ਤੁਗਲਕੀ ਫਰਮਾਨ ਦੀ ਵਾਪਸੀ ਯਕੀਨੀ ਬਣਾਉਣ ਲਈ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ
ਮੰਡੀਆਂ ਵਿਚ ਕਿਸਾਨਾਂ ਤੇ ਆੜ੍ਹਤੀਆਂ ਦੀ ਮਦਦ ਵਾਸਤੇ ਯੂਥ ਅਕਾਲੀ ਦਲ ਦੀਆਂ ਡਿਊਟੀਆਂ ਲਗਾਈਆਂ
ਚੰਡੀਗੜ੍ਹ, 11 ਅਕਤੂਬਰ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਐਲਾਨ ਕੀਤਾ ਹੈ ਕਿ ਜੇਕਰ ਚੰਨੀ ਸਰਕਾਰ ਨੇ ਝੋਨੇ ਦੀ ਖਰੀਦ ਦੇ ਮਾਮਲੇ ਵਿਚ ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਨੁੰ ਜਾਰੀ ਕੀਤੇ ਨੋਟਿਸ 48 ਘੰਟਿਆਂ ਵਿਚ ਵਾਪਸ ਨਾ ਲਏ ਤਾਂ ਫਿਰ ਯੂਥ ਅਕਾਲੀ ਦਲ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰੇਗਾ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਆਪ ਨੁੰ ਆਮ ਆਦਮੀ ਦੀ ਸਰਕਾਰ ਦੱਸਣ ਵਾਲੀ ਚੰਨੀ ਸਰਕਾਰ ਨੇ ਕਿਸਾਨਾਂ ਨੁੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਹਰ ਹੱਥਕੰਡਾ ਅਪਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਚੰਨੀ ਸਰਕਾਰ ਨੇ ਆੜ੍ਹਤੀਆਂ ਨੁੰ ਨੋਟਿਸ ਜਾਰੀ ਕਰ ਕੇ ਝੋਨੇ ਦੀ ਖਰੀਦ ਬੰਦ ਕਰਨ ਦੀ ਧਮਕੀ ਦਿੱਤੀ ਹੈ ਤੇ ਅਜਿਹੀ ਧਮਕੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਮਲੋਹ ਮੰਡੀ ਦੇ ਆੜ੍ਹਤੀਆਂ ਨੂੰ ਜਾਰੀ ਕੀਤਾ ਗਿਆ ਨੋਟਿਸ ਵਿਖਾਉਂਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹਨਾਂ ਨੋਟਿਸਾਂ ਵਿਚ ਸਪਸ਼ਟ ਧਮਕੀ ਦਿੱਤੀ ਗਈ ਹੈ ਕਿ ਜੇਕਰ ਆੜ੍ਹਤੀਆਂ ਨੇ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਖਰੀਦਿਆਂ ਤਾਂ ਖਰੀਦ ਕੇਂਦਰ ਬੰਦ ਕੀਤੇ ਜਾਣਗੇ।
ਉਹਨਾਂ ਕਿਹਾ ਕਿ ਇਹ ਨੋਟਿਸ ਅਸਲ ਵਿਚ ਅਸਿੱਧੇ ਤੌਰ 'ਤੇ ਕਿਸਾਨਾਂ ਨੁੰ ਡਰਾਉਣ ਤੇ ਧਮਕਾਉਣ ਦੇ ਨਾਲ ਨਾਲ ਉਹਨਾਂ ਦੀ ਛੇ ਮਹੀਨਿਆਂ ਵਿਚ ਪੁੱਤਾਂ ਵਾਂਗ ਪਾਲੀ ਫਸਲ ਖਰੀਦਣ ਤੋਂ ਇਨਕਾਰ ਕਰਨ ਦਾ ਬਹਾਨਾ ਹਨ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਸੂਬੇ ਦੇ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਸਰਕਾਰ ਦੇ ਕਿਸੇ ਵੀ ਤੁਗਲਕੀ ਫਰਮਾਨ ਨੁੰ ਵਾਪਸ ਲੈਣਾ ਯਕੀਨੀ ਬਣਾਇਆ ਜਾਵੇਗਾ।
ਸਰਦਾਰ ਰੋਮਾਣਾ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਡਿਊਟੀ ਮੰਡੀਆਂ ਵਿਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਡੱਟਣ ਵਾਸਤੇ ਲਗਾ ਦਿੱਤੀਆਂ ਹਨ ਤੇ ਜਿਥੇ ਕਿਤੇ ਵੀ ਕਿਸਾਨਾਂ ਜਾਂ ਆੜ੍ਹਤੀਆਂ ਨੂੰ ਮੁਸ਼ਕਿਲ ਆਈ ਤਾਂ ਯੂਥ ਅਕਾਲੀ ਦਲ ਕਾਰਕੁੰਨ ਡੱਟ ਕੇ ਉਹਨਾਂ ਦਾ ਸਾਥ ਦੇਣਗੇ ਤੇ ਸਰਕਾਰ ਦੇ ਕਿਸੇ ਵੀ ਕਿਸਾਨ ਵਿਰੋਧੀ ਤੇ ਆੜ੍ਹਤੀ ਵਿਰੋਧੀ ਕਦਮ ਦਾ ਪੁਰਜ਼ੋਰ ਵਿਰੋਧ ਕਰਨਗੇ।
ਸਰਦਾਰ ਰੋਮਾਣਾ ਨੇ ਕਿਹਾ ਕਿ ਅਸੀਂ 48 ਘੰਟੇ ਦਾ ਨੋਟਿਸ ਦਿੱਤਾ ਹੈ ਤੇ ਜੇਕਰ ਸਰਕਾਰ ਨੇ ਤੁਗਲਕੀ ਫਰਮਾਨ ਵਾਪਸ ਨਾ ਲਿਆ ਤਾਂ ਫਿਰ ਅਸੀਂ ਭਾਰਤ ਭੂਸ਼ਣ ਆਸ਼ੂ ਦੇ ਘਰ ਦਾ ਘਿਰਾਓ ਕਰਾਂਗੇ ਤੇ ਕਿਸਾਨ ਵਿਰੋਧੀ ਤੇ ਆੜ੍ਹਤੀ ਵਿਰੋਧੀ ਸਰਕਾਰ ਨੂੰ ਬੇਨਕਾਬ ਕਰਾਂਗੇ।
ਇਸ ਮੌਕੇ ਤੇ ਪਰਮਿੰਦਰ ਸਿੰਘ ਬੋਹਾਰਾ, ਪ੍ਰਭਜੋਤ ਸਿੰਘ ਧਾਲੀਵਾਲ, ਸਰਬਜੀਤ ਸਿੰਘ ਝਿੰਜਰ , ਰਵਿੰਦਰ ਸਿੰਘ ਖੇੜਾ,ਗੁਰਦੀਪ ਸਿੰਘ ਗੋਸ਼ਾ,ਸੁਰਿੰਦਰ ਸਿੰਘ ਬੱਬੂ, ਲਵਜੀਤ ਸ਼ਾਹਦੀਨ, ਮਨਪ੍ਰੀਤ ਸਿੰਘ ਮੰਨਾ, ਸੰਦੀਪ ਸਿੰਘ ਕਲੋਤਾ ਸ਼ਾਮਿਲ ਸਨ