ਕਿਹਾ ਕਿ ਗਰੀਬਾਂ ਅਤੇ ਦੱਬੇ ਕੁਚਲਿਆਂ ਨੂੰ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਇਨਸਾਫ ਦੇ ਸਕਦਾ ਹੈ
ਚੰਡੀਗੜ•/15 ਜਨਵਰੀ: ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸੀਨੀਅਰ ਕਾਂਗਰਸੀ ਆਗੂ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਜੋਗਿੰਦਰ ਸਿੰਘ ਪੰਜਗਰਾਂਈ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਸ੍ਰਥੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਉਹਨਾਂ ਭਰੋਸਾ ਪ੍ਰਗਟਾਇਆ ਕਿ ਗਰੀਬਾਂ ਅਤੇ ਸਮਾਜ ਦੇ ਦੱਬੇ ਕੁਚਲਿਆਂ ਨੂੰ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਇਨਸਾਫ ਦੇ ਸਕਦਾ ਹੈ।
ਮਾਲਵਾ ਖੇਤਰ ਦੇ ਦਲਿਤ ਆਗੂਆਂ ਵਿਚੋਂ ਸਭ ਤੋਂ ਸੀਨੀਅਰ ਆਗੂ ਸ੍ਰੀ ਪੰਜਗਰਾਂਈ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੇ ਕਾਂਗਰਸ ਛੱਡਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇਹ ਪਾਰਟੀ ਆਪਣੇ ਆਦਰਸ਼ਾਂ ਤੋਂ ਥਿੜਕ ਚੁੱਕੀ ਹੈ ਅਤੇ ਹੁਣ ਇਹ ਗਰੀਬਾਂ ਅਤੇ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਦੀ ਪਾਰਟੀ ਨਹੀਂ ਰਹੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਪੰਜਗਰਾਂਈ ਦਾ ਅਕਾਲੀ ਵਿਚ ਸਵਾਗਤ ਕਰਦਿਆਂ ਉਹਨਾਂ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਦਲਿਤ ਆਗੂ ਨੂੰ ਅਕਾਲੀ ਦਲ ਵਿਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ ਅਤੇ ਸਮਾਜ-ਭਲਾਈ ਦੇ ਖੇਤਰ ਵਿਚ ਉਹਨਾਂ ਦੇ ਲੰਬੇ ਚੌੜੇ ਤਜਰਬੇ ਦਾ ਭਰਪੂਰ ਲਾਹਾ ਲਿਆ ਜਾਵੇਗਾ।
ਕਾਂਗਰਸ ਪਾਰਟੀ ਨੂੰ ਛੱਡਣ ਦੇ ਕਾਰਣ ਗਿਣਾਉਂਦਿਆਂ ਸ੍ਰੀ ਪੰਜਗਰਾਂਈ ਨੇ ਕਿਹਾ ਕਿ ਕਾਂਗਰਸ ਉੱਤੇ ਹੁਣ ਖੁਸ਼ਾਮਦੀ ਲੋਕਾਂ ਨੇ ਗਲਬਾ ਜਮਾ ਲਿਆ ਹੈ, ਜਿਹੜੇ ਗਰੀਬਾਂ ਵਾਸਤੇ ਕੋਈ ਵੀ ਲੋਕ ਭਲਾਈ ਦਾ ਕੰਮ ਨਹੀਂ ਹੋਣ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਮਿਲੇ ਸਨ ਅਤੇ ਉਹਨਾਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਕਾਂਗਰਸ ਸਰਕਾਰ ਵੱਲੋ ਦਲਿਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਪਰੰਤੂ ਇਸ ਉੱਤੇ ਪਾਰਟੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਸ੍ਰੀ ਪੰਜਗਰਾਂਈ ਨੇ ਕਿਹਾ ਕਿ ਪੰਜਗਰਾਂਈ ਤੋਂ 2007 ਅਤੇ 2012 ਵਿਚ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਜਾਣ ਦੇ ਬਾਵਜੂਦ 2017 ਵਿਧਾਨ ਸਭਾ ਚੋਣਾਂ ਵਿਚ ਉੁਹਨਾਂ ਦਾ ਹਲਕਾ ਬਦਲ ਕੇ ਭਦੌੜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹ ਸਟੇਟ ਲੇਬਰ ਯੂਨੀਅਨ ਦੇ ਪ੍ਰਧਾਨ ਵਜੋਂ ਹੇਠਲੇ ਤਬਕਿਆਂ ਦੀ ਭਲਾਈ ਲਈ ਕੰਮ ਕਰਨਾ ਜਾਰੀ ਰੱਖਣਗੇ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ੍ਰੀ ਪੰਜਗਰਾਂਈ ਲੋਕਾਂ ਦੇ ਆਗੂ ਹਨ, ਜਿਹਨਾਂ ਬਤੌਰ ਮਿਉਂਸੀਪਲ ਕੌਂਸਲਰ 1992 ਵਿਚ ਰਾਜਨੀਤੀ ਅੰਦਰ ਪੈਰ ਰੱਖਿਆ ਸੀ ਅਤੇ ਪਿਛਲੇ 30 ਸਾਲਾਂ ਤੋਂ ਸਟੇਟ ਲੇਬਰ ਯੂਨੀਅਨ ਦੀ ਅਗਵਾਈ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਉਹ ਮੌਜੂਦਾ ਸਮੇਂ ਭਦੌੜ ਦੇ ਹਲਕਾ ਇੰਚਾਰਜ ਵੀ ਹਨ। ਉਹਨਾਂ ਕਿਹਾ ਕਿ ਪੰਜਗਰਾਂਈ ਵਰਗੇ ਆਗੂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ, ਕਿਉਂਕਿ ਉਹਨਾਂ ਮਹਿਸੂਸ ਕਰ ਲਿਆ ਹੈ ਕਿ ਕਾਂਗਰਸ ਪਾਰਟੀ ਸਮਾਜ ਦੇ ਹਰ ਤਬਕੇ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ, ਉਹ ਚਾਹੇ ਕਿਸਾਨ ਹੋਣ, ਨੌਜਵਾਨ ਹੋਣ, ਦਲਿਤ ਹੋਣ, ਵਪਾਰੀ ਹੋਣ ਜਾਂ ਸਰਕਾਰੀ ਕਰਮਚਾਰੀ ਹੋਣ। ਜਿਸ ਕਰਕੇ ਕਾਂਗਰਸੀ ਆਗੂ ਹੁਣ ਦੁਬਾਰਾ ਵੋਟਾਂ ਮੰਗਣ ਵਾਸਤੇ ਲੋਕਾਂ ਦੇ ਮੱਥੇ ਲੱਗਣ ਜੋਗੇ ਨਹੀਂ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਮਨਤਾਰ ਸਿੰਘ ਬਰਾੜ, ਸਰਦਾਰ ਪਰਮਬੰਸ ਸਿੰਘ ਰੋਮਾਣਾ ਅਤੇ ਸਰਦਾਰ ਸੂਬਾ ਸਿੰਘ ਬਾਦਲ ਵੀ ਹਾਜ਼ਿਰ ਸਨ।