ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਲਈ ਸਿਟ ਦਾ ਪੁਰਾਣਾ ਆਈਜੀ ਅਸਲੀ ਜ਼ਿੰਦਗੀ ਵਾਲਾ ਮੋਗੈਂਬੋ ਹੈ, ਜੋ ਅਕਾਲੀ ਦਲ ਨੂੰ ਫਸਾ ਸਕਦਾ ਹੈ
ਪੁੱਛਿਆ ਕਿ ਕਾਂਗਰਸ ਸਰਕਾਰ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਵਾਲੀ ਸੁਤੰਤਰ ਜਾਂਚ ਤੋਂ ਕਿਉਂ ਭੱਜ ਰਹੀ ਹੈ?
ਚੰਡੀਗੜ੍ਹ/03 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇਕਰ ਉਸ ਦਾ ਪੰਜਾਬ ਦੀ ਸਮੁੱਚੀ ਪੁਲਿਸ ਫੋਰਸ ਤੋਂ ਭਰੋਸਾ ਉੱਠ ਚੁੱਕਿਆ ਹੈ ਤਾਂ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਕਾਰਵਾਈ ਦੀ ਜਾਂਚ ਕਰ ਰਹੀ ਸਿਟ ਦੇ ਏਡੀਜੀਪੀ ਅਤੇ ਬਾਕੀ ਟੀਮ ਮੈਂਬਰਾਂ ਦੀ ਛੁੱਟੀ ਕਰੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸੰਕੇਤ ਦੇ ਚੁੱਕਿਆ ਹੈ ਕਿ ਉਸ ਨੂੰ ਸਿਟ ਦੀ ਅਗਵਾਈ ਕਰਨ ਵਾਲੇ ਏਡੀਜੀਪੀ ਪੱਧਰ ਦੇ ਅਧਿਕਾਰੀ ਜਾਂ ਬਾਕੀ ਟੀਮ ਮੈਂਬਰਾਂ ਉੱਤੇ ਕੋਈ ਭਰੋਸਾ ਨਹੀਂ ਹੈ। ਜਦਕਿ ਇਹਨਾਂ ਸਾਰਿਆਂ ਦੀ ਉਸ ਨੇ ਖੁਦ ਚੋਣ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਸਿਰਫ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸਾਬਕਾ ਸਿਟ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ , ਜਿਸ ਨੂੰ ਚੋਣ ਕਮਿਸ਼ਨ ਵੱਲੋਂ ਜਾਂਚ ਦੇ ਕੰਮ ਤੋਂ ਲਾਂਭੇ ਕੀਤਾ ਜਾ ਚੁੱਕਿਆ ਹੈ, ਨੂੰ ਚੋਣਾਂ ਤੋਂ ਬਾਅਦ ਦੁਬਾਰਾ ਸਿਟ ਟੀਮ ਵਿਚ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਸਿਰਫ ਆਈਜੀ ਦੇ ਕੰਮ ਤੋਂ ਹੀ ਖੁਸ਼ ਹੈ, ਉਹ ਕਾਂਗਰਸ ਪਾਰਟੀ ਦੇ ਇਸ਼ਾਰਿਆਂ ਉੱਤੇ ਨੱਚਦਾ ਆ ਰਿਹਾ ਹੈ। ਸਮਝਿਆ ਜਾ ਸਕਦਾ ਹੈ ਕਿ ਬਾਕੀ ਚੇਅਰਮੈਨ ਸਮੇਤ ਬਾਕੀ ਸਿਟ ਮੈਬਰਾਂ ਕੋਲੋਂ ਮੁੱਖ ਮੰਤਰੀ ਨੂੰ ਬਹੁਤੀ ਉਮੀਦ ਨਹੀਂ ਹੈ। ਇੰਝ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਲਈ ਆਈਜੀ ਅਸਲੀ ਜ਼ਿੰਦਗੀ ਵਾਲਾ ਮੰਗੈਂਬੋ ਹੈ ਅਤੇ ਉਹ ਮਹਿਸੂਸ ਕਰਦਾ ਹੈ ਕਿ ਆਈਜੀ ਹੀ ਅਕਾਲੀ ਦਲ ਨੂੰ ਫਸਾ ਸਕਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਸਿਆਸੀ ਤੌਰ ਤੇ ਪ੍ਰੇਰਿਤ ਅਤੇ ਬਦਲੇਖੋਰੀ ਵਾਲੀ ਜਾਂਚ ਨੂੰ ਆਰਜ਼ੀ ਤੌਰ ਤੇ ਰੋਕੇ ਜਾਣ ਉੱਤੇ ਮੁੱਖ ਮੰਤਰੀ ਨੂੰ ਹੋਈ ਪਰੇਸ਼ਾਨੀ ਨੂੰ ਉਹ ਸਮਝ ਸਕਦੇ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਉਸ ਅਧਿਕਾਰੀ ਨੂੰ ਮੁੜ ਜਾਂਚ ਉਤੇ ਲਾਉਣ ਲਈ ਆਜ਼ਾਦ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸੱਚ ਦੇ ਨਾਲ ਖੜ੍ਹਾ ਹੈ ਅਤੇ ਉਹ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਅੱਗੇ ਝੁਕੇਗਾ ਨਹੀਂ। ਉਹਨਾਂ ਕਿਹਾ ਕਿ ਤੁਹਾਨੂੰ ਕਿਸੇ ਤੋਂ ਵੀ ਪੁਲਿਸ ਕਾਰਵਾਈ ਦੀ ਜਾਂਚ ਕਰਵਾਉਣ ਦੀ ਖੁੱਲ੍ਹ ਹੈ। ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਅਸੀਂ ਨਾਲ ਨਾਲ ਤੁਹਾਨੂੰ ਅਤੇ ਤੁਹਾਡੀ ਸਰਕਾਰ ਦੀ ਵੀ ਪੋਲ੍ਹ ਖੋਲਾਂਗੇ ਜਿਹੜੀ ਕਿ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਇੱਕ ਸੁਤੰਤਰ ਜਾਂਚ ਏਜੰਸੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਹੁਕਮ ਦੇਣ ਤੋਂ ਡਰਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਿਸੇ ਦਾ ਵੀ ਨਾਂ ਉਛਾਲਣ ਦਾ ਤਮਾਸ਼ਾ ਕਰਨ ਦੀ ਬਜਾਇ ਮੁੱਖ ਮੰਤਰੀ ਨੂੰ ਵੋਟਰਾਂ ਨੂੰ ਆਪਣੇ ਦੋ ਸਾਲਾਂ ਦਾ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਾਕਾਮੀਆਂ ਨੂੰ ਅਜਿਹੀਆਂ ਵੰਡ-ਪਾਊ ਹਥਕੰਡਿਆਂ ਪਿੱਛੇ ਲੁਕੋਣ ਦੀ ਕਿਉਂ ਕੋਸ਼ਿਸ਼ ਕਰ ਰਿਹਾ ਹੈ? ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਆਪਣਾ ਰਿਪੋਰਟ ਕਾਰਡ ਪੇਸ਼ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਉਹਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੀ ਪਵਿੱਤਰ ਸਹੁੰ ਖਾ ਕੇ ਕਿਉਂ ਮੁਕਰ ਗਿਆ। ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਘਰ ਘਰ ਨੌਕਰੀ ਸਕੀਮ ਨੂੰ ਲਾਗੂ ਕਰਨ ਤੋਂ ਇਨਕਾਰ ਕਰਕੇ ਨੌਜਵਾਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ? ਉਸ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਸ ਨੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਕਿਉਂ ਨਹੀ ਦਿੱਤੇ ਅਤੇ 12 ਲੱਖ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਕਿਉਂ ਨਹੀਂ ਦਿੱਤੀਆਂ? ਇਹ ਪੰਜਾਬ ਦੇ ਮੁੱਦੇ ਹਨ।