿੱਖ ਮੁੱਖ ਮੰਤਰੀ ਤੋਂ ਖਹਿੜਾ ਛੁਡਾ ਦੇਣਗੀਆਂ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਅੰਦਰ ਲੋਕਾਂ ਦੇ ਗੁੱਸੇ ਦੀ ਲਹਿਰ ਦਾ ਸਾਹਮਣਾ ਕਰ ਰਹੀ ਹੈ।
ਸਰਦਾਰ ਬਾਦਲ ਨੇ ਮੰਡੀਆਂ ਵਿਚ ਕਣਕ ਦੀ ਸੁਸਤ ਖਰੀਦ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਕਿਸਾਨਾਂ ਦੀ ਅਣਦੇਖੀ ਕਰਨ ਲਈ ਕਾਂਗਰਸ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਨੂੰ ਸਖ਼ਤ ਝਾੜ ਪਾਈ। ਉਹਨਾਂ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਮੀ ਹੈ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਦੀ ਖਰੀਦ ਵਾਸਤੇ ਲੰਬੀ ਉਡੀਕ ਕਰਨੀ ਪੈ ਰਹੀ ਹੈ, ਪਰੰਤੂ ਉੱਥੇ ਕੋਈ ਵੀ ਉਹਨਾਂ ਦੀ ਮੱਦਦ ਲਈ ਨਹੀਂ ਹੈ। ਮੁੱਖ ਮੰਤਰੀ ਨੇ ਸਿਰਫ ਇੱਕ ਵਾਰ ਅਖ਼ਬਾਰਾਂ ਵਿਚ ਫੋਟੋਆਂ ਛਪਾਉਣ ਵਾਸਤੇ ਇੱਕ ਮੰਡੀ ਦਾ ਦੌਰਾ ਕੀਤਾ ਸੀ, ਪਰ ਉਸ ਤੋਂ ਬਾਅਦ ਉਹ ਕਿਤੇ ਵਿਖਾਈ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸੂਬੇ ਦੇ ਕਿਸਾਨ ਮੱਦਦ ਲਈ ਚੀਕਾਂ ਮਾਰ ਰਹੇ ਹਨ, ਪਰ ਮੁੱਖ ਮੰਤਰੀ ਨੂੰ ਆਰਾਮਪ੍ਰਸਤੀ ਅਤੇ ਐਸ਼ਪ੍ਰਸਤੀ ਤੋਂ ਵਿਹਲ ਨਹੀਂ ਹੈ।ਉਹ ਕਿਸਾਨਾਂ ਵਾਸਤੇ ਸਿਰਫ ਪ੍ਰੈਸ ਬਿਆਨ ਜਾਰੀ ਕਰ ਰਿਹਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਧੜੇਬੰਦੀ ਦਾ ਸ਼ਿਕਾਰ ਹੋਈ ਕਾਂਗਰਸ ਦੇ ਚੋਣ-ਪ੍ਰਚਾਰ ਦਾ ਵੀ ਮਾੜਾ ਹਾਲ ਹੈ। ਉਹਨਾਂ ਦੇ ਸਾਰੇ ਆਗੂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਸ਼ਰਮਨਾਕ ਹਾਰ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਕੰਧਾਂ ਉੱਤੇ ਲਿਖੀ ਦਿਖਾਈ ਦੇ ਰਹੀ ਹੈ। ਜਿਸ ਕਰਕੇ ਉਸ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਸੱਤਾਧਾਰੀ ਪਾਰਟੀ ਅੰਦਰ ਫੈਲੀ ਘਬਰਾਹਟ ਅਤੇ ਡਰ ਸਾਫ ਵਿਖਾਈ ਦੇਣ ਲੱਗੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਵਾਸਤੇ ਇੱਕ ਗਾਰੰਟੀ ਬਣ ਚੁੱਕਿਆ ਹੈ।