ਕਿਹਾ ਕਿ ਕਾਂਗਰਸ ਪਹਿਲਾਂ ਯੂ ਪੀ ਏ 2 ਤਹਿਤ ਥਰਮਲ ਪਲਾਂਟ ਲਗਾਉਣ ਤੇ ਫਿਰ ਆਪਣੀ ਪੰਜਾਬ ਇਕਾਈ ਨੁੰ ਉਹਨਾਂ ’ਤੇ ਦਬਾਅ ਪਾ ਕੇ ‘ਡੋਨੇਸ਼ਨ’ ਉਗਰਾਹੁਣ ਲਈ ਜ਼ਿੰਮੇਵਾਰੀ ਲਾਉਣ ਦੀ ਦੁੱਗਣੀ ਦੋਸ਼ੀ
ਚੰਡੀਗੜ੍ਹ, 13 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਕੋਲੋਂ ਫੰਡ ਪ੍ਰਾਪਤ ਕਰਨ ਲਈ ਫੜੇ ਜਾਣ ਮੌਕੇ ਝੂਠ ਬੋਲ ਕੇ ਆਪਣਾ ਬਚਾਅ ਨਾ ਕਰਨ ਕਿਉਂਕਿ ਇਹ ਕਾਂਗਰਸ ਪਾਰਟੀ ਹੀ ਹੈ ਜਿਸਨੇ ਪਹਿਲਾਂ ਪ੍ਰਾਈਵੇਟ ਥਰਮਲ ਪਲਾਂਟ ਲਗਵਾਏ ਤੇ ਫਿਰ ਇਹਨਾਂ ਨੂੰ ‘ਡੋਨੇਸ਼ਨ’ ਦੇਣ ਲਈ ਧਮਕੀਆਂ ਦਿੱਤੀਆਂ।
ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨਾ ਸਿਰਫ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਯੂ ਪੀ ਏ 2 ਦੌਰਾਨ ਉਹ ਨੀਤੀ ਬਣਾਈ ਜਿਸ ਤਹਿਤ ਪ੍ਰਾਈਵੇਟ ਥਰਮਲ ਪਲਾਂਟ ਲਗਾਏ ਬਲਕਿ ਆਪਣੀ ਪੰਜਾਬ ਇਕਾਈ ਨੂੰ 2012 ਵਿਚ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ’ਤੇ ਇਹ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਧਮਕੀ ਦੇ ਕੇ ਡੋਨੇਸ਼ਨਾਂ ਉਗਰਾਹੁਣ ਦੀ ਜ਼ਿੰਮੇਵਾਰੀ ਵੀ ਸੌਂਪੀ।
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਬੇਸਿਰ ਪੈਰ ਦੇ ਝੁਠ ਨਾ ਬੋਲੀ ਜਾਣ। ਉਹਨਾਂ ਕਿਹਾ ਕਿ ਤੁਸੀਂ ਇਸ ਬਲੈਕਮੇਲ ਵਿਚ ਸਿੱਧੇ ਤੌਰ ’ਤੇ ਸ਼ਾਮਲ ਹੋ। ਤੁਸੀਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਨਤਕ ਤੌਰ ’ਤੇ ਧਮਕੀ ਦਿੱਤੀ ਸੀ ਕਿ ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਫਿਰ ਉਹ ਅਕਾਲੀ ਦਲ ਦੀ ਵੇਲੇ ਕੀਤ ਬਿਜਲੀ ਸਮਝੌਤੇ ਰੱਦ ਕਰੇਗੀ।
ਉਹਨਾਂ ਕਿਹਾ ਕਿ ਤੁਸੀਂ ਪੰਜਾਬੀਆਂ ਨੂੰ ਦੱਸੋ ਕਿ ਤੁਹਾਡੀ ਪਾਰਟੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਗੱਲਬਾਤ ਕਿਉਂ ਸ਼ੁਰੂ ਕੀਤੀ ਤੇ ਉਸ ਤੋਂ ‘ਡੋਨੇਸ਼ਨ’ ਕਿਉਂ ਕਰਵਾਈ। ਉਹਨਾਂ ਪੁੱਛਿਆ ਕਿ ਕੀ ਇਹ ਗੈਰ ਕਾਨੂੰਨੀ ਨਹੀਂ ਹੈ। ਉਹਨਾਂ ਨਾਲ ਹੀ ਕਿਹਾ ਕਿ ਸਿਰਫ ਸੀ ਬੀ ਆਈ ਜਾਂ ਕੌਮੀ ਜਾਂਚ ਏਜੰਸੀ ਤੋਂ ਜਾਂਚ ਹੀ ਸਾਰੇ ਸਕੈਂਡਲ ਤੋਂ ਪਰਦਾਫਾਸ਼ ਕਰ ਸਕਦੀ ਹੈ ਤੇ ਸੱਚ ਲੋਕਾਂ ਸਾਹਮਣੇ ਲਿਆ ਸਕਦੀ ਹੈ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਹਨਾਂ ਨੇ ਪੰਜਾਬ ਕਾਂਗਰਸ ਤੇ ਆਲ ਇੰਡੀਆ ਕਾਂਗਰਸ ਕਮੇਟੀ (ਏ ਆਈ ਸੀ ਸੀ) ਵਿਚ ਫਰਕ ਕਿਵੇਂ ਕੀਤਾ ਹੈ। ਉਹਨਾਂ ਸਵਾਲ ਕੀਤਾ ਕਿ ਕੀ ਪੰਜਾਬ ਕਾਂਗਰਸ ਏ ਆਈ ਸੀ ਸੀ ਤੋਂ ਅਲਹਿਦਾ ਹੋ ਸਕਦੀ ਹੈ ? ਇਹ ਸਿਰਫ ਉਸਨੂੰ ਹੇਠਾਂ ਲਾਉਣ ਲਈ ਹੋ ਸਕਦੀ ਹੈ।
ਉਹਨਾਂ ਕਿਹਾ ਕਿ ਤੁਹਾਨੁੰ ਹਾਲਹੀ ਵਿਚ ਦਿੱਲੀ ਤਲਬ ਕੀਤਾ ਗਿਆ ਤੇ ਤੁਹਾਡੀ ਝਾੜ ਝੰਬ ਕੀਤੀ ਗਈ ਤੇ ਤੁਹਾਨੂੰ ਤਿਆਰੀ ਖਿੱਚ ਕੇ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਹਦਾਇਤ ਦਿੱਤੀ ਗਈ।
ਉਹਨਾਂ ਕਿਹਾ ਕਿ ਹੁਣ ਤੁਸੀਂ ਇਹ ਕਹਿ ਕੇ ਪੰਜਾਬੀਆਂ ਨੁੰ ਗੁੰਮਾਹ ਕਰਨਾ ਚਾਹੁੰਦੇ ਹੋ ਕਿ ਪੈਸੇ ਪੰਜਾਬ ਕਾਂਗਰਸ ਨੇ ਨਹੀਂ ਬਲਕਿ ਹਾਈ ਕਮਾਂਡ ਨੇ ਲਏ ਹਨ। ਉਹਨਾਂ ਪੁੱਛਿਆ ਕਿ ਕੀ ਤੁਸੀਂ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹੋ ?