ਕਿਹਾ ਕਿ ਸੁਖਜੀਤ ਮੈਗਾ ਫੂਡ ਪਾਰਕ ਨਾਲ ਮੱਕੀ ਦੀ ਪ੍ਰੋਸੈਸਿੰਗ ਦੀ ਸ਼ੁਰੂਆਤ ਹੋਵੇਗੀ ਤੇ ਮੋਟੇ ਅਨਾਜ, ਫਲਾਂ, ਸ਼ਬਜ਼ੀਆਂ ਤੇ ਤੇਲ ਬੀਜ਼ਾਂ ਦੀ ਪ੍ਰੋਸੈਸਿੰਗ ਵੀ ਹੋਵੇਗੀ
ਚੰਡੀਗੜ•, 26 ਅਕਤੂਬਰ : ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੰਜ ਕਿਹਾ ਕਿ ਪੰਜਾਬ ਵਿਚ ਤੀਜੇ ਮੈਗਾ ਫੂਡ ਪਾਰਕ ਦਾ ਕੰਮਕਾਜ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੁਖਜੀਤ ਮੈਗਾ ਫੂਡ ਪਾਰਕ ਦੇ ਪ੍ਰੋਮੋਟਰਾਂ ਨੂੰ ਕੰਮਕਾਜ ਸ਼ੁਰੂ ਹੋਣ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਮੈਗਾ ਫੂਡ ਪਾਰਕ ਦੇ ਸ਼ੁਰੂ ਹੋਣ ਨਾਲ ਮੱਕੀ ਦੀ ਕਾਸ਼ਤ ਤੇ ਉਤਪਾਦਨ ਦੀ ਮੰਗ ਵਿਚ ਚੋਖਾ ਵਾਧਾ ਹੋਵੇਗਾ ਤੇ ਇਸ ਨਾਲ ਸੂਬੇ ਵਿਚ ਮੱਕੀ ਪ੍ਰੋਸੈਸਿੰਗ ਉਦਯੋਗ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਪਾਰਕ ਵਿਚਲੇ ਯੂਨਿਟ ਵਿਚ 600 ਟਨ ਮੱਕੀ ਰੋਜ਼ਾਨਾ ਪੀਹਣ ਦੀ ਸਮਰਥਾ ਹੈ। ਇਸ ਤੋਂ ਇਲਾਵਾ ਪ੍ਰੋਸੈਸਿੰਗ ਯੂਨਿਟਾਂ ਵਿਚ ਮੋਟੇ ਅਨਾਜ, ਫਲਾਂ, ਸਬਜ਼ੀਆਂ ਤੇ ਤੇਲ ਬੀਜਾਂ ਦੀ ਪ੍ਰੋਸੈਸਿੰਗ ਵੀ ਹੋ ਸਕੇਗੀ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਮੱਕੀ ਪ੍ਰੋਸੈਸਿੰਗ ਸ਼ੁਰੂ ਹੋਣ ਨਾਲ ਸੂਬੇ ਨੂੰ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਮੈਗਾ ਫੂਡ ਪਾਰਕ ਨੇ ਹੁਸ਼ਿਆਰਪੁਰ, ਜਲੰਧਰ ਤੇ ਅੰਮ੍ਰਿਤਸਰ ਵਿਚ ਤਿੰਨ ਮੁੱਢਲੇ ਪ੍ਰੋਸੈਸਿੰਗ ਕੇਂਦਰ ਸਥਾਪਿਤ ਕੀਤੇ ਹਨ। ਇਹ ਕੇਂਦਰ ਮੱਕੀ ਦੇ ਕਿਸਾਨਾਂ ਵਾਸਤੇ ਰੇਡੀਮੇਡ ਮੰਡੀ ਦੀ ਸਿਰਜਣਾ ਕਰਨਗੇ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਦਾ ਪ੍ਰੋਸੈਸਿੰਗ ਸੈਂਟਰ ਤਿਆਰ ਹੈ ਜਦਕਿ ਅੰਮ੍ਰਿਤਸਰ ਤੇ ਜਲੰਧਰ, ਜਿਥੇ ਕੋਲਡ ਸਟੋਰੇਜ ਸਹੂਲਤ ਤੇ ਸੁੱਕੇ ਮਾਲ ਦੇ ਗੋਦਾਮ ਤੇ ਗਰੇਡਿੰਗ ਯਾਰਡ ਵੀ ਹਨ, ਛੇਤੀ ਹੀ ਮੁਕੰਮਲ ਹੋ ਜਾਣਗੇ। ਉਹਨਾਂ ਦੱਸਿਆ ਕਿ ਇਸ ਨਾਲ ਫਸਲ ਦਾ ਫਜ਼ੂਲ ਨੁਕਸਾਨ ਵੀ ਘੱਟ ਜਾਵੇਗਾ ਤੇ ਕਿਸਾਨਾਂ ਨੂੰ ਮੱਕੀ ਦੀ ਫਸਲ ਦਾ ਪੂਰਾ ਭਾਅ ਮਿਲ ਸਕੇਗਾ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਸੁਖਜੀਤ ਮੈਗਾ ਫੂਡ ਪਾਰਕ ਤਿੰਨ ਮੈਗਾ ਪ੍ਰਾਜੈਕਟਾਂ ਵਿਚੋਂ ਇਕ ਹੈ ਜਦਕਿ ਦੂਜੇ ਦੋ ਫਾਜ਼ਿਲਕਾ ਤੇ ਲੁਧਿਆਣਾ ਵਿਚ ਹਨ ਜਿਹਨਾਂ ਲਈ ਉਹਨਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਮੰਤਰੀ ਵਜੋਂ ਕਾਰਜਕਾਲ ਦੌਰਾਨ ਪ੍ਰਵਾਨਗੀ ਦਿੱਤੀ ਸੀ। ਉਹਨਾਂ ਦੱਸਿਆ ਕਿ ਮੰਤਰਾਲੇ ਨੇ ਫਗਵਾੜਾ ਪਾਰਕ ਲਈ 47 ਕਰੋੜ ਰੁਪਏ ਦੀ ਗਰਾਂਟ ਵੀ ਦਿੱਤੀ ਹੈ ਜਦਕਿ ਸੂਬੇ ਤੇ ਕੇਂਦਰੀ ਏਜੰਸੀਆਂ ਤੋਂ ਪ੍ਰਵਾਨਗੀਆਂ ਵੀ ਲੈ ਕੇ ਦਿੱਤੀਆਂ ਹਨ।
ਬਠਿੰਡਾ ਦੀ ਐਮ ਪੀ ਨੇ ਕਿਹਾ ਕਿ ਉਹਨਾਂ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵਿਚ ਕਾਰਜਕਾਲ ਦੌਰਾਨ ਪੰਜਾਬ ਵਿਚ 1200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਹੋਇਆ ਹੈ ਜਿਸ ਨਾਲ 1.25 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ ਜਦਕਿ 4 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ ਇਹਨਾਂ ਪਹਿਲਕਦਮੀਆਂ ਦੀ ਬਦੌਲਤ 19 ਕੋਲਡ ਚੇਨਾਂ, ਸੱਤ ਫੂਡ ਟੈਸਟਿੰਗ ਲੈਬਾਰਟਰੀ, ਤਿੰਨ ਕਲੱਸਟਰਾਂ, ਚਾਰ ਫੂਡ ਪ੍ਰੋਸੈਸਿੰਗ ਯੂਨਿਟਾਂ ਤੇ ਚਾਰ ਬੈਕਵਰਡ ਫਾਰਵਰਡ ਲਿੰਕੇਜ ਪ੍ਰਾਜੈਕਟਾਂ ਸਮੇਤ 41 ਪ੍ਰਾਜੈਕਟਾਂ ਲਈ 800 ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਹੋਇਆ ਹੈ। ਉਹਨਾਂ ਦੱਸਿਆ ਕਿ ਇਹਨਾਂ ਪ੍ਰਾਜੈਕਟਾਂ ਲਈ 400 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।