ਅੰਮ੍ਰਿਤਸਰ/24 ਮਈ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਹਨਾਂ ਨੂੰ ਕੇਂਦਰੀ ਸੜਕ, ਆਵਾਜਾਈ ਅਤੇ ਹਾਈਵੇਅ ਮੰਤਰਾਲੇ ਵੱਲੋਂ ਇਹ ਵਚਨਵੱਧਤਾ ਮਿਲੀ ਹੈ ਕਿ ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਸਿੱਧਾ ਸੰਪਰਕ ਜੋੜਣ ਲਈ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਵਿਚ ਸੋਧ ਕੀਤੀ ਜਾਵੇਗੀ, ਜਿਸ ਨਾਲ ਅੰਮ੍ਰਿਤਸਰ ਦੇ ਨਾਗਰਿਕਾਂ ਦੀ ਇੱਕ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੇਸ਼ ਕੀਤਾ ਅਸਲੀ ਸੇਧ ਪ੍ਰਸਤਾਵ ਵੀ ਇਸੇ ਤਰ੍ਹਾਂ ਦਾ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਹਾਈਵੇਅ ਮੰਤਰਾਲੇ ਨੇ ਉਹਨਾਂ ਦੀ ਇਹ ਬੇਨਤੀ ਸਵੀਕਾਰ ਕਰ ਲਈ ਹੈ ਕਿ ਪਵਿੱਤਰ ਸ਼ਹਿਰ ਅਤੇ ਦਿੱਲੀ ਵਿਚਕਾਰ ਇੱਕ ਸਿੱਧਾ ਸੰਪਰਕ ਬਣਾਉਣ ਲਈ ਕਰਤਾਰਪੁਰ ਅਤੇ ਅੰਮ੍ਰਿਤਸਰ ਵਿਚਕਾਰ ਇੱਕ ਵਾਧੂ ਦਿਹਾਤੀ ਹਾਈਵੇਅ ਬਣਾਇਆ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੁਆਰਾ ਦਾਖ਼ਲ ਕੀਤੀ ਸੇਧ ਅਨੁਸਾਰ ਇਹ ਐਕਸਪ੍ਰੈਸਵੇਅ ਅੰਮ੍ਰਿਤਸਰ ਤੋਂ 60 ਕਿਲੋਮੀਟਰ ਪਹਿਲਾਂ ਕਰਤਾਰਪੁਰ ਲਾਗੇ ਵੱਖ ਹੋ ਜਾਣਾ ਸੀ ਅਤੇ ਕਰਤਾਰਪੁਰ ਤੋ ਅੰਮ੍ਰਿਸਤਰ ਤਕ ਮੌਜੂਦਾ ਐਨਐਚ-3 ਨੂੰ ਵਿਕਸਤ ਕੀਤਾ ਜਾਣਾ ਸੀ।
ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੇ ਹਾਈਵੇਅ ਮੰਤਰਾਲੇ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਇਹ ਐਕਸਪ੍ਰੈਸਵੇਅ ਦੋ ਵੱਡੇ ਧਾਰਮਿਕ ਅਸਥਾਨਾਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਅਤੇ ਕਟੜਾ ਵਿਖੇ ਮਾਤਾ ਵੈਸ਼ਨੂੰ ਦੇਵੀ ਨੂੰ ਆਪਸ ਵਿਚ ਜੋੜ ਕੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਬਣਾਇਆ ਜਾ ਰਿਹਾ ਹੈ, ਇਸ ਲਈ ਇਹ ਐਕਸਪ੍ਰੈਸਵੇਅ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਦੇ ਅਹਿਮ ਸਿੱਖ ਗੁਰਧਾਮਾਂ ਵਿਚੋਂ ਦੀ ਗੁਜ਼ਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਸੇਧ ਵਿਚ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੋਧ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਵੀਕਾਰ ਹੋ ਗਿਆ ਤਾਂ ਇਹ ਪ੍ਰਸਤਾਵ ਸਿੱਖ ਗੁਰਧਾਮਾਂ ਦੀ ਸ਼ਾਨ ਵਧਾਏਗਾ ਅਤੇ ਇਹਨਾਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਯਕੀਨੀ ਬਣਾਏਗਾ।
ਬੀਬਾ ਬਾਦਲ ਨੇ ਕਿਹਾ ਕਿ ਜਦੋਂ ਇਸ ਐਕਸਪ੍ਰੈਸਵੇਅ ਵਿਚ ਸੋਧ ਹੋ ਗਈ ਤਾਂ ਇੱਕ ਨਵਾਂ ਸਿੱਖ ਧਾਰਮਿਕ ਸਰਕਟ ਹੋਂਦ ਵਿਚ ਆ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਪੂਰੀ ਦੁਨੀਆਂ ਦੇ ਸ਼ਰਧਾਲੂਆਂ ਨੂੰ ਲਾਭ ਹੋਵੇਗਾ। ਉਹਨਾਂ ਕਿਹਾ ਕਿ ਸੋਧਿਆ ਐਕਸਪ੍ਰੈਸਵੇਅ ਅੰਮ੍ਰਿਤਸਰ ਦੇ ਨਾਗਰਿਕਾਂ ਦੀ ਦਿੱਲੀ ਨਾਲ ਸਿੱਧਾ ਸੰਪਰਕ ਜੋੜਣ ਵਾਲੀ ਚਿਰੋਕਣੀ ਮੰਗ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ ਇਹ ਪ੍ਰਾਜੈਕਟ ਇਸ ਇਲਾਕੇ ਅੰਦਰ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਵੇਗਾ।