ਜਲੰਧਰ, 12 ਮਈ : ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਆਖਿਆ ਹੈ ਕਿ 1984 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ਦੰਗਿਆਂ ਵਿਚ ਬਹੁਤ ਵੱਡਾ ਫਰਕ ਹੈ ਅਤੇ ਇਸ ਲਈ ਕਾਂਗਰਸ ਪਾਰਟੀ ਗੁਜਰਾਤ ਦੰਗਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਠਹਿਰਾ ਕੇ ਆਪਣਾ ਖਹਿੜਾ ਨਹੀਂ ਛੁਡਾ ਸਕਦੀ।
ਅਕਾਲੀ ਆਗੂ ਨੇ ਕਿਹਾ ਕਿ ਗੁਜਰਾਤ ਵਿਚ ਪੁਲਿਸ ਨ ਮੁੱਖ ਮੰਤਰੀ ਦੇ ਹੁਕਮਾਂ 'ਤੇ ਦੰਗੇ ਰੋਕਣ ਦੇ ਪੁਰਜੋਰ ਯਤਨ ਕੀਤੇ ਅਤੇ 300 ਤੋਂ ਜ਼ਿਆਦਾ ਵਿਅਕਤੀ ਪੁਲਿਸ ਫਾਇਰਿੰਗ ਵਿਚ ਮਾਰੇ ਗਏ ਜਦਕਿ ਦਿੱਲੀ ਵਿਚ ਪੁਲਿਸ ਵੱਲੋਂ ਇਕ ਵੀ ਗੋਲੀ ਨਹੀਂ ਚਲਾਈ ਗਈ। ਉਹਨਾਂ ਕਿਹਾ ਕਿ ਗੁਜਰਾਤ ਵਿਚ ਮਰਨ ਵਾਲਿਆਂ ਵਿਚ 790 ਮੁਸਲਿਮ ਸ਼ਾਮਲ ਸਨ ਜਦਕਿ 254 ਹਿੰਦੂ ਦੰਗਾਕਾਰੀ ਵੀ ਮਾਰੇ ਗਏ ਜਿਸ ਤੋਂ ਪਤਾ ਚਲਦਾ ਹੈ ਕਿ ਦੋਹਾਂ ਦੁਖਾਂਤਾ ਵਿਚ ਕਿੰਨੀ ਅਸਮਾਨਤਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵੇਲੇ ਇਕ ਵੀ ਦੋਸ਼ੀ ਜ਼ਖ਼ਮੀ ਤੱਕ ਨਹੀਂ ਹੋਇਆ ਕਿਉਂਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਸੀ ਤੇ ਉਸਨੇ ਇਕ ਵੀ ਦੰਗਾਕਾਰੀ 'ਤੇ ਗੋਲੀ ਨਹੀਂ ਚਲਾਈ।
ਅਕਾਲੀ ਨੇਤਾ ਨੇ ਕਿਹਾ ਕਿ ਜੇਕਰ ਸ੍ਰੀ ਮੋਦੀ ਜੋ ਕਿ ਉਸ ਵੇਲੇ ਮੁੱਖ ਮੰਤਰੀ ਸਨ, ਨੂੰ ਗੁਜਰਾਤ ਦੰਗਿਆਂ ਲਈ ਦੋਸ਼ੀ ਆਖਿਆ ਜਾ ਰਿਹਾ ਹੈ ਤਾਂ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਬਾਰੇ ਵੀ ਆਖਿਆ ਜਾਵੇਗਾ ਜੋ ਕਿ ਉਸ ਵੇਲੇ ਪ੍ਰਧਾਨ ਮੰਤਰੀ ਸਨ ਜਦੋਂ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ।
ਸ੍ਰੀ ਗੁਜਰਾਲ ਨੇ ਕਿਹਾ ਕਿ ਗੁਜਰਾਤ ਵਿਚ ਜੋ ਹੋਇਆ ਉਹ ਦੰਗੇ ਸਨ ਜਦਕਿ ਦਿੱਲੀ ਵਿਚ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਦਿਨ ਤੱਕ ਫੌਜ ਨਹੀਂ ਸੱਦੀ ਤੇ ਕਤਲੇਆਮ ਨੂੰ ਸਿਖਰ ਤੱਕ ਪਹੁੰਚਣ ਦਿੱਤਾ ਗਿਆ।
ਉਹਨਾਂ ਯਾਦ ਕੀਤਾ ਕਿ ਉਹਨਾਂ ਦੇ ਪਿਤਾ ਸਵਰਗੀ ਸ੍ਰੀ ਆਈ ਕੇ ਗੁਜਰਾਲ, ਜਨਰਲ ਜਗਜੀਤ ਸਿੰਘ ਅਰੋੜਾ ਅਤੇ ਏਅਰ ਮਾਰਸ਼ਲ ਅਰਜੁਨ ਸਿੰਘ ਵਾਰ ਵਾਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਗ੍ਰਹਿ ਮੰਤਰੀ ਪੀ ਵੀ ਨਰਸਿਮ•ਾ ਰਾਓ ਕੋਲ ਗਏ ਤੇ ਸਿੱਖ ਕਤਲੇਆਮ ਰੁਕਵਾਉਣ ਲਈ ਫੌਜ ਸੱਦਣ ਦੀ ਮੰਗ ਕੀਤੀ ਪਰ ਦੋਹਾਂ ਨੇ ਆਪਣੀ ਬੇਵਸੀ ਜ਼ਾਹਰ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਸਿੱਧੇ ਹੁਕਮ ਹਨ ਕਿ ਫੌਜ ਨਹੀਂ ਸੱਦੀ ਜਾਵੇਗੀ।
ਸ੍ਰੀ ਗੁਜਰਾਤ ਨੇ ਕਿਹਾ ਕਿ ਰਾਸ਼ਟਰਪਤੀ, ਜਿਹਨਾਂ ਨੇ ਖੁਦ ਇਕ ਦਿਨ ਪਹਿਲਾਂ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਸੀ, ਨੇ ਉਹਨਾਂ ਦੇ ਪਿਤਾ ਅਤੇ ਜਨਰਲ ਅਰੋੜਾ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਉਹਨਾਂ ਦਾ ਫੋਨ ਨਹੀਂ ਚੁੱਕ ਰਹੇ ਅਤੇ ਇਸ ਬਾਰੇ ਗਿਆਨੀ ਜ਼ੈਲ ਸਿੰਘ ਦੀ ਧੀ ਨੇ ਵੀ ਆਪਣੀ ਰਚਨਾ ਵਿਚ ਇਸਦਾ ਜ਼ਿਕਰ ਕੀਤਾ ਹੈ।